ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਥਾਂ ਵੋਟਾਂ ਪਵਾਉਣਗੇ ਪੰਜਾਬ ਦੇ ਅਧਿਆਪਕ

Punjab ,Teachers, Vote, Students, Teaching

ਪੰਜਾਬ ਦੇ ਵੱਡੀ ਗਿਣਤੀ ਅਧਿਆਪਕਾਂ ਦੀਆਂ ਵੋਟਾਂ ‘ਚ ਲੱਗੀ ਡਿਊਟੀ

10 ਸਤੰਬਰ ਤੋਂ ਸਕੂਲਾਂ ਅੰਦਰ ਪੇਪਰ ਸ਼ੁਰੂ, ਕਈ ਸਕੂਲਾਂ ਦੇ ਦਰਜ਼ਨ ਭਰ ਤੋਂ ਵੱਧ ਅਧਿਆਪਕਾਂ ਦੀ ਡਿਊਟੀ ਲੱਗੀ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਦਕਿ ਸਕੂਲਾਂ ਅੰਦਰ 10 ਤਾਰੀਖ ਤੋਂ ਪੇਪਰ ਸ਼ੁਰੂ ਹੋ ਰਹੇ ਹਨ। ਆਲਮ ਇਹ ਹੈ ਕਿ ਕਈ ਸਕੂਲਾਂ ‘ਚੋਂ ਤਾਂ ਇਕੱਠੇ ਪੰਦਰਾਂ-ਪੰਦਰਾਂ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇੱਧਰ ਅਧਿਆਪਕ ਜਥੇਬੰਦੀਆਂ ਵੱਲੋਂ ਇਨ੍ਹਾਂ ਡਿਊਟੀਆਂ ਦਾ ਵਿਰੋਧ ਜਤਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 19 ਸਤੰਬਰ ਨੂੰ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ‘ਚੋਂ ਵੱਡੀ ਗਿਣਤੀ ਅਧਿਆਪਕਾਂ ਨੂੰ ਇਨ੍ਹਾਂ ਚੋਣਾਂ ‘ਚ ਡਿਊਟੀਆਂ ਦੇ ਆਦੇਸ਼ ਚਾੜ੍ਹ ਦਿੱਤੇ ਗਏ ਹਨ। ਜ਼ਿਲ੍ਹਾ ਪਟਿਆਲਾ ਅੰਦਰ ਹੀ ਵੱਡੀ ਗਿਣਤੀ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਪਿਛਲੇ ਸਮਿਆਂ ਦੌਰਾਨ ਅਧਿਆਪਕ ਜਥੇਬੰਦੀਆਂ ਤੇ ਬੁੱਧੀਜੀਵੀਆਂ ਵੱਲੋਂ ਇਸ ਗੱਲ ਦਾ ਵਿਰੋਧ ਪ੍ਰਗਟਾਇਆ ਗਿਆ ਸੀ ਕਿ ਅਧਿਆਪਕਾਂ ਕੋਲੋਂ ਅਜਿਹੇ ਕੰਮ ਨਾ ਕਰਵਾਏ ਜਾਣ, ਜਿਸ ਨਾਲ ਵਿਦਿਆਥੀਆਂ ਦੀ ਪੜ੍ਹਾਈ ‘ਚ ਵਿਘਨ ਪਵੇ।

ਸਰਕਾਰ ਵੱਲੋਂ ਇਸ ਵਿਰੋਧ ਨੂੰ ਦਰਨਿਕਾਰ ਕਰਦਿਆਂ ਇਨ੍ਹਾਂ ਚੋਣਾਂ ਨੂੰ ਅਧਿਆਪਕਾਂ ਸਿਰ ‘ਤੇ ਹੀ ਸਿਰੇ ਚੜ੍ਹਾਉਣ ਦਾ ਤਹੱਈਆ ਕੀਤਾ ਗਿਆ ਹੈ। ਇੱਕ ਅਧਿਆਪਕ ਨੇ ਦੱਸਿਆ ਕਿ 10 ਤਾਰੀਖ ਤੋਂ ਸਕੂਲਾਂ ਅੰਦਰ ਪੇਪਰ ਸ਼ੁਰੂ ਹੋ ਰਹੇ ਹਨ, ਜਦਕਿ ਜਿਹੜੇ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ, ਉਨ੍ਹਾਂ ਨੂੰ ਆਦੇਸ਼ ਚਾੜ੍ਹ ਦਿੱਤਾ ਗਿਆ ਹੈ ਕਿ ਉਹ 8 ਤਾਰੀਖ ਤੋਂ ਸ਼ੁਰੂ ਹੋ ਰਹੀਆਂ ਰਿਹਸਲਾਂ ਵਿੱਚ ਪੁੱਜਣ। ਪਟਿਆਲਾ ਜ਼ਿਲ੍ਹੇ ਦੇ ਕੁਰਹਾਲੀ ਸਾਹਿਬ ਦੇ ਸਰਕਾਰੀ ਸਕੂਲ ਵਿੱਚ ਕੁੱਲ 24 ਅਧਿਆਪਕ ਹਨ, ਜਿਨ੍ਹਾਂ ‘ਚੋਂ 16 ਅਧਿਆਪਕਾਂ ਦੀ ਚੋਣਾਂ ਵਿੱਚ ਡਿਊਟੀ ਲਾ ਦਿੱਤੀ ਗਈ ਹੈ।

ਹੋਰ ਤਾਂ ਹੋਰ ਇੱਥੋਂ 2 ਅਧਿਆਪਕ ਬੀਐੱਲਓ ਵਜੋਂ ਵੀ ਡਿਊਟੀ ਨਿਭਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਕਈ ਹੋਰ ਅਜਿਹੇ ਸਕੂਲ ਹਨ ਜਿੱਥੋਂ ਕਿ ਵੱਡੀ ਗਿਣਤੀ ਅਧਿਆਪਕ ਸਰਕਾਰ ਦੇ ਹੁਕਮਾਂ ਤੇ ਬੱਚਿਆਂ ਦੇ ਪੇਪਰਾਂ ਨੂੰ ਤਿਲਾਂਜਲੀ ਦਿੰਦੇ ਹੋਏ ਸਿਆਸੀ ਨੁਮਾਇੰਦਿਆਂ ਦੀ ਚੋਣ ਕਰਵਾਉਣ ‘ਚ ਯੋਗਦਾਨ ਦੇਣਗੇ। ਇੱਧਰ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਨੂੰ ਸਰਕਾਰ ਦੇ ਅਜਿਹੇ ਕੰਮਾਂ ਤੋਂ ਤਾਂ ਵਿਹਲ ਮਿਲਦੀ ਨਹੀਂ ਫਿਰ ਅਧਿਆਪਕ ਬੱਚਿਆਂ ਨੂੰ ਪੜ੍ਹਾਈ ਕਿਹੜੇ ਸਮੇਂ ‘ਚ ਕਰਵਾਉਣ।

ਅਧਿਆਪਕਾਂ ਤੋਂ ਲਏ ਜਾਣ ਵਾਲੇ ਗੈਰ ਮਿਆਰੀ ਕੰਮ ਬੰਦ ਹੋਣ

ਲਾਇਰਜ਼ ਐਸੋਸੀਏਸ਼ਨ ਦੇ ਆਗੂ ਐਡਵੋਕੇਟ ਰਾਜੀਵ ਲੋਹਟਬੱਧੀ ਦਾ ਕਹਿਣਾ ਹੈ ਕਿ ਵੋਟਾਂ ਵਿੱਚ ਅਧਿਆਪਕਾਂ ਦੀ ਡਿਊਟੀ ਲਾਉਣੀ ਕਿੱਧਰੇ ਵੀ ਜਾਇਜ਼ ਨਹੀਂ, ਉਹ ਵੀ ਉਸ ਵਕਤ ਜਦੋਂ ਵਿਦਿਆਰਥੀਆਂ ਦੇ ਪੇਪਰਾਂ ਦੇ ਦਿਨ ਹੋਣ। ਉਨ੍ਹਾਂ ਕਿਹਾ ਕਿ ਹਰ ਚੋਣ ਪਿੜ ਵਿੱਚ ਸਰਕਾਰ ਅਧਿਆਪਕਾਂ ਨੂੰ ਅੱਗੇ ਕਰ ਦਿੰਦੀ ਹੈ, ਜਦਕਿ ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਨਾ ਕਿ ਵੋਟਾਂ ਪਵਾਉਣਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।