ਪੰਜਾਬੀ ਵਿੱਚ 1415 ਜਦੋਂ ਕਿ ਗਣਿਤ ਵਿਸ਼ੇ ’ਚ 1239 ਵਿਦਿਆਰਥੀ ਹੋਏ ਫੇਲ੍ਹ | PSEB Result
- ਪੰਜਾਬੀ ਵਿਸ਼ੇ ’ਚੋਂ ਗਣਿਤ ਨਾਲੋਂ ਜ਼ਿਆਦਾ ਵਿਦਿਆਰਥੀ ਹੋਏ ਫੇਲ੍ਹ | PSEB Result
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਜਾਰੀ ਕੀਤੇ ਨਤੀਜਿਆਂ ਵਿੱਚ ਵਿਦਿਆਰਥੀਆਂ ਦਾ ਅੰਗੇਰਜ਼ੀ ਵਿਸ਼ੇ ਵਿੱਚ ਜ਼ਿਆਦਾ ਹੱਥ ਤੰਗ ਰਿਹਾ ਹੈ। ਉਂਜ ਮਾਤ ਭਾਸ਼ਾ ਪੰਜਾਬੀ ਵਿਸ਼ੇ ਵਿੱਚ ਵੀ ਔਖੇ ਮੰਨੇ ਜਾਣ ਵਾਲੇ ਗਣਿਤ ਵਿਸ਼ੇ ਨਾਲੋਂ ਜ਼ਿਆਦਾ ਵਿਦਿਆਰਥੀ ਫੇਲ੍ਹ ਹੋਏ ਹਨ। ਪਿਛਲੇ ਸਾਲ ਪੰਜਾਬੀ ਵਿਸ਼ੇ ਵਿੱਚ ਜ਼ਿਆਦਾ ਵਿਦਿਆਰਥੀ ਫੇਲ੍ਹ ਹੋਏ ਸਨ, ਜਦੋਂ ਕਿ ਇਸ ਵਾਰ ਅੰਗਰੇਜ਼ੀ ਵਿਸ਼ਾ ਵਿਦਿਆਰਥੀਆਂ ਲਈ ਔਖਾ ਸਾਬਤ ਹੋਇਆ ਹੈ। (PSEB Result)
ਪੰਜਾਬੀ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨਤੀਜਿਆਂ ਉੱਪਰ ਜਦੋਂ ਘੌਖ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਸਭ ਤੋਂ ਵੱਧ ਵਿਦਿਆਰਥੀ ਅੰਗੇਰਜ਼ੀ ਵਿਸ਼ੇ ਵਿੱਚ ਫੇਲ੍ਹ ਹੋਏ ਹਨ। ਅੰਗਰੇਜ਼ੀ ਵਿਸ਼ੇ ਵਿੱਚ 281088 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ ਸੀ, ਜਦੋਂ ਕਿ 277743 ਵਿਦਿਆਰਥੀ ਪਾਸ ਹੋਏ ਹਨ। ਇਸ ਤਰ੍ਹਾਂ ਅੰਗਰੇਜ਼ੀ ਵਿਸ਼ੇ ਵਿੱਚ 3345 ਵਿਦਿਆਰਥੀ ਫੇਲ੍ਹ ਹੋਏ ਹਨ। ਪਿਛਲੇ ਸਾਲ ਦੇ ਨਤੀਜਿਆਂ ਵਿੱਚ 2176 ਵਿਦਿਆਰਥੀ ਅੰਗਰੇਜ਼ੀ ਵਿਸ਼ੇ ਵਿੱਚ ਫੇਲ੍ਹ ਹੋਏ ਸਨ ਜਦੋਂ ਕਿ ਇਸ ਵਾਰ ਫੇਲ੍ਹ ਹੋਣ ਵਾਲਿਆਂ ਦਾ ਅੰਕੜਾ ਵਧਿਆ ਹੈ।
ਸਾਲ ਸਾਲ 2024, 2023, 2022 ਦੇ ਵਿੱਚ ਫੇਲ ਹੋਣ ਵਾਲਿਆ ਗਿਣਤੀ ਜਿਆਦਾ
ਇਸ ਤੋਂ ਇਲਾਵਾ ਜੇਕਰ ਪੰਜਾਬੀ ਵਿਸ਼ੇ ਦੀ ਗੱਲ ਕੀਤੀ ਜਾਵੇ ਤਾ ਪੰਜਾਬੀ ਵਿਸ਼ੇ ਵਿੱਚੋਂ 1415 ਵਿਦਿਆਰਥੀ ਫੇਲ੍ਹ ਹੋਏ ਹਨ ਜਦੋਂ ਕਿ ਪਿਛਲੇ ਸਾਲ ਪੰਜਾਬੀ ਵਿੱਚੋਂ ਫੇਲ੍ਹ ਹੋਣ ਵਾਲਿਆਂ ਦੀ ਗਿਣਤੀ 2265 ਸੀ। ਇਸ ਸਾਲ 281034 ਵਿਦਿਆਰਥੀਆਂ ਵੱਲੋਂ ਪੰਜਾਬੀ ਵਿਸ਼ੇ ਵਿੱਚ ਪ੍ਰੀਖਿਆ ਦਿੱਤੀ ਗਈ ਸੀ ਅਤੇ ਇਸ ਵਿੱਚ 279619 ਵਿਦਿਆਰਥੀ ਪਾਸ ਹੋਏ ਹਨ। ਇਸੇ ਤਰ੍ਹਾਂ ਹੀ ਔਖਾ ਵਿਸ਼ਾ ਮੰਨੇ ਜਾਂਦੇ ਗਣਿਤ ਵਿੱਚੋਂ 1239 ਵਿਦਿਆਰਥੀ ਫੇਲ੍ਹ ਹੋਏ ਹਨ ਜਦੋਂ ਕਿ ਪਿਛਲੇ ਸਾਲ ਮੈਥ ਵਿਸ਼ੇ ਵਿੱਚੋਂ 730 ਵਿਦਿਆਰਥੀ ਫੇਲ੍ਹ ਹੋਏ ਸਨ। ਇਸ ਸਾਲ ਗਣਿਤ ਵਿੱਚ 281032 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ ਸੀ ਅਤੇ ਇਸ ਵਿਸ਼ੇ ਵਿੱਚੋਂ 279793 ਵਿਦਿਆਰਥੀ ਪਾਸ ਹੋਏ ਹਨ। ਇਸੇ ਤਰ੍ਹਾਂ ਹੀ ਹਿੰਦੀ ਵਿਸ਼ੇ ਵਿੱਚੋਂ ਸਭ ਤੋਂ ਘੱਟ ਵਿਦਿਆਰਥੀ ਫੇਲ੍ਹ ਹੋਏ ਹਨ। ਹਿੰਦੀ ਵਿੱਚੋਂ ਸਿਰਫ਼ 604 ਵਿਦਿਆਰਥੀ ਫੇਲ੍ਹ ਹੋਏ ਹਨ ਜਦੋਂ ਕਿ ਪਿਛਲੇ ਸਾਲ 1041 ਵਿਦਿਆਰਥੀ ਫੇਲ੍ਹ ਹੋਏ ਸਨ।
Also Read : Lok Sabha Election: ਮੁੱਖ ਮੰਤਰੀ ਭਜਨ ਲਾਲ ਨੇ ਪਾਈ ਵੋਟ
ਹਿੰਦੀ ਵਿਸ਼ੇ ਵਿੱਚ 280636 ਵਿਦਿਆਰਥੀ ਪ੍ਰੀਖਿਆ ਲਈ ਬੈਠ ਸਨ ਅਤੇ ਇਸ ਵਿੱਚੋਂ 280032 ਵਿਦਿਆਰਥੀ ਪਾਸ ਹੋਏ ਹਨ। ਸਾਇੰਸ ਵਿਸ਼ੇ ਵਿੱਚ 281020 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ ਸੀ ਅਤੇ ਇਸ ਵਿੱਚੋਂ 279101 ਵਿਦਿਆਰਥੀ ਪਾਸ ਹੋਏ ਹਨ ਜਦੋਂ ਕਿ 1919 ਵਿਦਿਆਰਥੀ ਫੇਲ੍ਹ ਹੋਏ ਹਨ। ਇਸੇ ਤਰ੍ਹਾਂ ਹੀ ਸੋਸ਼ਲ ਸਾਇੰਸ ਭਾਵ ਸਮਾਜ ਵਿਗਿਆਨ ਵਿਸ਼ੇ ਵਿੱਚ 1209 ਵਿਦਿਆਰਥੀ ਫੇਲ੍ਹ ਹੋਏ ਹਨ ਜਦੋਂ ਕਿ ਪਿਛਲੇ ਸਾਲ 1768 ਵਿਦਿਆਰਥੀ ਫੇਲ੍ਹ ਹੋਏ ਸਨ। ਸੋਸ਼ਲ ਸਾਇੰਸ ਵਿੱਚ 281032 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਦੋਂ ਕਿ 279823 ਵਿਦਿਆਰਥੀ ਪਾਸ ਹੋਏ ਸਨ। ਸੰਸਕ੍ਰਿਤ ਵਿਸ਼ੇ ਵਿੱਚ ਸਿਰਫ਼ 2 ਵਿਦਿਆਰਥੀ ਫੇਲ੍ਹ ਹੋਏ ਹਨ। 2640 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ , ਜਦੋਂ ਕਿ 2638 ਵਿਦਿਆਰਥੀ ਪਾਸ ਹੋਏ ਹਨ।