Electricity Workers Protest: (ਗੁਰਪ੍ਰੀਤ ਪੱਕਾ) ਫਰੀਦਕੋਟ। ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਜਿਸ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ, ਹੈੱਡ ਆਫ਼ਿਸ ਜੁਆਇੰਟ ਐਕਸ਼ਨ ਕਮੇਟੀ, ਇੰਪਲਾਈਜ ਸੰਘਰਸ਼ ਯੂਨੀਅਨ ਪਾਵਰਕਾਮ/ਟਰਾਂਸਕੋ, ਗਰਿੱਡ ਸਟੇਸ਼ਨ ਟੈਕਨੀਕਲ ਅਤੇ ਕਲੈਰੀਕਲ ਇੰਮਪਲਾਈਜ ਯੂਨੀਅਨ ਪੰਜਾਬ (ਭਾਰਦਵਾਜ), ਪੀਐਸਈਬੀ ਅਕਾਊਂਟਸ ਆਡਿਟ ਅਤੇ ਐਡਮਿਨਸ੍ਰੇਟਿਵ ਐਸ਼ੋਸੀਏਸ਼ਨ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਭਾਰਤੀ ਮਜ਼ਦੂਰ ਸੰਘ ਅਤੇ ਪੀਟੀਐਸ ਕਰਮਚਾਰੀ ਯੂਨੀਅਨ ਸ਼ਾਮਲ ਹਨ ਵੱਲੋਂ ਅਤੇ ਇਸ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਦੇ ਹੋਏ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਅਤੇ ਇੰਜੀਨੀਅਰ ਐਸੋਸੀਏਸ਼ਨ ਵੱਲੋ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਖ਼ਿਲਾਫ਼ ਪੰਜਾਬ ਦੇ ਸਰਕਲ ਦਫ਼ਤਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦੀ ਕੜੀ ਵਜੋਂ ਸਰਕਲ ਫਰੀਦਕੋਟ ਵਿਖੇ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ।
ਇਹ ਵੀ ਪੜ੍ਹੋ: Punjab Farmers News: ਝੋਨੇ ਦੀ ਖਰੀਦ ਨਾ ਹੋਣ ਕਾਰਨ ਸਰਕਾਰ ਤੋਂ ਖਫ਼ਾ ਹੋਏ ਕਿਸਾਨ, ਲੈ ਲਿਆ ਫ਼ੈਸਲਾ
ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਜਾਰੀ ਕੀਤੀ ਗਈ ਕਿ ਜੇਕਰ ਤੁਰੰਤ ਪੰਜਾਬ ਮਾਰੂ ਅਤੇ ਮੁਲਾਜ਼ਮ ਮਾਰੂ ਦੋਵੇਂ ਫ਼ੈਸਲੇ ਵਾਪਸ ਨਾ ਲਏ ਗਏ ਤਾਂ ਸਮੁੱਚੇ ਬਿਜਲੀ ਕਾਮੇ ਤਿੱਖਾ ਸੰਘਰਸ਼ ਸ਼ੁਰੂ ਕਰਨਗੇ ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ/ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਮੈਨੇਜਮੈਂਟ ਦੀ ਹੋਵੇਗੀ। ਰੋਸ ਪ੍ਰਦਰਸ਼ਨ ਉਪਰੰਤ ਜੱਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ’ਤੇ ਮੈਮੋਰੰਡਮ ਵੀ ਦਿੱਤਾ ਗਿਆ ਅਤੇ ਐਲਾਨ ਵੀ ਕੀਤਾ ਗਿਆ ਕਿ ਜੇਕਰ ਉਪਰੋਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਿਤੀ 8 ਨਵੰਬਰ 2025 ਦਿਨ ਸ਼ਨਿੱਚਰਵਾਰ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ।

ਅੱਜ ਦੇ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਹਰਪ੍ਰੀਤ ਸਿੰਘ ਜਰਨਲ ਸਕੱਤਰ ਟੀ ਐਸ ਯੂ ਪੰਜਾਬ, ਇੰਜ ਰਣਜੀਤ ਸਿੰਘ ਨੰਗਲ, ਚੰਦਰ ਸ਼ੇਖਰ ਜੈਤੋ, ਗੁਰਤੇਜ ਸਿੰਘ ਚੀਮਾਂ, ਸ਼ਮਿੰਦਰ ਸਿੰਘ ਬਾਜਾਖਾਨਾ, ਇੰਜ. ਨਰਿੰਦਰਜੀਤ ਸਿੰਘ, ਇੰਜ ਗੁਰਬਿੰਦਰ ਸਿੰਘ, ਇੰਜ ਗੁਰਪ੍ਰੀਤ ਸਿੰਘ ਸਦਿਉੜਾ ਸਰਕਲ ਪ੍ਰਧਾਨ ਟੀ ਐਸ ਯੂ, ਦਰਸ਼ਨ ਸਿੰਘ ਸਰਾਵਾਂ, ਪ੍ਰੀਤਮ ਸਿੰਘ ਪਿੰਡੀ, ਮਿੱਠੂ ਸਿੰਘ ਪ੍ਰਧਾਨ, ਇੰਜ ਕੁਲਵੀਰ ਸਿੰਘ ਜੇਈ, ਇੰਜ ਗੁਰਮੀਤ ਸਿੰਘ ਏਏਈ, ਇੰਜ ਭੁਪਿੰਦਰ ਸਿੰਘ ਸਰਕਲ ਪ੍ਰਧਾਨ ਜੇਈ ਕੌਂਸਲ, ਇੰਜ ਨਰਿੰਦਰਪਾਲ ਸਿੰਘ ਐਸ ਡੀ ਓ ਅਤੇ ਇੰਜ ਜਗਤਾਰ ਸਿੰਘ ਐਡੀਸ਼ਨਲ ਐਸ ਈ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਇੰਜ ਗੁਰਬਿੰਦਰ ਸਿੰਘ ਨੇ ਨਿਭਾਈ ।














