ਲੀਵ ਟਰੈਵਲ ਕਨਸੈਸ਼ਨ ਸਬੰਧੀ ਪੰਜਾਬ ਸਰਕਾਰ ਦਾ ਸਪੱਸ਼ਟੀਕਰਨ ਪੰਜਾਬ ਦੇ ਪੈਨਸ਼ਨਰ ਵਰਗ ‘ਤੇ ਆਰਥਿਕ ਹਮਲਾ

Punjab Pensioners

ਪੰਜਾਬ ਪੈਨਸ਼ਨਰ ਯੂਨੀਅਨ ਨੇ ਕੀਤੀ ਸਖਤ ਨਿਖੇਧੀ

  • ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਨੂੰ ਬਦਨਾਮ ਕਰਨ ਦੀ ਚੱਲੀ ਡੂੰਘੀ ਚਾਲ

ਕੋਟਕਪੂਰਾ, (ਸੁਭਾਸ਼ ਸ਼ਰਮਾ)। ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਫਰੀਦਕੋਟ ਅਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫਰੀਦਕੋਟ ਨੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਬੀਤੇ ਕੱਲ੍ਹ ਮਿਤੀ 31 ਮਈ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਦੇ ਲੀਵ ਟ੍ਰੈਵਲ ਕਨਸ਼ੈਸ਼ਨ ਦੇਣ ਸਬੰਧੀ ਜਾਰੀ ਕੀਤੇ ਗਏ ਸਪੱਸ਼ਟੀਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮੁਲਾਜ਼ਮ ਵਰਗ ਨੂੰ ਬਦਨਾਮ ਕਰਨ ਦੀ ਡੂੰਘੀ ਚਾਲ ਚੱਲਣ ਅਤੇ ਪੈਨਸ਼ਨਰ ਵਰਗ ਦਾ ਆਰਥਿਕ ਤੌਰ ’ਤੇ ਨੁਕਸਾਨ ਕਰਨ ਲਈ ਤਿੱਖਾ ਹਮਲਾ ਕਰਾਰ ਦਿੱਤਾ ਹੈ ।

ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜੱਥੇਬੰਦੀਆਂ ਦੇ ਆਗੂ ਕੁਲਵੰਤ ਸਿੰਘ ਚਾਨੀ, ਅਸ਼ੋਕ ਕੌਸ਼ਲ, ਸੋਮ ਨਾਥ ਅਰੋਡ਼ਾ, ਪ੍ਰੇਮ ਚਾਵਲਾ, ਨਛੱਤਰ ਸਿੰਘ ਭਾਣਾ, ਰਮੇਸ਼ ਢੈਪਈ ਤੇ ਕੁਲਦੀਪ ਸਿੰਘ ਸਹਿਦੇਵ ਨੇ ਦੱਸਿਆ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਸਾਲ 1996 ਤੋਂ ਲੈ ਕੇ ਹੁਣ ਤੱਕ ਹਰ ਚਾਰ ਸਾਲਾਂ ਬਾਅਦ ਲੀਵ ਟਰੈਵਲ ਕਨਸੈਸ਼ਨ ਦੇਣ ਦੇ ਮੰਤਵ ਨੂੰ ਮੁੱਖ ਰੱਖ ਕੇ ਮੁਲਾਜ਼ਮ ਦੇ ਪਰਿਵਾਰ ਵੱਲੋਂ ਕੀਤੀ ਗਈ ਯਾਤਰਾ ਦਾ ਅਸਲ ਕਲੇਮ ਦਿੱਤਾ ਜਾਂਦਾ ਹੈ ਅਤੇ ਪੰਜਾਬ ਦੇ ਪੈਨਸ਼ਨਰਾਂ ਨੂੰ ਹਰ ਦੋ ਸਾਲ ਬਾਅਦ ਇੱਕ ਮਹੀਨੇ ਦੀ ਮੁੱਢਲੀ ਤਨਖਾਹ ਦੇ ਬਰਾਬਰ ਬਿਨਾਂ ਯਾਤਰਾ ਕੀਤੇ ਜਨਵਰੀ ਜਾਂ ਜੁਲਾਈ ਮਹੀਨੇ ਦੀ ਪੈਨਸ਼ਨ ਦੇ ਨਾਲ ਇੱਕ ਮਹੀਨੇ ਦੀ ਮੁੱਢਲੀ ਪੈਨਸ਼ਨ ਦੇ ਬਰਾਬਰ ਲੀਵ ਟਰੈਵਲ ਕਨਸੈਸ਼ਨ ਦਿੱਤਾ ਜਾਂਦਾ ਹੈ ।

ਆਗੂਆਂ ਨੇ ਕਿਹਾ ਕਿ ਇਸ ਸਪੱਸ਼ਟੀਕਰਨ ਅਨੁਸਾਰ ਜੇਕਰ ਪਤੀ ਅਤੇ ਪਤਨੀ ਦੋਵੇਂ ਪੰਜਾਬ ਸਰਕਾਰ ਦੇ ਪੈਨਸ਼ਨਰ ਹਨ, ਹੁਣ ਉਨ੍ਹਾਂ ਵਿੱਚੋਂ ਪਤੀ ਜਾਂ ਪਤਨੀ ਇੱਕ ਨੂੰ ਐਲ.ਟੀ.ਸੀ. ਲੈਣ ਲਈ ਆਪਣੇ ਬੈਂਕ ਨੂੰ ਮਿਤੀ 30 ਜੂਨ 2022 ਤੱਕ ਲਿਖਤੀ ਤੌਰ ਤੇ ਅੰਡਰਟੇਕਿੰਗ ਦੇਣੀ ਪਵੇਗੀ ਕਿ ਦੋਵਾਂ ਵਿੱਚੋਂ ਕਿਸ ਇੱਕ ਨੇ ਲੀਵ ਟਰੈਵਲ ਕਨਸੈਸ਼ਨ ਲੈਣਾ ਹੈ। ਆਗੂਆਂ ਨੇ ਕਿਹਾ ਹੈ ਕਿ ਮੁਲਾਜ਼ਮ ਦੇ ਪਰਿਵਾਰ ਵੱਲੋਂ ਅਸੀਂ ਯਾਤਰਾ ਕਰਨ ਤੋਂ ਬਾਅਦ ਹੀ ਅਸਲ ਤੌਰ ’ਤੇ ਐੱਲ. ਟੀ ਸੀ ਕਲੇਮ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਪਤੀ-ਪਤਨੀ ਤੇ ਯਾਤਰਾ ਕਰਨ ਵਾਲੇ ਪਰਿਵਾਰ ਦੇ ਮੈਂਬਰਾਂ ਦਾ ਕਲੇਮ ਹੁੰਦਾ ਹੈ।

ਆਗੂਆਂ ਨੇ ਕਿਹਾ ਕਿ ਅਜਿਹੀ ਕੋਈ ਉਦਾਹਰਨ ਨਹੀਂ ਮਿਲਦੀ ਕਿ ਪਤੀ-ਪਤਨੀ ਦੋਵਾਂ ਨੇ ਇੱਕੋ ਕਲੇਮ ਡਬਲ ਕਲੇਮ ਕਰ ਲਿਆ ਹੋਵੇ ਜੇਕਰ ਕਿਤੇ ਅਜਿਹਾ ਵਾਪਰਿਆ ਹੈ ਤਾਂ ਪੰਜਾਬ ਸਰਕਾਰ ਵੱਲੋਂ ਸਬੰਧਤ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਸੀ ਨਾ ਕਿ ਅਜਿਹੇ ਗ਼ੈਰ ਤਰਕਸੰਗਤ ਤੇ ਬੇਤੁਕੇ ਸਪੱਸ਼ਟੀਕਰਨ ਜਾਰੀ ਕਰਕੇ ਸਮੁੱਚੇ ਮੁਲਾਜ਼ਮ ਵਰਗ ਨੂੰ ਬਦਨਾਮ ਕਰਨਾ ਚਾਹੀਦਾ ਸੀ । ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਮਾਨ , ਧਰਮਿੰਦਰ ਸਿੰਘ ਲੈਕਚਰਾਰ ,ਰਮੇਸ਼ ਕੁਮਾਰ ਲੈਕਚਰਾਰ , ਇਕਬਾਲ ਸਿੰਘ ਮੰਘੇਡ਼ਾ ,ਸ਼ਾਮ ਲਾਲ ਚਾਵਲਾ ਤੇ ਤਰਸੇਮ ਨਰੂਲਾ ਆਦਿ ਸ਼ਾਮਲ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ