PSU: ਪ੍ਰੋਫੈਸਰਾਂ ਦੀਆਂ ਪ੍ਰਾਈਵੇਟ ਭਰਤੀਆਂ ਦਾ ਪੀਐਸਯੂ ਵੱਲੋਂ ਵਿਰੋਧ 

PSU
PSU: ਪ੍ਰੋਫੈਸਰਾਂ ਦੀਆਂ ਪ੍ਰਾਈਵੇਟ ਭਰਤੀਆਂ ਦਾ ਪੀਐਸਯੂ ਵੱਲੋਂ ਵਿਰੋਧ 

ਬਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਦਾ ਘੇਰਿਆ ਦਫਤਰ | PSU

ਫ਼ਰੀਦਕੋਟ (ਗੁਰਪ੍ਰੀਤ ਪੱਕਾ)। PSU ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਚੱਲਦੀ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਨੂੰ ਸੈਲਫ ਫਾਈਨਾਂਸ ਕਰਨ ਦੇ ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਪਿਛਲੇ ਸਾਲ ਹੀ ਮੁੜ ਤੋਂ ਚੱਲੀ ਖੇਤੀਬਾੜੀ ਦੀ ਪੜ੍ਹਾਈ ਨੂੰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੈਲਫ ਫਾਈਨੈਂਸ ਕਰਨ ਦਾ ਹੁਕਮ ਜਾਰੀ ਹੋ ਗਿਆ ਹੈ। ਜਿਸ ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ ਨੇ ਐਮਐਲਏ ਗੁਰਦਿੱਤ ਸਿੰਘ ਸੇਖੋ ਦੇ ਘਰ ਸਾਹਮਣੇ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਐਮਐਲਏ ਵੱਲੋਂ ਦੋ ਦਿਨਾਂ ਵਿੱਚ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

ਪਰ ਇਸ ਦੇ ਬਾਵਜੂਦ ਅੱਜ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੀ ਦੇ ਕੋਰਸ ਨੂੰ ਸੈਲਫ ਕਰਕੇ ਪ੍ਰੋਫੈਸਰਾਂ ਦੀਆਂ ਭਰਤੀਆਂ ਐਚ ਈ ਆਈ ਐਸ ਅਧੀਨ ਕੀਤੀਆਂ ਜਾ ਰਹੀਆਂ ਹਨ। ਜਿਸ ਖਿਲਾਫ ਪੀਐਸਯੂ ਨੇ ਪ੍ਰਿੰਸੀਪਲ ਦਫਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਗਈ ਪ੍ਰਾਈਵੇਟ ਭਰਤੀਆਂ ਬੰਦ ਕੀਤੀਆਂ ਜਾਣ ਅਤੇ ਕੋਰਸ ਦੀ ਮਾਨਤਾ ਫਿਰ ਤੋਂ ਬਹਾਲ ਕੀਤੀ ਜਾਵੇ।

ਲਗਾਤਾਰ ਸਰਕਾਰੀ ਸੰਸਥਾਵਾਂ ਨੂੰ ਕੀਤਾ ਜਾ ਰਿਹਾ ਹੈ ਖਤਮ

ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਕੌਰ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਚੱਲਦੇ ਸਰਕਾਰੀ ਕੋਰਸਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਅਤੇ ਕਾਲਜ ਵਿੱਚ ਚੱਲਦੇ ਅੱਧੇ ਤੋਂ ਜਿਆਦਾ ਕੋਰਸ ਪਹਿਲਾ ਹੀ ਪ੍ਰਾਈਵੇਟ ਹਨ। ਸਰਕਾਰੀ ਬ੍ਰਿਜਿੰਦਰਾ ਕਾਲਜ ਇੱਕੋ ਇੱਕ ਅਜਿਹਾ ਸਰਕਾਰੀ ਕਾਲਜ ਸੀ ਜਿਸ ਵਿੱਚ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਕਰਵਾਈ ਜਾਂਦੀ ਸੀ ਪਰ ਪਿਛਲੀ ਸਰਕਾਰ ਦੀ ਤਰ੍ਹਾਂ ਇਹ ਸਰਕਾਰ ਵੀ ਇਹ ਕੋਰਸ ਨੂੰ ਬੰਦ ਕਰਨ ਦਾ ਪੂਰਾ ਜ਼ੋਰ ਲਾ ਰਹੀ ਹੈ। ਪੰਜਾਬ ਸਰਕਾਰ ਆਪ ਸਿੱਖਿਆ ਨੀਤੀ ਬਣਾਉਣ ਦੀ ਬਜਾਏ ਕੇਂਦਰ ਦੀ ਨਵੀਂ ਸਿੱਖਿਆ ਨੀਤੀ 2020 ਲਾਗੂ ਕਰ ਰਹੀ ਹੈ, ਜਿਸ ਤਹਿਤ ਲਗਾਤਾਰ ਸਰਕਾਰੀ ਸੰਸਥਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ ।

ਇਹ ਵੀ ਪੜ੍ਹੋ: ਆਯੂਸ਼ਮਾਨ ਕਾਰਡ ਰਾਹੀਂ ਮਰੀਜ਼ਾਂ ਨੂੰ ਮਿਲ ਰਹੀ 5 ਲੱਖ ਦੇ ਇਲਾਜ ਦੀ ਸਹੂਲਤ : ਡਾ. ਰਾਜਵਿੰਦਰ ਕੌਰ

ਪਿਛਲੇ ਦਿਨੀ ਸਰਕਾਰ ਵੱਲੋਂ ਪੰਜਾਬ ਦੇ ਅੱਠ ਸਰਕਾਰੀ ਕਾਲਜਾਂ ਨੂੰ ਖੁਦ ਮੁਖਤਿਆਰੀ ਦੇ ਨਾਂਅ ’ਤੇ ਚਲਾਉਣ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ। ਸਿੱਖਿਆ ਕ੍ਰਾਂਤੀ ਦੇ ਨਾਂਅ ’ਤੇ ਸੱਤਾ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਨਵੀਂ ਸਿੱਖਿਆ ਨੀਤੀ ਨੂੰ ਤੇਜ਼ੀ ਨਾਲ਼ ਲਾਗੂ ਕਰ ਰਹੀ ਹੈ ਅਤੇ ਲਗਾਤਾਰ ਸਰਕਾਰੀ ਸੰਸਥਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਸੰਕਟ ਨਾਲ ਜੂਝ ਰਿਹਾ ਹੈ ਇੱਥੇ ਖੇਤੀਬਾੜੀ ਨੂੰ ਸੰਕਟ ਵਿੱਚੋਂ ਕੱਢਣ ਲਈ ਅਜਿਹੇ ਵਿਦਿਆਰਥੀਆਂ ਦੀ ਲੋੜ ਹੈ ਜੋ ਪੰਜਾਬ ਦੇ ਮੁਤਾਬਕ ਫਸਲਾਂ ’ਤੇ ਖੋਜ ਕਰ ਸਕਣ ਅਤੇ ਖੇਤੀਬਾੜੀ ਨੂੰ ਸੰਕਟ ਵਿੱਚੋਂ ਕੱਢ ਸਕਣ।

ਪਰ ਪੰਜਾਬ ਸਰਕਾਰ ਖੇਤੀਬਾੜੀ ਦੀ ਪੜ੍ਹਾਈ ਨੂੰ ਖਤਮ ਕਰਕੇ ਇਹ ਸਾਬਤ ਕਰ ਰਹੀ ਹੈ ਕਿ ਸਰਕਾਰ ਖੇਤੀਬਾੜੀ ਸੰਕਟ ਨੂੰ ਨਜਿੱਠਣਾ ਹੀ ਨਹੀਂ ਚਾਹੁੰਦੀ । ਪੰਜਾਬ ਵਿੱਚ ਪਹਿਲਾਂ ਤੋਂ ਹੀ ਵਿਦਿਆਰਥੀ ਲਗਾਤਾਰ ਪੜ੍ਹਾਈ ਤੋਂ ਬਾਹਰ ਹੋ ਰਹੇ ਹਨ, ਸਰਕਾਰ ਦੇ ਇਸ ਕਦਮ ਨਾਲ ਵਿਦਿਆਰਥੀ ਪੜ੍ਹਾਈ ਤੋਂ ਹੋਰ ਦੂਰ ਹੋਣਗੇ ਕਿਉਂਕਿ ਆਮ ਘਰਾਂ ਦੇ ਵਿਦਿਆਰਥੀ ਪ੍ਰਾਈਵੇਟ ਕੋਰਸਾਂ ਦੀਆਂ ਫੀਸਾਂ ਨਹੀਂ ਭਰ ਸਕਦੇ। PSU

ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਨੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਤੋਂ ਮਾਨਤਾ ਨਹੀਂ ਦੇ ਦਿੰਦੀ ਅਤੇ ਕੋਰਸ ਸਰਕਾਰੀ ਤੌਰ ਤੇ ਨਹੀਂ ਚਲਾਉਂਦੀ ਉਦੋਂ ਤੱਕ ਪੰਜਾਬ ਸਟੂਡੈਂਟਸ ਯੂਨੀਅਨ ਸੰਘਰਸ਼ ਕਰਦੀ ਰਹੇਗੀ। ਇਸ ਮੌਕੇ ਸਿਮਰਨਜੀਤ ਕੌਰ,ਗੁਰਵੀਰ ਸਿੰਘ,ਅੰਮ੍ਰਿਤਪਾਲ ਸਿੰਘ ਤਨੀਸ਼ਾ,ਰਜਨੀ,ਹਰਮਨਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਜਸਪ੍ਰੀਤ ਕੌਰ, ਖੁਸ਼ਦੀਪ ਕੌਰ,ਅਰਸ਼ਦੀਪ ਕੌਰ, ਪ੍ਰਿਤਪਾਲ ਸਿੰਘ ,ਰਮਨਦੀਪ ਕੌਰ, ਅਜੇ ਆਦਿ ਵਿਦਿਆਰਥੀ ਹਾਜ਼ਰ ਸਨ ।