ਹਾਈ ਕਮਾਨ ਵੱਲੋਂ ਪੰਜਾਬ ਕਾਂਗਰਸ ਨੂੰ ਤਾੜਨਾ, ਗੱਠਜੋੜ ਖ਼ਿਲਾਫ਼ ਕੀਤੀ ਬਿਆਨਬਾਜ਼ੀ ਤਾਂ ਹੋਏਗੀ ਸਖ਼ਤ ਕਾਰਵਾਈ

Punjab Congress

ਪੰਜਾਬ ’ਚ ਆਮ ਆਦਮੀ ਪਾਰਟੀ ਨਾਲ ਹੀ ਰਲ ਕੇ ਚੋਣਾਂ ਲੜੇਗੀ ਕਾਂਗਰਸ ਪਾਰਟੀ | Punjab Congress

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਕਾਂਗਰਸ (Punjab Congress) ਨੂੰ ਤਾੜਨਾ ਕਰ ਦਿੱਤੀ ਗਈ ਹੈ ਕਿ ਪੰਜਾਬ ’ਚ ਹੁਣ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਭਾਈ-ਭਾਈ ਵਾਂਗ ਹੀ ਲੈ ਕੇ ਚੱਲਿਆ ਜਾਵੇ ਤੇ ਹੁਣ ਤੋਂ ਬਾਅਦ ਕੇਂਦਰੀ ਪੱਧਰ ’ਤੇ ਹੋਏ ਗੱਠਜੋੜ ਖ਼ਿਲਾਫ਼ ਕੋਈ ਵੀ ਬਿਆਨਬਾਜ਼ੀ ਨਾ ਕੀਤੀ ਜਾਵੇ। ਪੰਜਾਬ ਕਾਂਗਰਸ ਨੂੰ ਮਿਲੀ ਇਸ ਤਾੜਨਾ ਮਗਰੋਂ ਸਾਰੇ ਹੀ ਕਾਂਗਰਸੀ ਲੀਡਰਾਂ ਨੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰ ਦਿੱਤੀ ਹੈ ਤਾਂ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਆਪਣੇ ਵਿਰੋਧੀਆਂ ਦੀ ਸੂਚੀ ’ਚੋਂ ਬਾਹਰ ਕਰ ਦਿੱਤਾ ਹੈ। ਇਸ ਕਰਕੇੇ ਕਾਂਗਰਸੀਆਂ ਖ਼ਿਲਾਫ਼ ਚੱਲ ਰਹੀ ਕਈ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੇ ਜਾਂਚ ਵੀ ਰੁਕਦੀ ਨਜ਼ਰ ਆ ਰਹੀ ਹੈ।

ਹਾਈ ਕਮਾਨ ਦੇ ਆਦੇਸ਼ ਤੋਂ ਬਾਅਦ ਕਾਂਗਰਸੀਆਂ ਨੇ ਵੱਟੀ ਚੁੱਪ, ਹੁਣ ਨਹੀਂ ਬੋਲਣਗੇ ਇੱਕ ਵੀ ਸ਼ਬਦ

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਹਾਈ ਕਮਾਨ ਦਾ ਫੈਸਲਾ ਐਕਸ ਕਰਦੇ ਹੋਏ ਸਾਰੇ ਪੰਜਾਬ ਭਰ ਦੇ ਕਾਂਗਰਸੀਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇੰਡੀਆ ਗਠਜੋੜ ਹੋਣ ਤੋਂ ਬਾਅਦ ਸਾਰੀ ਪਾਰਟੀਆਂ ਦੇ ਨੁਮਾਇੰਦੇ ਵਿਚਕਾਰ ਅਗਲੀ ਰਣਨੀਤੀ ਤੇ ਸੀਟਾਂ ਦੀ ਵੰਡ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਪਰ ਇਸ ਦੇ ਨਾਲ ਹੀ ਇਸ ਗਠਜੋੜ ’ਚ ਸ਼ਾਮਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਪੰਜਾਬ ’ਚ ਲਗਾਤਾਰ ਇੱਕ ਦੂਜੇ ਦੇ ਖ਼ਿਲਾਫ਼ ਬਿਆਨਬਾਜ਼ੀ ਜਾਰੀ ਸੀ। ਇਸ ਬਿਆਨਬਾਜ਼ੀ ਕਰਕੇ ਪੰਜਾਬ ’ੱਚ ਦੋਵਾਂ ਪਾਰਟੀਆਂ ਦੇ ਲੀਡਰਾਂ ਵਿਚਕਾਰ ਪਹਿਲਾਂ ਤੋਂ ਆਈ ਖਟਾਸ ਘੱਟ ਹੋਣ ਦੀ ਥਾਂ ’ਤੇ ਵਧ ਹੀ ਰਹੀ ਸੀ। ਪਲ ਪਲ ਦੀ ਰਿਪੋਰਟ ਹਾਈ ਕਮਾਨ ਕੋਲ ਵੀ ਜਾ ਰਹੀ ਸੀ। (Punjab Congress)

ਇਸ ਕਾਰਨ ਹੀ ਪੰਜਾਬ ਦੇ ਕਾਂਗਰਸੀਆਂ ਨੂੰ ਦਿੱਲੀ ਹਾਈ ਕਮਾਨ ਵੱਲੋਂ ਆਦੇਸ਼ ਆ ਗਏ ਹਨ ਕਿ ਹੁਣ ਤੋਂ ਬਾਅਦ ਉਹ ਚੁੱਪ ਰਹਿਣ ਤੇ ਆਮ ਆਦਮੀ ਪਾਰਟੀ ਜਾਂ ਫਿਰ ਗਠਜੋੜ ਖ਼ਿਲਾਫ਼ ਕੁਝ ਵੀ ਨਹੀਂ ਬੋਲਣਗੇ। ਪੰਜਾਬ ਦੇ ਕਾਂਗਰਸੀਆਂ ਵੱਲੋਂ ਇਸ ਨੂੰ ਮੂਲ ਮੰਤਰ ਵੀ ਮੰਨਦੇ ਹੋਏ ਸੋਮਵਾਰ ਤੋਂ ਹੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਬੰਦ ਕਰ ਦਿੱਤਾ ਗਿਆ ਹੈ।

ਪੰਜਾਬ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ ਅਕਾਲੀ-ਭਾਜਪਾ

ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਹੋਏ ਗਠਜੋੜ ਕਰਕੇ ਹੁਣ ਪੰਜਾਬ ’ਚ ਸਰਕਾਰ ਨੂੰ ਘੇਰਨ ਦੀ ਸਾਰੀ ਜ਼ਿੰਮੇਵਾਰੀ ਸ਼ੋ੍ਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੋਢਿਆਂ ’ਤੇ ਆ ਗਈ ਹੈ, ਕਿਉਂਕਿ ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜ਼ੂਦ ਕਾਂਗਰਸ ਹੁਣ ਤੋਂ ਬਾਅਦ ਸ਼ਾਇਦ ਹੀ ਆਮ ਆਦਮੀ ਪਾਰਟੀ ਨੂੰ ਘੇਰਦੀ ਨਜ਼ਰ ਆਏਗੀ।

ਇਹ ਵੀ ਪੜ੍ਹੋ : ਭੂਚਾਲ ਨਾਲ ਕੰਬੀ ਧਰਤੀ, ਲੋਕ ਘਰਾਂ ’ਚੋਂ ਨਿੱਕਲੇ ਬਾਹਰ