ਸਰਦ ਰੁੱਤ ਸੈਸ਼ਨ : ਆਪ ਤੇ ਅਕਾਲੀ ਦਲ ਵੱਲੋਂ ਸਦਨ ‘ਚ ਹੰਗਾਮਾ

ਰੌਲੇ-ਰੱਪੇ ‘ਚ ਦੋ ਘੰਟੇ ਹੀ ਚੱਲ ਸਕੀ ਸਦਨ ਦੀ ਕਾਰਵਾਈ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿੱਚ ਦੂਜੇ ਦਿਨ ਦੀ ਕਾਰਵਾਈ ਦਰਮਿਆਨ ਦੋਵੇਂ ਵਿਰੋਧੀ ਧਿਰਾਂ ਆਪਸ ਵਿੱਚ ਹੀ ਭਿੜਦੀਆਂ ਰਹੀਆਂ, ਜਦੋਂਕਿ ਕਾਂਗਰਸ ਇਸ ਸਾਰੇ ਮਾਹੌਲ ‘ਚ ਸਿਰਫ਼ ਤਮਾਸ਼ਾ ਦੇਖਦੇ ਹੋਏ ਹੀ ਖੁਸ਼ ਹੁੰਦੀ ਰਹੀ, ਜਿਸ ‘ਤੇ ਚੁਟਕੀ ਲੈਂਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਇਹ ‘ਡਿਬੇਟ’ ਕਰਨਗੇ ਤਾਂ ਜ਼ਰੂਰ ਚੱਲ ਪਾਏਗੀ ਵਿਧਾਨ ਸਭਾ ਦੀ ਕਾਰਵਾਈ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਮਾਮਲੇ ‘ਚ ਹਾਈ ਕੋਰਟ ਦੇ ਜਸਟਿਸ ਸਬੰਧੀ ਆਈ ਆਡੀਓ ਨੂੰ ਲੈ ਕੇ ਹੰਗਾਮਾ ਕਰਦੇ ਹੋਏ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ ਤਾਂ ਨਾ ਹੀ ਬਿਕਰਮ ਮਜੀਠੀਆ ਦੇ ਡਰੱਗ ਦੀ ਤਸਕਰੀ ਵਿੱਚ ਫੜੇ ਗਏ ਇੱਕ ਦੋਸ਼ੀ ਨਾਲ ਫੋਟੋ ਨੂੰ ਦਿਖਾਉਂਦੇ ਹੋਏ ਮਜੀਠੀਆ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕਰ ਰਹੇ ਸਨ। (Winter Session)

ਦੂਜੇ ਪਾਸੇ ਅਕਾਲੀ-ਭਾਜਪਾ ਵਿਧਾਇਕ ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਨੂੰ ਮੁੱਦਾ ਬਣਾਉਂਦੇ ਹੋਏ ਕਰਜ਼ਾ ਮੁਆਫ਼ੀ ਬਾਰੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਦੋਵੇਂ ਵਿਰੋਧੀ ਪਾਰਟੀਆਂ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਸੀਟ ਦੇ ਸਾਹਮਣੇ ਆ ਕੇ ਆਪਣਾ ਆਪਣਾ ਵਿਰੋਧ ਕਰ ਰਹੇ ਸਨ ਤਾਂ ਸੁਖਪਾਲ ਖਹਿਰਾ ਨੇ ਅਕਾਲੀ-ਭਾਜਪਾ ਵਿਧਾਇਕਾਂ ਵੱਲ ਮੂੰਹ ਕਰਦੇ ਹੋਏ ਮਜੀਠੀਆ ਦੇ ਪੋਸਟਰ ਦਿਖਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਦੋਵੇਂ ਵਿਰੋਧੀ ਧਿਰਾਂ ਸਰਕਾਰ ਨੂੰ ਛੱਡ ਇੱਕ ਦੂਜੇ ‘ਤੇ ਹੀ ਦੋਸ਼ ਲਗਾਉਣ ਲੱਗ ਪਈਆਂ। ਜਿਸ ਨੂੰ ਦੇਖ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਠਹਾਕੇ ਲਗਾ ਕੇ ਹੱਸਦੇ ਰਹੇ, ਕਿਉਂਕਿ ਇਸ ਤਰ੍ਹਾਂ ਸਦਨ ਵਿੱਚ ਸਮਾਂ ਬਰਬਾਦ ਕਰਦੇ ਹੋਏ ਦੋਵੇਂ ਵਿਰੋਧੀ ਧਿਰਾਂ ਸਰਕਾਰ ਨੂੰ ਘੇਰਣ ਦੀ ਥਾਂ ‘ਤੇ ਖ਼ੁਦ ਹੀ ਭਿੜ ਰਹੀਆਂ ਸਨ।

70 ਲੱਖ ਆਉਂਦਾ ਐ ਖ਼ਰਚ, ਆਪ ਕਰ ਰਹੀ ਐ ਲੋਕਾਂ ਦਾ ਪੈਸਾ ਬਰਬਾਦ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਸਦਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੇ ਗਏ ਹੰਗਾਮੇ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਪਹਿਲਾਂ ਤੋਂ ਹੀ ਹੰਗਾਮਾ ਕਰਨ ਦੀ ਤਿਆਰੀ ਕਰਕੇ ਆਏ ਸਨ ਅਤੇ ਇਨ੍ਹਾਂ ਨੇ ਤਾਂ ਸਿਰਫ਼ ਆਮ ਲੋਕਾਂ ਦਾ ਪੈਸਾ ਹੀ ਬਰਬਾਦ ਕਰਨਾਂ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ ਵਿੱਚ 70 ਲੱਖ ਰੁਪਏ ਖ਼ਰਚ ਹੋ ਜਾਂਦੇ ਹਨ ਪਰ ਇਨ੍ਹਾਂ ਵੱਲੋਂ ਅਹਿਮ ਮੁੱਦਿਆਂ ‘ਤੇ ਬਹਿਸ ਕਰਨ ਦੀ ਥਾਂ ‘ਤੇ ਆਪਣੇ ਨਿੱਜੀ ਮੁੱਦੇ ‘ਤੇ ਸਾਰੇ ਦਿਨ ਦਾ ਸਮਾਂ ਖਰਾਬ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੀ ਮੰਗ ਆਮ ਆਦਮੀ ਪਾਰਟੀ ਕਰ ਰਹੀ ਹੈ, ਉਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਮਾਮਲਾ ਅਦਾਲਤਾਂ ਦਾ ਹੈ ਅਤੇ ਇਸ ਲਈ ਖਹਿਰਾ ਨੂੰ ਅਦਾਲਤ ਵਿੱਚ ਹੀ ਜਾਣਾ ਚਾਹੀਦਾ ਹੈ, ਜਿਥੇ ਕਿ ਉਹ ਆਪਣੇ ਸਬੂਤ ਪੇਸ਼ ਕਰਦੇ ਹੋਏ ਕਾਰਵਾਈ ਕਰਵਾ ਸਕਦੇ ਹਨ।

ਮਜੀਠੀਆ ਨੂੰ ਕਦੇ ਕਲੀਨ ਚਿੱਟ ਨਹੀਂ ਦਿੱਤੀ : ਅਮਰਿੰਦਰ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੇ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ ਹੈ ਅਤੇ ਉਨ੍ਹਾਂ ਨੇ ਨਾ ਹੀ ਕਦੇ ਮਜੀਠੀਆ ਖ਼ਿਲਾਫ਼ ਕਾਰਵਾਈ ਨਹੀਂ ਕਰਨ ਸਬੰਧੀ ਕਿਹਾ ਗਿਆ ਹੈ ਪਰ ਹਰ ਕਾਰਵਾਈ ਸਬੂਤਾਂ ‘ਤੇ ਅਧਾਰਿਤ ਹੁੰਦੀ ਹੈ। ਇਸ ਲਈ ਈ.ਡੀ. ਅਤੇ ਪੰਜਾਬ ਪੁਲਿਸ ਸਣੇ ਨਾਰਕੋਟਿਕਸ ਵਿਭਾਗ ਆਪਣੇ ਪੱਧਰ ‘ਤੇ ਜਾਂਚ ਕਰ ਰਹੇ ਹਨ, ਜਦੋਂ ਵੀ ਮਜੀਠੀਆ ਖ਼ਿਲਾਫ਼ ਪੁਖ਼ਤਾ ਸਬੂਤ ਮਿਲ ਜਾਣਗੇ ਤਾਂ ਕਾਰਵਾਈ ਵੀ ਜਰੂਰ ਕੀਤੀ ਜਾਏਗੀ ਪਰ ਕਲੀਨ ਚਿੱਟ ਦੇਣ ਵਾਲੀ ਗੱਲ ਪੂਰੀ ਤਰ੍ਹਾਂ ਗਲਤ ਹੈ।

ਐਚ. ਐਸ. ਫੁਲਕਾਂ ਨੇ ਨਹੀਂ ਦਿੱਤਾ ਖਹਿਰਾ ਦਾ ਸਾਥ | Winter Session

ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ. ਫੁਲਕਾਂ ਨੇ ਵਿਧਾਨ ਸਭਾ ਦੇ ਅੰਦਰ ਸੁਖਪਾਲ ਖਹਿਰਾ ਦਾ ਸਾਥ ਨਹੀਂ ਦਿੱਤਾ। ਜਦੋਂ ਖਹਿਰਾ ਬਾਕੀ ਆਪ ਵਿਧਾਇਕਾਂ ਨਾਲ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਐਚ.ਐਸ. ਫੁਲਕਾਂ ਆਪਣੀ ਸੀਟ ‘ਤੇ ਹੀ ਬੈਠੇ ਰਹੇ ਅਤੇ ਜਦੋਂ ਕੁਝ ਵਿਧਾਇਕਾਂ ਵੱਲੋਂ ਫੁਲਕਾ ‘ਤੇ ਖਹਿਰਾ ਦੇ ਹੱਕ ‘ਚ ਵਿਰੋਧ ‘ਚ ਸ਼ਾਮਲ ਹੋਣ ਲਈ ਵਾਰ ਵਾਰ ਦਬਾਓ ਪਾਇਆ ਗਿਆ ਤਾਂ ਫੁਲਕਾਂ ਆਪਣੀ ਸੀਟ ਤੋਂ ਉੱਠ ਕੇ ਸਦਨ ਤੋਂ ਹੀ ਬਾਹਰ ਚਲੇ ਗਏ। (Winter Session)