ਅਰੂਸਾ ਆਲਮ ਦੇ ਆਈਐਸਆਈ ਕੁਨੈਕਸ਼ਨ ਦੀ ਜਾਂਚ ਕਰੇਗੀ ਪੰਜਾਬ ਸਕਰਾਰ

ਅਰੂਸਾ ਆਲਮ ਦੇ ਆਈਐਸਆਈ ਕੁਨੈਕਸ਼ਨ ਦੀ ਜਾਂਚ ਕਰੇਗੀ ਪੰਜਾਬ ਸਕਰਾਰ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਕਾਂਗਰਸ ਤੇ ਕੈਪਟਨ ਅਮਰਿੰਦਰ ਦਰਮਿਆਨ ਖਿੱਚੋਤਾਣ ਵਧ ਗਈ ਹੈ ਕਾਂਗਰਸ ਨੇ ਇਸ ’ਚ ਅਮਰਿੰਦਰ ਦੀ ਪਾਕਿ ਮਿੱਤਰ ਅਰੂਸਾ ਆਲਮ ਨੂੰ ਵਿਚ ਘਸੀਟ ਲਿਆ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਰੂਸਾ ਆਲਮ ਦੇ ਆਈਐਸਆਈ ਕੁਨੈਕਸ਼ਨ ਦੀ ਜਾਂਚ ਕੀਤੀ ਜਾਵੇਗੀ। ਇਸ ਦੀ ਜਾਂਚ ਹੁਣ ਡੀਜੀਪੀ ਇਕਬਾਲਪ੍ਰੀਤ ਸਹੋਤਾ ਕਰਨਗੇ ਰੰਧਾਵਾ ਨੇ ਕਿਹਾ ਕਿ ਅਰੂਸਾ ਸਬੰਧੀ ਕਈ ਗੱਲਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਦੀ ਜਾਂਚ ਜ਼ਰੂਰੀ ਹੈ। ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਹੁਣ ਕੈਪਟਨ ਕਹਿ ਰਹੇ ਹਨ ਕਿ ਪੰਜਾਬ ਨੂੰ ਆਈ. ਐਸ. ਆਈ. ਤੋਂ ਖਤਰਾ ਹੈ। ਜਦੋਂਕਿ ਕੈਪਟਨ ਬਤੌਰ ਪੰਜਾਬ ਦੇ ਮੁੱਖ ਮੰਤਰੀ ਸਨ ਉਦੋਂ ਕੋਈ ਖਤਰਾ ਨਹੀਂ ਸੀ। ਜਦੋਂ ਅਰੂਸਾ ਆਲਮ ਪੰਜਾਬ ’ਚ ਆ ਕੇ ਰਹਿ ਰਹੇ ਸਨ ਤਾਂ ਉਦੋਂ ਕੋਈ ਖਤਰਾ ਨਹੀਂ ਸੀ।

ਉਨ੍ਹਾਂ ਕਿਹਾ ਕਿ ਪਹਿਲਾਂ ਸਾਢੇ ਚਾਰ ਸਾਲਾਂ ’ਚ ਪੰਜਾਬ ਨੂੰ ਕੋਈ ਖਤਰਾ ਨਹੀਂ ਸੀ ਤੇ ਹੁਣ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਇੱਕ ਮਹੀਨੇ ’ਚ ਅਜਿਹਾ ਕੀ ਹੋ ਗਿਆ ਹੈ? ਜਿੱਥੇ ਅਮਰਿੰਦਰ ਨੂੰ ਹੁਣ ਲੱਗ ਰਿਹਾ ਹੈ ਕਿ ਆਈ.ਐਸਆਈ ਤੋਂ ਖਤਰਾ ਹੈ। ਰੰਧਾਵਾ ਨੇ ਕਿਹਾ ਕਿ ਜਿਵੇਂ ਹੀ ਅਮਰਿੰਦਰ ਦੀ ਕੁਰਸੀ ਖੋਹੀ ਗਈ ਤਾਂ ਪੰਜਾਬ ਨੂੰ ਪਾਕਿਸਤਾਨ ਤੋਂ ਖਤਰਾ ਹੋ ਗਿਆ। ਆਈਐਸਆਈ ਤੋਂ ਇਹ ਖਤਰਾ ਉਦੋਂ ਕਿਉ ਨਹੀਂ ਸੀ ਜਦੋਂ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰ ਰਿਹਾਇਸ਼ ’ਚ ਰਹੀ। ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾਂ ਇਸ ਨੂੰ ਕਾਂਗਰਸ ਦੀ ਦਬਾਅ ਬਣਾਉਣ ਦੀ ਰਣਨੀਤੀ ਵਜੋਂ ਵੇਖਿਆ ਜਾ ਰਿਹਾ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਜ਼ਿਕਰਯੋੇਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਨੂੰ ਆਈ. ਐਸ. ਆਈ. ਤੋਂ ਖਤਰਾ ਹੈ ਅਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਮਲੇ ਹੋਣ ਦੀ ਗੱਲ ਕਹੀ ਗਈ ਸੀ