ਪੰਜਾਬ ਸਰਕਾਰ ਸਿੱਖਿਆ ‘ਤੇ ਖਰਚ ਕਰੇਗੀ 1000 ਕਰੋੜ ਰੁਪਏ : ਸਿੱਖਿਆ ਮੰਤਰੀ

Punjab, Government, Spend, Rs.1000, Crore, Education, Education, Minister

ਕਿਹਾ, ਪੜ੍ਹਾਉਣ ਵੇਲੇ ਅਣਗਹਿਲੀ ਕਰਨ ਵਾਲੇ ਅਧਿਆਪਕਾਂ ਦੀ ਰਿਪੋਰਟ ਭੇਜੀ ਜਾਵੇ

ਨਕਲ ‘ਤੇ 100 ਫੀਸਦੀ ਕਸੀ ਜਾਵੇਗੀ ਨਕੇਲ

ਸੱਚ ਕਹੂੰ ਨਿਊਜ਼

ਅੰਮ੍ਰਿਤਸਰ

ਸ੍ਰੀ ਓਮ ਪ੍ਰਕਾਸ਼ ਸੋਨੀ ਸਿੱਖਿਆ ਤੇ ਵਾਤਾਵਰਨ ਮੰਤਰੀ ਪੰਜਾਬ ਵੱਲੋਂ ਜ਼ਿਲ੍ਹੇ ਦੇ ਸਮੂਹ ਪ੍ਰਿੰਸੀਪਲਾਂ, ਹੈੱਡ ਟੀਚਰਾਂ ਤੇ ਮੁੱਖ ਅਧਿਆਪਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਕੀਤੀ ਗਈ ਇਸ ਮੌਕੇ ਸਿੱਖਿਆ ਮੰਤਰੀ ਨੇ ਸਮੂਹ ਪ੍ਰਿੰਸੀਪਲਾਂ ਨੂੰ ਕਿਹਾ ਕਿ ਸਾਨੂੰ ਮੌਜੂਦਾ ਸਿੱਖਿਆ ਪ੍ਰਣਾਲੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਚੰਗੀ ਸਿੱਖਿਆ ਗ੍ਰਹਿਣ ਕਰਕੇ ਆਪਣੇ ਸਕੂਲ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ ਸਿੱਖਿਆ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ‘ਤੇ 1000 ਕਰੋੜ ਰੁਪਏ ਖਰਚ ਕਰ ਰਹੀ ਹੈ, ਜਿਸ ਨਾਲ ਸਾਰੇ ਸਕੂਲਾਂ ਦੀਆਂ ਇਮਾਰਤਾਂ, ਫਰਨੀਚਰ ਦਾ ਕਾਇਆ ਕਲਪ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਇਸ ਲਈ ਅਧਿਆਪਕਾਂ ਨੂੰ ਵੀ ਆਪਣੀ ਡਿਊਟੀ ਜਿੰਮੇਵਾਰੀ ਦੀ ਭਾਵਨਾ ਨਾਲ ਨਿਭਾਉਣੀ ਚਾਹੀਦੀ ਹੈ ਸ੍ਰੀ ਸੋਨੀ ਨੇ ਦੱਸਿਆ ਕਿ ਪਿਛਲੇ ਸਾਲ ਦੇ ਨਤੀਜੇ ਬਹੁਤ ਮਾੜੇ ਆਏ ਸਨ, ਉਨ੍ਹਾਂ ਨਤੀਜਿਆਂ ਨੂੰ ਧਿਆਨ ‘ਚ ਰੱਖਦਿਆਂ ਸਰਕਾਰ ਵੱਲੋਂ ਸਾਰੇ ਸਕੂਲਾਂ ਖਾਸਕਰ ਬਾਰਡਰ ਏਰੀਆ ‘ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਪੁਰ ਕਰ ਦਿੱਤੀਆਂ ਹਨ
ਉਨ੍ਹਾਂ ਨੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਉਣ ਤਾਂ ਜੋ ਵਧੀਆ ਨਤੀਜੇ ਸਾਹਮਣੇ ਆ ਸਕਣ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕ ਵਰਗ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹਰ ਹਾਲ ‘ਚ ਸਰਕਾਰ ਪੂਰਾ ਕਰੇਗੀ ਸ੍ਰੀ ਸੋਨੀ ਨੇ ਪ੍ਰਿੰਸੀਪਲਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਪੇਪਰਾਂ ਸਮੇਂ ਨਕਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਕਲ ‘ਤੇ ਪੂਰੀ ਨਕੇਲ ਕਸੀ ਜਾਵੇਗੀ
ਸਿੱਖਿਆ ਮੰਤਰੀ ਨੇ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਹੈ ਕਿ ਅਧਿਆਪਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਤਾਇਨਾਤ ਕੀਤਾ ਜਾਵੇ ਤਾਂ ਜੋ ਵਧੀਆ ਢੰਗ ਨਾਲ ਬੱਚਿਆਂ ਨੂੰ ਪੜ੍ਹਾ ਸਕਣ ਸ੍ਰੀ ਸੋਨੀ ਨੇ ਦੱਸਿਆ ਕਿ ਜਿਨ੍ਹਾਂ ਸਕੂਲਾਂ ਦਾ ਨਤੀਜਾ ਵਧੀਆ ਆਵੇਗਾ ਸਰਕਾਰ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 26 ਜਨਵਰੀ ਤੇ 15 ਅਗਸਤ ਨੂੰ ਸਨਮਾਨਤ ਕਰੇਗੀ ਇਸ ਮੌਕੇ ਸ੍ਰ. ਸਲਵਿੰਦਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਸ੍ਰੀ ਰਾਜੇਸ਼ ਸ਼ਰਮਾ ਡਿਪਟੀ ਸਿੱਖਿਆ ਅਫਸਰ, ਸ੍ਰੀਮਤੀ ਸੰਦੀਪ ਕੌਰ ਜ਼ਿਲ੍ਹਾ ਸੁਪਰਵਾਈਜਰ, ਸ੍ਰੀਮਤੀ ਮਨਦੀਪ ਕੌਰ ਪ੍ਰਿੰਸੀਪਲ ਮਾਲ ਰੋਡ ਸਕੂਲ, ਸ੍ਰੀ ਕੁਲਵੰਤ ਰਾਏ ਸ਼ਰਮਾ ਜਨਰਲ ਸਕੱਤਰ ਰਾਸਾ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਤੇ ਹੈੱਡਮਾਸਟਰ ਹਾਜ਼ਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Punjab, Government, Spend, Rs.1000, Crore, Education, Education, Minister