ਪੰਜਾਬੀ ਕਵਿਤਾਵਾਂ

Punjabi Poetry, Punjabi Letreture

ਪੰਜਾਬ ਦਾ ਭਵਿੱਖ

ਸੱਚ ਜਾਵੇ ਹਾਰ ਝੂਠ ਜਿੱਤ ਦੋਸਤੋ
ਸਾਡੇ ਇਹ ਪੰਜਾਬ ਦਾ ਭਵਿੱਖ ਦੋਸਤੋ
ਟੈਂਕੀਆਂ ‘ਤੇ ਚੜ੍ਹੇ ਹੋਏ ਲੋਕ ਰੁਜ਼ਗਾਰ ਲਈ
ਬੜੇ ਸਮੇਂ ਬਾਅਦ ਵੀ ਨਾ ਕਿਸੇ ਸਾਰ ਲਈ
ਨਾ ਰਾਜਨੀਤੀ ਹੋਈ ਕਦੇ ਮਿੱਤ ਦੋਸਤੋ
ਸਾਡੇ ਇਹ…

ਸਾਡੀਆਂ ਵੋਟਾਂ ‘ਤੇ ਬਣ ਸਾਨੂੰ ਹੀ ਨੇ ਮਾਰਦੇ
ਜੇ ਲੈਕੇ ਫਰਿਆਦ ਜਾਈਏ, ਦੂਰੋਂ ਦੁਰਕਾਰਦੇ
ਆਮ ਬੰਦੇ ਨੂੰ ਤਾਂ ਜਾਣਦੇ ਨੇ ਟਿੱਚ ਦੋਸਤੋ
ਸਾਡੇ ਇਹ……

ਪੈਸਿਆਂ ਦੇ ਛਕਲੇ ਬਸ ਚਾੜ੍ਹੋਂ ਸਰਕਾਰਾਂ ਨੂੰ
ਇੱਥੇ ਲੜਕੇ ਵੀ ਹੱਕ ਨਾ ਮਿਲਣ ਹੱਕਦਾਰਾਂ ਨੂੰ
ਉੱਗ ਪੈਂਦਾ ਘਾਹ ਚੁੱਲ੍ਹੇ, ਵਿੱਚ ਦੋਸਤੋ
ਸਾਡੇ ਇਹ…….

ਭਾਸ਼ਣਾਂ ‘ਚ ਬੋਲਦੇ ਨਾ ਕੋਈ ਬਰਬਾਦੀ ਐ
ਹਰ ਤੀਜਾ ਬੰਦਾ ਨਸ਼ਿਆਂ ਦਾ ਆਦੀ ਐ
ਮੌਤ ਕੋਲੋਂ ਫਾਸਲਾ ਹੈ ਵਿੱਥ ਦੋਸਤੋ
ਸਾਡੇ ਇਹ…..

ਰਾਜਨੀਤੀ ਸਾਨੂੰ ਧਰਮ ਦੇ ਦੰਗਿਆਂ ‘ਚ ਟੰਗਦੀ
ਕਦੇ ਇਹ ਭੋਲੀ ਜਨਤਾ ਜੰਗ ਨਹੀਂ ਮੰਗਦੀ
ਹੁੰਦਾ ਸਿਆਸਤ ਦਾ ਆਪਣਾ ਹੀ ਹਿੱਤ ਦੋਸਤੋ
ਸਾਡੇ ਇਹ…..

ਸ.ਸ ਕਾਤਿਲ 
ਤਲਵਾੜਾ (ਫਤਿਆਬਾਦ)

ਪੱਥਰ

ਲੱਭਦੀ ਹਾਂ ਕੋਈ ਨਿਵੇਕਲੀ ਜਿਹੀ ਥਾਂ
ਤੇਰੀਆਂ ਯਾਦਾਂ ਤੋਂ ਪਰੇ,
ਚਾਹੁੰਦੀ ਹਾਂ ਇੱਕ ਕਵਿਤਾ ਲਿਖਣੀ,

ਤੇ ਲੋਚਦੀ ਹਾਂ ਇੱਕ ਕਵਿਤਾ ਬਣਾਂ,
ਪਰ ਤੂੰ ਮੇਰੇ ਮੂਹਰੇ ਆਣ ਖੜ੍ਹ ਜਾਵੇਂ,
ਇੱਕ ਪੱਥਰ ਬਣਕੇ,
ਇਹ ਉਹ ਪੱਥਰ ਜਿਸ ਰਾਹ ਜਾਂਦਿਆਂ,

ਕਿੰਨਿਆਂ ਦੇ ਪੈਰਾਂ ਨੂੰ ਕੀਤਾ ਹੋਣਾ ਜ਼ਖ਼ਮੀ,
ਤੇ ਕਿੰਨਿਆਂ ਨੂੰ ਇਸਦੀ ਠ੍ਹੋਕਰ ਨਾਲ

ਸਹਿਣੀ ਪਈ ਹੋਊ ਜ਼ਖਮਾਂ ਦੀ ਪੀੜ,
ਪਤਾ ਨਹੀਂ ਕਿੰਨਿਆਂ ਕੁ ਦੇ
ਰਾਹਾਂ ਦਾ ਬਣਿਆ ਹੋਊ ਇਹ ਰੋੜਾ,
ਇਹ ਉਹ ਪੱਥਰ ਜੋ ਸਿਰ ਵਿੱਚ ਵੱਜਦਾ,
ਤਾਂ ਜਾਨ ਵੀ ਲੈਂਦਾ,

ਤੇ ਇਹ ਉਹ ਪੱਥਰ, ਪਤਾ ਨ੍ਹੀਂ ਕਿੰਨਿਆਂ ਕੁ
ਦਿਲਾਂ ‘ਤੇ ਵਰ੍ਹਦੇ ਨੇ,
ਇੰਨ੍ਹਾ ‘ਤੇ ਕੋਈ ਅਸਰ ਨਹੀਂ ਹੁੰਦਾ,
ਕਿਸੇ ਦੇ ਮੋਹ ਭਿੱਜੇ ਬੋਲਾਂ ਦਾ,

ਕਿਸੇ ਦੀਆਂ ਸਿਸਕੀਆਂ ਦਾ,
ਤੇ ਕਿਸੇ ਦੀਆਂ ਆਹਾਂ ਦਾ,

ਅੱਜ ਮੇਰੇ ਮੂਹਰੇ ਆ ਖੜ੍ਹਾ ਹੋਇਆ ਇਹ ਪੱਥਰ
ਕਦੇ ਭਿੱਜਦਾ ਹੀ ਨਹੀਂ,
ਮੇਰੇ ਹੰਝੂਆਂ ਦੀ ਬਾਰਸ਼ ਵਿੱਚ,
ਕਦੇ ਖੁਰਦਾ ਹੀ ਨਹੀਂ,
ਮੇਰੇ ਹੰਝੂਆਂ ਦੇ ਵਹਿਣ ‘ਚ,

ਬੱਸ ਬਣ ਜਾਂਦਾ ਮੇਰੀ ਕਵਿਤਾ,
ਜੋ ਮੈਂ ਬਣਨਾ ਲੋਚਦੀ ਸੀ,
ਰਹਿ ਜਾਂਦੀ ਹਾਂ ਹਰ ਵਾਰ ਅਧੂਰੀ,
ਪਤਾ ਨਹੀਂ ਕਦੋਂ ਹਟੇਗਾ,

ਇਹ ਮੇਰੇ ਰਸਤੇ ‘ਚੋਂ ਪੱਥਰ,
ਤੇ ਬਣਾਂਗੀ ਮੈਂ ਵੀ ਇੱਕ ਸੰਪੂਰਨ ਕਵਿਤਾ

ਡਾ. ਸੁਖਵੀਰ ਕੌਰ ਸਰਾਂ, ਬਠਿੰਡਾ।
ਮੋ. 88728-24963

ਛੇਤੀ ਘਰ ਆ

ਛੇਤੀ ਘਰ ਆ ਪੁੱਤਰਾ
ਬੈਠੀ ਬੂਹੇ ‘ਤੇ ਉਡੀਕਾਂ,
ਪਾਂਵਾਂ ਕੰਧਾਂ ‘ਤੇ ਉਲੀਕਾਂ

ਮੁੱਕ ਹੀ ਨਾ ਜਾਣ ਕਿਤੇ ਸਾਹ ਪੁੱਤਰਾ
ਕਰ ਲਈਆਂ ਬੜੀਆਂ ਕਮਾਈਆਂ ਹੁਣ ਉੱਥੇ,
ਛੇਤੀ ਮੁੜ ਵਤਨਾਂ ਨੂੰ ਆ ਪੁੱਤਰਾ….

ਬੁੱਢਾ ਬਾਪੂ ਨਿੱਤ ਬੈਠ ਅੱਥਰੂ ਵਹਾਉੁਂਦਾ,
ਕਰਜ਼ੇ ਦਾ ਬੋਝ ਉਹਨੂੰ ਬੜਾ ਹੀ ਸਤਾਉੁਂਦਾ,
ਆ ਕੇ ਘੁੱਟ ਉਹਨੂੰ ਸੀਨੇ ਨਾਲ ਲਾ ਪੁੱਤਰਾ
ਕਰ ਲਈਆਂ ਬੜੀਆਂ ਕਮਾਈਆਂ ਉੱਥੇ ਜਾ ਕੇ…

ਲੁਕ-ਛਿਪ ਕੋਠੇ ਉੱਤੇ ਭੈਣ ਤੇਰੀ ਰੋਵੇ,
ਮੇਰੇ ਕੋਲੋਂ ਆਪਣੇ ਉਹ ਹੰਝੂ ਵੀ ਲੁਕੋਵੇ,
ਰੀਝ ਉਹਦੇ ਦਿਲ ਦੀ ਪੁਗਾ ਪੁੱਤਰਾ
ਕਰ ਲਈਆਂ ਬੜੀਆਂ ਕਮਾਈਆਂ ਉੱਥੇ ਜਾ ਕੇ…

ਨਿੱਕਾ ਵੀਰ ਸਦਾ ਤੇਰੀ ਰਾਹ ਪਿਆ ਤੱਕੇ,
ਲਿਖਦਾ ਉਹ ਖਤ ਤੈਨੂੰ ਕਦੇ ਵੀ ਨਾ ਅੱਕੇ,
‘ਸੁੱਖੀ’ ਆ ਕੇ ਉਹਨੂੰ ਜ਼ਲਦੀ ਮਨਾ ਪੁੱਤਰਾ
ਕਰ ਲਈਆਂ ਬੜੀਆਂ ਕਮਾਈਆਂ ਉੱਥੇ ਜਾ ਕੇ…

ਸੁਖਵੰਤ ਕੌਰ ਸੁੱਖੀ,
ਭਾਦਲਾ (ਲੁਧਿਆਣਾ) 

ਤੇਰਾ ਹੀ ਸਹਾਰਾ

ਤੂੰ ਬਖਸ਼ਣਹਾਰ ਸੁਣੀਂਦਾ, ਤੇਰਾ ਰੰਗ ਨਿਆਰਾ,
ਮੇਰੀ ਡੁੱਬਦੀ ਬੇੜੀ ਨੂੰ ਮਾਲਕਾ ਤੇਰਾ ਹੀ ਸਹਾਰਾ
ਮੈਂ ਪਾਪੀ ਕੁਫ਼ਰ ਤੋਲਦਾ, ਤੂੰ ਸਦਾ ਹੀ ਸੱਚ ਸੁਣਾਵੇਂ,
ਮੇਰੇ ਵਿਚ ਮੇਰੀ ਮੈਂ ਬੋਲਦੀ, ਤੂੰ ਮੈਂ ਨੂੰ ਮਨੋ ਮਿਟਾਵੇਂ
ਐਬ ਮੇਰੇ ਵਿਚ ਲੱਖਾਂ ਮਨ, ਤਾਹੀਓਂ ਤਾਂ ਦੁਖਿਆਰਾ…

ਲਾਲਚ ਦੇ ਵੱਸ ਪੈ ਕੇ ਮਨ, ਕਰਦਾ ਏ ਮਨਆਈਆਂ,
ਮੌਤ ਵੈਰਨ ਨੂੰ ਮਨੋ ਭੁਲਾ ਕੇ, ਕਰਦਾ ਬੇਪਰਵਾਹੀਆਂ
ਤਾਹੀਓਂ ਦਿਲ ਨੂੰ ਚੈਨ ਕਿਤੇ ਨਹੀਂ, ਰਹਿੰਦਾ ਭਾਰਾ-ਭਾਰਾ…

ਖਾਲੀ ਆਏ ਸੀ ਖਾਲੀ ਜਾਣਾ, ਸਭ ਕੁਝ ਏਥੇ ਹੀ ਰਹਿਣਾ,
‘ਜੀਤ ਸਿਹਾਂ’ ਉਏ ਨਿਉਂਕੇ ਮੰਨ ਲੈ, ਸਤਿਗੁਰਾਂ ਦਾ ਕਹਿਣਾ
ਪਿੰਡ ਉੱਡਤਾਂ ਵਿਚ ਹੋਣਾ ਨਹੀਓਂ, ਏਦਾਂ ਤਾਂ ਗੁਜ਼ਾਰਾ…

ਜੀਤ ਹਰਜੀਤ,
ਪ੍ਰੀਤ ਨਗਰ, ਹਰੇੜੀ ਰੋਡ (ਸੰਗਰੂਰ)
ਮੋ. 97816-77772

ਲਹਿੰਦਾ ਤੇ ਚੜ੍ਹਦਾ

ਰੁੱਤਾਂ ਰੰਗਲੀਆਂ ਨੀ ਮਾਏ ਕਿੱਥੇ ਗਈਆਂ ਜੋ ਮੁੜੀਆਂ ਨਾ,
ਤਾਰਾਂ ਚੜ੍ਹਦੇ ਤੇ ਲਹਿੰਦੇ ਦੀਆਂ ਮਾਏ ਫੇਰ ਦੁਬਾਰਾ ਜੁੜੀਆਂ ਨਾ

ਹਵਾ ਦੇ ਆਉਂਦੇ ਜਾਂਦੇ ਬੁੱਲੇ ਇੱਕ ਗੱਲ ਪੁੱਛਦੇ ਨੇ ਪਾਣੀਆਂ ਨੂੰ,
ਕਿੰਨਾ ਕੁ ਤੁਸੀਂ ਚੇਤੇ ਕਰਦੇ ਓਂ ਲਹਿੰਦੇ ਵੱਲ ਵਹਿੰਦੇ ਹਾਣੀਆਂ ਨੂੰ

ਉਹ ਬਾਬੇ ਨਾਨਕ ਨੂੰ ਲੈਗੇ ਤੇ ਤੁਸੀਂ ਸ਼ੇਖ ਫਰੀਦ ਨੂੰ ਰੱਖ ਲਿਆ,
ਕਿਸ ਇਹ ਵੰਡ ਕਰਵਾਈ ਕਿਸ ਉਜੜਨ ਦਾ ਸੀ ਪੱਖ ਲਿਆ

ਇੱਕ ਬੇਬੇ ਮੇਰੀ ਜਾਣੀ ਜਾਣ ਐ ਸੌ ਕੁ ਵਰ੍ਹਿਆਂ ਤੋਂ ਉੱਪਰ ਦੀ,
ਉਹ ਜਦ ਚੇਤੇ ਕਰੇ ਉਜਾੜੇ ਨੂੰ ਉਹਦੇ ਨੈਣੋਂ ਇੱਕ ਨਦੀ ਉੱਤਰਦੀ
ਉਹ ਵਾਜਾਂ ਮਾਰ ਬੁਲਾਉਂਦੀ ਆ ਲਹਿੰਦੇ ਪਾਸੇ ਰਹਿ ਗਿਆਂ ਨੂੰ,

ਉਹ ਜਵਾਬ ਦੇਣ ਲਈ ਕਹਿੰਦੀ ਆ ਚੁੱਪ ਕਰਕੇ ਬਹਿ ਗਿਆਂ ਨੂੰ
ਉਹਨੂੰ ਵੀਰੇ ਚੇਤੇ ਆਉਂਦੇ ਨੇ ਜੋ ਮੁਸਲੇ ਮੁਸਲੇ ਕਹਿ ਮਾਰ ਸਿੱਟੇ,
ਉਹਨੇ ਸਭ ਰਿਸ਼ਤੇ ਗੁਆ ਲਏ ਨੇ ਹੁਣ ਕਿਸ-ਕਿਸ ਨੂੰ ਰੋਵੇ ਪਿੱਟੇ
ਉਹ ਰੋਂਦੀ ਹਾਉਂਕੇ ਭਰਦੀ ਆ ਜਦ ਉਹਨੂੰ ਮਾਪੇ ਚੇਤੇ ਆਉਂਦੇ ਨੇ,

ਜੋ ਨਿੱਤ ਖੁਆਬਾਂ ਵਿੱਚ ਆ ਕੇ ਉਹਨੂੰ ਰੋਣੋਂ ਚੁੱਪ ਕਰਵਾਉਂਦੇ ਨੇ
ਉਹ ਕੱਲੀ ਬਹਿ ਚੇਤੇ ਕਰਦੀ ਆ ਉਸ ਵਿੱਛੜੇ ਰੂਹ ਦੇ ਹਾਣੀ ਨੂੰ,
ਉਹ ਨਿੱਤ ਤੜਕੇ ਉੱਠ ਚੁੰਮਦੀ ਆ ਉਹਦੀ ਦਿੱਤੀ ਖਾਸ ਨਿਸ਼ਾਨੀ ਨੂੰ

ਫਿਰ ਟੁੱਟੀ ਐਨਕ ਅੱਖੋਂ ਲਾਹ ਕੇ  ਬੇਬੇ ਹੰਝੂ ਪੂੰਝ ਕੇ ਕਹਿੰਦੀ ,
ਇੱਥੇ ਖੌਰੇ ਕਿੰਨੀਆਂ ਨੇ ਰੋਂਦੀਆਂ ਮੈਂ ਇਕੱਲੀ ਨੀ ਰੋਂਦੀ ਰਹਿੰਦੀ
ਚੜ੍ਹਦੇ ਲਹਿੰਦੇ ਦੋਵਾਂ ਦੀ ਬੇਬੇ ਨਿੱਤ ਝੋਲ਼ੀ ਅੱਡ ਸੁੱਖ ਮੰਗਦੀ ਆਂ,
‘ਮੈਂ’ ਮਹਿਸੂਸ ਕਰਾਂ ਉਜਾੜੇ ਨੂੰ ਜਦ ਬੇਬੇ ਦੀ ਗਲ਼ੀ ‘ਚੋਂ ਲੰਘਦੀ ਆਂ

ਵੀਰਇੰਦਰ ਕੌਰ
ਲੁਧਿਆਣਾ

ਸੱਚੀਆਂ ਗੱਲਾਂ

ਗਰੀਬ ਦੇ ਨਾਲ ਡਟ ਕੇ ਖੜ੍ਹੀਏ,
ਮਾੜੇ ਕੋਲੋਂ ਹਟ ਕੇ ਖੜ੍ਹੀਏ।
ਪਖੰਡੀ ਦੇ ਨਾ ਜਾਲ ‘ਚ ਫਸੀਏ,
ਮੰਗਤੇ ਨੂੰ ਨਾ ਦੇਖ ਕੇ ਹੱਸੀਏ।

ਲੋੜ ਤੋਂ ਵਧ ਕੇ ਕਦੇ ਨਾ ਖਾਈਏ,
ਪੱਕੀ ਵੇਖ ਨਾ ਕੱਚੀ ਢਾਹੀਏ।

ਗਿਆਨ ਹੋਵੇ ਤਾਂ ਸਭ ਨੂੰ ਵੰਡੀਏ,
ਯਾਰੀ ਤੋੜ ਨਾ ਯਾਰ ਨੂੰ ਭੰਡੀਏ।

ਵੱਡਿਆਂ ਨਾਲ ਨਾ ਬਹੁਤਾ ਖੁੱਲ੍ਹੀਏ,
ਮਾੜਾ ਵੇਲਾ ਕਦੇ ਨਾ ਭੁੱਲੀਏ।

ਕਬੀਲਦਾਰੀ ਵਿੱਚ ਜਾਣਾ ਪੈਂਦੈ,
ਜਿੱਥੇ ਲਿਖਿਆ ਖਾਣਾ ਪੈਂਦੈ।

ਲੱਕੀ ਚਾਵਲਾ, ਸ੍ਰੀ ਮੁਕਤਸਰ ਸਾਹਿਬ। 
ਮੋ. 82888-58745

ਡੰਡਾ

ਵਿਗੜਿਆਂ-ਤਿਗੜਿਆਂ ਕਹਿੰਦੇ ਨੇ ਪੀਰ ਡੰਡਾ,
ਦਿੰਦਾ ਕੌਮਾਂ ਦੀ ਬਦਲ ਤਕਦੀਰ ਡੰਡਾ।
ਉੱਠਦਾ ਜਦ ਇਹ ਜ਼ੁਲਮ ਦੀ ਹੱਦ ਟੱਪੇ,
ਖਿੱਚੇ ਜ਼ਾਲਮਾਂ ਲਈ ਸਦਾ ਲਕੀਰ ਡੰਡਾ।

ਡੰਡਾ ਆਸ ਹੈ ਡਿੱਗਦਿਆਂ-ਢਹਿੰਦਿਆਂ ਲਈ,
ਟੁੱਟੇ ਹੋਇਆਂ ਨੂੰ ਬਨ੍ਹਾਉਂਦਾ ਧੀਰ ਡੰਡਾ।
ਡੰਡਾ ਕਈਆਂ ਦੀ ਡੰਡ ਉਤਾਰ ਦੇਵੇ,
ਕਈਆਂ ਦੀ ਜਗਾਵੇ ਜ਼ਮੀਰ ਡੰਡਾ।

ਡੁੱਬਦੇ ਬੇੜੇ ਵੀ ਉਦੋਂ ਨੇ ਪਾਰ ਹੁੰਦੇ,
ਚੱਪੂ ਜੇਕਰ ਬਣੇ ਅਖ਼ੀਰ ਡੰਡਾ।
ਆਖ਼ਰ ਸਭ ਦਰਵਾਜ਼ੇ ਖੋਲ੍ਹ ਦੇਵੇ,
ਚੱਲੇ ਬਣਕੇ ਜਦੋਂ ਸ਼ਮਸ਼ੀਰ ਡੰਡਾ।

ਰਾਖੀ ਗਊ ਗਰੀਬ ਦੀ ਕਰਨ ਖਾਤਰ,
ਕਿਸੇ ਭਾਲ਼ਿਆ ਹੋਣਾ ਵਜ਼ੀਰ ਡੰਡਾ।
ਕਿਤੇ ਹੱਥ ਸ਼ੈਤਾਨ ਦੇ ਆ ਜਾਵੇ,
ਭੁੱਲ ਬਹਿੰਦਾ ਏ ਸਾਰੇ ਸੀਰ ਡੰਡਾ।

ਡੰਡਾ ਇੱਕ ਤੋਂ ਡਾਰ ਬਣਾ ਦੇਵੇ,
ਵਰ੍ਹੇ ਮਜ਼ਲੂਮਾਂ ‘ਤੇ ਜਦੋਂ ਅਖ਼ੀਰ ਡੰਡਾ।

ਬਲਵਿੰਦਰ ਰਾਏ ਦੋਦਾ
ਸ੍ਰੀ ਮੁਕਤਸਰ ਸਾਹਿਬ
ਮੋ. 93573-05252

ਇੱਕ ਅਰਦਾਸ

ਮੈਂ ਸਦੀਆਂ ਤੋਂ ਭਟਕ ਰਿਹਾ ਹਾਂ,
ਅੱਧ-ਵਿਚਾਲੇ ਲਟਕ ਰਿਹਾ ਹਾਂ
ਆਪਣੇ ਨਾਮ ਦਾ ਦੇ ਸਹਾਰਾ,
ਕਰਦੇ ਮੇਰਾ ਪਾਰ ਉਤਾਰਾ

ਸਮਝਾਦੇ ਕੋਈ ਐਸੀ ਜੁਗਤੀ,
ਬੁਰੇ ਕਰਮਾਂ ਤੋਂ ਮਿਲ ਜੇ ਮੁਕਤੀ
ਲੱਖਾਂ ਜਨਮ ਮੈਂ ਇੰਝ ਗਵਾਏ,
ਦੁੱਖ ਤਕਲੀਫਾਂ ਵਿੱਚ ਬਿਤਾਏ

ਬੜੇ ਦੁੱਖਾਂ ਬਾਅਦ ਜਨਮ ਏ ਮਿਲਿਆ,
ਨਾ ਫੇਰ ਖਿਲਣਾ, ਏ ਫੁੱਲ ਜੋ ਖਿਲਿਆ
ਪਰ ਮੈਂ ਇਸ ਨੂੰ ਪਾਪਾਂ ਵਿੱਚ ਗਵਾਇਆ,

ਭੁੱਲ ਕੇ ਨਾ ਤੇਰਾ ਨਾਮ ਧਿਆਇਆ
ਮੇਰੀ ਰੂਹ ਵਿੱਚ ਗੁਣ ਨਾ ਕੋਈ,
ਤੇਰੇ ਬਿਨ ਮੇਰੀ ਸੁਣੇ ਨਾ ਕੋਈ
ਮਾੜੇ ਰਾਹਾਂ ਤੋਂ ਮੋੜ ਲੈ ਮੈਨੂੰ,

ਆਪਣੇ ਨਾਮ ਨਾਲ ਜੋੜ ਲੈ ਮੈਨੂੰ
ਹਰ ਪਲ ਫੇਰ ਤੇਰਾ ਨਾਮ ਧਿਆਵਾਂ,
ਤੇਰੀ ਰਜ਼ਾ ਵਿੱਚ ਜਸ ਤੇਰਾ ਗਾਵਾਂ

ਦਰਸ਼ਨ (ਗਿੱਲ ਦੁਤਾਲ) 
ਮੋ. 99880-32249

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।