ਐੱਮਡੀ ਅਤੇ ਏਐੱਮਡੀ ਤੋਂ ਬਿਨਾਂ ਹੀ ਚੱਲ ਰਿਹੈ ਪੀਆਰਟੀਸੀ

PRTC

ਅੱਧੇ ਮਹੀਨੇ ਤੋਂ ਸਰਕਾਰ ਵੱਲੋਂ ਪੀਆਰਟੀਸੀ ਅੰਦਰ ਨਹੀਂ ਕੀਤੀ ਗਈ ਨਿਯੁਕਤੀ | PRTC

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਪਿਛਲੇ ਕਾਫ਼ੀ ਦਿਨਾਂ ਤੋਂ ਐੱਮਡੀ ਅਤੇ ਏਐੱਮਡੀ ਬਿਨਾਂ ਹੀ ਚੱਲ ਰਿਹਾ ਹੈ, ਜਿਸ ਕਾਰਨ ਪੀਆਰਟੀਸੀ ਅੰਦਰ ਕੰਮ-ਕਾਜ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰ ਵੱਲੋਂ ਪੀਆਰਟੀਸੀ ਅੰਦਰ ਨਾ ਹੀ ਕਿਸੇ ਅਧਿਕਾਰੀ ਨੂੰ ਕੋਈ ਵਾਧੂ ਚਾਰਜ ਦਿੱਤਾ ਹੋਇਆ ਹੈ। ਪੀਆਰਟਸੀ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਐੱਮਡੀ ਤੋਂ ਬਿਨਾਂ ਲਵਾਰਸ ਚੱਲ ਰਹੇ ਅਦਾਰੇ ਸਬੰਧੀ ਸੁਆਲ ਚੁੱਕੇ ਗਏ ਹਨ। ਜਾਣਕਾਰੀ ਅਨੁਸਾਰ 15 ਦਿਨ ਪਹਿਲਾਂ ਪੀਆਰਟੀਸੀ ਦੇ ਮੈਨੇਜ਼ਿੰਗ ਡਾਇਰੈਕਟਰ ਵਿਪੁਲ ਉਜਵਲ ਅਤੇ ਏਐੱਮਡੀ ਚਰਨਜੋਤ ਸਿੰਘ ਵਾਲੀਆ ਦੀ ਬਦਲੀ ਹੋ ਗਈ ਸੀ ਅਤੇ ਉਸ ਤੋਂ ਬਾਅਦ ਅਜੇ ਤੱਕ ਸਰਕਾਰ ਵੱਲੋਂ ਪੀਆਰਟੀਸੀ ਅੰਦਰ ਕਿਸੇ ਐੱਮਡੀ ਜਾਂ ਏਐੱਮਡੀ ਦੀ ਨਿਯੁਕਤੀ ਨਹੀਂ ਕੀਤੀ ਗਈ। (PRTC)

Also Read : ਆਈਐੱਸਆਈ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਤਿੰਨ ਮੈਂਬਰ ਹਥਿਆਰਾਂ ਸਮੇਤ ਕਾਬੂ

ਪੀਆਰਟੀਸੀ ਅੰਦਰ ਮੈਨੇੈਜ਼ਿੰਗ ਡਾਇਰੈਕਟਰ ਅਤੇ ਅਸਿਸਟੈਂਟ ਮੈਨੇਜ਼ਿੰਗ ਡਾਇਰੈਕਟਰ ਨਾ ਹੋਣ ਕਾਰਨ ਪੀਆਰਟੀਸੀ ਅੰਦਰ ਕੰਮਕਾਰ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਦੀ ਸਹੂਲਤ ਨਾਲ ਜੁੁੜਿਆ ਪੀਆਰਟੀਸੀ ਅਦਾਰਾ ਅਜਿਹੇ ਮਹੱਤਵਪੂਰਨ ਅਹੁਦਿਆਂ ਤੋਂ ਖਾਲੀ ਨਹੀਂ ਰਹਿਣਾ ਚਾਹੀਦਾ।

ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਚੁੱਕੇ ਗਏ ਸੁਆਲ, ਕੰਮ ਕਾਰ ਹੋ ਰਿਹਾ ਪ੍ਰਭਾਵਿਤ

ਮੌਜੂਦਾ ਸਮੇਂ ਵਿਭਾਗ ਅੰਦਰ ਸੈਂਕੜੇ ਬੱਸਾਂ ਚੱਲ ਰਹੀਆਂ ਹਨ ਅਤੇ ਹਜ਼ਾਰਾਂ ਮੁਲਾਜ਼ਮ ਜੁੜੇ ਹੋਏ ਹਨ, ਜਿਨ੍ਹਾਂ ਦੀਆਂ ਰੋਜ਼ਾਨਾ ਹੀ ਸਮੱਸਿਆਵਾਂ ’ਤੇ ਕੰਮਕਾਰ ਹੁੰਦੇ ਹਨ। ਐੱਮਡੀ ਅਤੇ ਏਐੱਮਡੀ ਨਾ ਹੋਣ ਕਾਰਨ ਮੁਲਾਜ਼ਮ ਵਰਗ ਔਖਾ ਦਿਖਾਈ ਦੇ ਰਿਹਾ ਹੈ। ਪੀਆਰਟੀਸੀ ਵਿੱਚ ਕੰਮ ਕਰਦੀਆਂ ਛੇ ਵੱਖਵੱਖ ਜਥੇਬੰਦੀਆਂ ’ਤੇ ਅਧਾਰਿਤ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ , ਮੈਂਬਰ ਬਲਦੇਵ ਰਾਜ ਬੱਤਾ, ਬਿਕਰਮਜੀਤ ਸ਼ਰਮਾ, ਨਸੀਬ ਚੰਦ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਦਾ ਕਹਿਣਾ ਹੈ ਕਿ ਅਰਸਾ 2 ਮਹੀਨੇ ਪਹਿਲਾਂ ਐੱਮਡੀ ਨੂੰ ਸਰਕਾਰ ਵੱਲੋਂ ਬਦਲ ਦਿੱਤਾ ਗਿਆ ਸੀ, ਹੁਣ ਉਨ੍ਹਾਂ ਨੂੰ 15 ਦਿਨ ਪਹਿਲਾਂ ਰਲੀਵ ਕਰ ਦਿੱਤਾ ਗਿਆ ਜਿਸ ਕਰਕੇ ਹੁਣ ਮਹਿਕਮਾ ਬਿਨਾਂ ਐੱਮਡੀ ਤੋਂ ਹੀ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਸੂਰਤ ਵਿੱਚ ਅਦਾਰੇ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਹਰ ਕਿਸਮ ਦੇ ਕੰਮ ਰੁਕੇ ਪਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਾਈਵੇਟ ਮਾਫੀਏ ਸਬੰਧੀ ਬੜੀ ਚਰਚਾ ਕਰਦੀ ਰਹਿੰਦੀ ਹੈ, ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਕਿਓਂ ਐੱਮਡੀ ਜਾਂ ਏਐੱਮਡੀ ਦੀ ਤਾਇਨਾਤੀ ਨਹੀਂ ਕੀਤੀ ਜਾ ਰਹੀ। ਇੱਥੋਂ ਤੱਕ ਕਿ ਕਿਸੇ ਅਧਿਕਾਰੀ ਨੂੰ ਵਾਧੂ ਚਾਰਜ ਵੀ ਵਕਤੀ ਤੌਰ ’ਤੇ ਨਹੀਂ ਦਿੱਤਾ ਗਿਆ।

ਦੱਸਣਯੋਗ ਹੈ ਕਿ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਲਗਾਤਾਰ ਆਪਣੀ ਜਿੰਮੇਵਾਰੀ ਨਿਭਾਈ ਜਾ ਰਹੀ ਹੈ ਅਤੇ ਉਹ ਮੁਲਾਜ਼ਮਾਂ ਨਾਲ ਜੁੜੇ ਮਸਲਿਆਂ ਨੂੰ ਲਗਾਤਾਰ ਹੱਲ ਕਰ ਰਹੇ ਹਨ।

ਇਸ ਮਾਮਲੇ ਸਬੰਧੀ ਜਦੋਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ