ਪੰਜਾਬ ਦੇ ਹਸਪਤਾਲਾਂ ‘ਚ ਅੱਜ ਤੋਂ ਮਿਲੇਗਾ ਮੁਫ਼ਤ ਖੂਨ, ਪਹਿਲਾਂ ਦੇਣੀ ਪੈਂਦੀ ਸੀ ਫੀਸ

Punjab, hospitals, free, blood, available, pre-paid fees
 ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ ਐਲਾਨ 
 ਸਰਕਾਰੀ ਹਸਪਤਾਲਾਂ ਵਿੱਚ 1 ਜਨਵਰੀ ਤੋਂ ਮਿਲੇਗੀ ਸਹੂਲਤ : ਬ੍ਰਹਮ ਮਹਿੰਦਰਾ
ਚੰਡੀਗੜ੍ਹ, ਦਾਨ ਕੀਤਾ ਹੋਇਆ ਖੂਨ ਹੁਣ ਅੱਜ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਪੈਸੇ ਦੇ ਕੇ ਮਿਲਣ ਦੀ ਬਜਾਇ ਮੁਫ਼ਤ ਮਿਲੇਗਾ ਜਿਸ ਨਾਲ ਉਨ੍ਹਾਂ ਗਰੀਬ ਅਤੇ ਜ਼ਰੂਰਤਮੰਦ ਪੀੜਤਾਂ ਨੂੰ ਫਾਇਦਾ ਮਿਲੇਗਾ ਜਿਹੜੇ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ਼ ਕਰਵਾਉਣ ਲਈ ਤਾਂ ਪੁੱਜਦੇ ਸਨ ਪਰ ਖੂਨ ਦੀ ਜਰੂਰਤ ਪੈਣ ‘ਤੇ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਾਂਗ ਖੂਨ ਲੈਣ ਲਈ ਮੋਟੀ ਫੀਸ ਦੇਣੀ ਪੈਂਦੀ ਸੀ। ਹਾਲਾਂਕਿ ਇਸ ਮੋਟੀ ਫੀਸ ਦੇਣ ਦੇ ਬਾਵਜੂਦ ਮਰੀਜ਼ਾਂ ਨੂੰ ਖੂਨ ਲੈਣ ਤੋਂ ਬਾਅਦ ਡੋਨਰ ਵੀ ਦੇਣਾ ਪੈਂਦਾ ਸੀ ਪਰ ਹੁਣ ਇਹ ਦਿੱਕਤ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਆਏਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ‘ਤੰਦਰੁਸਤ ਪੰਜਾਬ’ ਦੇ ਹਿੱਸੇ ਵਜੋਂ ਸੂਬੇ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਬਲੱਡ ਅਤੇ ਬਲੱਡ ਕੰਪੋਨੈਂਟਸ ਮੁਫ਼ਤ ਪ੍ਰਦਾਨ ਕੀਤੇ ਜਾਣਗੇ।ਮੰਤਰੀ ਨੇ ਕਿਹਾ ਕਿ ਮੁਫ਼ਤ ਖੂਨ ਮੁਹੱਈਆ ਕਰਵਾਉਣ ਦੇ ਨਾਲ ਨਾਲ ਸਾਰੇ ਹਸਪਤਾਲਾਂ ਵਿੱਚ ਖੂਨ ਦੀ 24 ਘੰਟੇ ਉਪਲੱਬਧਤਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
ਮਹਿੰਦਰਾ ਨੇ ਕਿਹਾ ਕਿ ਇਸ ਕਦਮ ਨਾਲ ਸੂਬੇ ਭਰ ਦੇ ਉਨ੍ਹਾਂ ਹਜ਼ਾਰਾਂ ਮਰੀਜ਼ਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਨੂੰ ਸਿਵਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪ੍ਰੋਸੈਸਿੰਗ ਚਾਰਜਿਜ਼ ਵਜੋਂ ਪ੍ਰਤੀ ਯੂਨਿਟ ਬਲੱਡ ਦੇ ਕ੍ਰਮਵਾਰ 300 ਅਤੇ 500 ਰੁਪਏ ਅਦਾ ਕਰਨੇ ਪੈਂਦੇ ਸਨ।
ਉਨ੍ਹਾਂ ਕਿਹਾ, ‘ਹੁਣ ਤੋਂ  ਬਲੱਡ ਅਤੇ ਬਲੱਡ ਕੰਪੋਨੈਂਟਸ ਜਿਵੇਂ ਪੈਕਡ ਆਰ.ਬੀ.ਸੀ., ਫਰੈਸ਼ ਫਰੋਜ਼ਨ ਪਲਾਜ਼ਮਾ, ਕਰਾਇਓਪ੍ਰੈਸੀਪੀਟੇਟ, ਪਲੇਟਲੈਟਸ ਭਰਪੂਰ ਪਲਾਜ਼ਮਾ, ਪਲੇਟਲੈਟ ਕੌਨਸਨਟਰੇਟ ਆਦਿ ਮਰੀਜ਼ਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ’ ਅਤੇ ਨਾਲ ਹੀ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਅਹਿਮ ਫੈਸਲਾ ਸਮਾਜ ਦੇ ਗਰੀਬ ਅਤੇ ਪਛੜੇ ਵਰਗ ਦੀ ਭਲਾਈ ਹਿੱਤ ਲਿਆ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸੜਕੀ ਹਾਦਸਿਆਂ ਜਾਂ ਸਰਜਰੀ ਅਧੀਨ ਮਰੀਜ਼ਾਂ ਦੇ ਕੇਸ ਵਿੱਚ ਖੂਨ ਪਹਿਲੀ ਸਭ ਤੋਂ ਮਹੱਤਵਪੂਰਨ ਲੋੜ ਹੁੰਦੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਕੁੱਲ 116 ਬਲੱਡ ਬੈਂਕ ਹਨ ਜਿਨ੍ਹਾਂ ਵਿੱਚੋਂ 46 ਸਰਕਾਰ ਦੁਆਰਾ, 6 ਮਿਲਟਰੀ ਦੁਆਰਾ ਅਤੇ 64 ਬਲੱਡ ਬੈਂਕ ਪ੍ਰਾਈਵੇਟ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਹਨ। ਸੂਬੇ ਦੇ ਵਸਨੀਕਾਂ ਨੂੰ ਬਿਹਤਰ ਮੈਡੀਕਲ ਸੇਵਾਵਾਂ ਯਕੀਨੀ ਬਣਾਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਸਰਕਾਰੀ ਬਲੱਡ ਬੈਂਕਾਂ ਦੁਆਰਾ ਬਲੱਡ ਦੇ 2 ਲੱਖ 26 ਹਜ਼ਾਰ ਯੂਨਿਟ ਇਕੱਤਰ ਕੀਤੇ ਗਏ ਸਨ। ਉਨਾਂ ਕਿਹਾ ਕਿ ਬਲੱਡ ਅਤੇ ਬਲੱਡ ਕੰਪੋਨੈਂਟਸ ਮੁਫ਼ਤ ਮੁਹੱਈਆ ਕਰਵਾਉਣ ਹਿੱਤ ਸਾਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ।
ਮਹਿੰਦਰਾ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਦੇਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ‘ਈ-ਰਕਤਕੋਸ਼’ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਵੈੱਬ ਸਹੂਲਤ ਵਿਸ਼ੇਸ਼ ਬਲੱਡ ਗਰੁੱਪ ਅਤੇ ਬਲੱਡ ਕੰਪੋਨੈਂਟਸ ਦੀ ਉਪਲੱਬਧਤਾ ਅਤੇ ਵਿਸ਼ੇਸ਼ ਬਲੱਡ ਬੈਂਕ ਵਿੱਚ ਇਸਦੀ ਮਿਕਦਾਰ ਚੈੱਕ ਕਰਨ ਲਈ ਸਾਰੇ ਜ਼ਰੂਰਤਮੰਦਾਂ ਲਈ ਸਹਾਈ ਸਿੱਧ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।