ਸੂਬੇ ’ਚ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ’ਤੇ ਡੂੰਘੀ ਚਿੰਤਾ ਪ੍ਰਗਟਾਈ
(ਸੁਭਾਸ਼ ਸ਼ਰਮਾ) ਫਰੀਦਕੋਟ। ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਲੱਕਾਂ ਦਾ ਕਚੂਮਰ ਕੱਢਣ ਵਾਲੇ ਵਾਧੇ ਕਾਰਨ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ ਜਿਸ ਦੀ ਮੁੱਖ ਜਿੰਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਹੈ।” ਇਹ ਦੋਸ਼ ਅੱਜ ਇੱਥੇ ਖੱਬੀਆਂ ਪਾਰਟੀਆਂ ਅਤੇ ਜਨਤਕ ਜੱਥੇਬੰਦੀਆਂ ਦੀ ਸਾਂਝੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਬਲਵੀਰ ਸਿੰਘ ਔਲਖ,ਅਪਾਰ ਸਿੰਘ ਸੰਧੂ, ਪ੍ਰਦੀਪ ਸਿੰਘ ਬਰਾੜ ਅਤੇ ਅਸ਼ੋਕ ਕੌਸ਼ਲ ਵੱਲੋਂ ਲਾਇਆ ਗਿਆ ।
ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ
ਮੀਟਿੰਗ ਤੋਂ ਬਾਅਦ ਵੱਧਦੀ ਮਹਿੰਗਾਈ ਦੇ ਵਿਰੋਧ ਵਿੱਚ ਮੋਦੀ ਸਰਕਾਰ ਦੇ ਖ਼ਿਲਾਫ਼ ਫ਼ਰੀਦਕੋਟ ਸ਼ਹਿਰ ਦੇ ਬਾਜ਼ਾਰਾਂ ਵਿਚ ਮੁਜ਼ਾਹਰਾ ਕੀਤਾ ਗਿਆ ਅਤੇ ਜਿਸ ਦੀ ਸਮਾਪਤੀ ਭਾਈ ਘਨ੍ਹੱਈਆ ਚੌਕ ਵਿੱਚ ਕੀਤੀ ਗਈ । ਵੱਖ-ਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੇ ਮਹਿੰਗੇ ਹੋਣ ਨਾਲ ਹਰ ਚੀਜ਼ ਮਹਿੰਗੀ ਹੋ ਗਈ ਹੈ। ਕਾਮਰੇਡ ਗੁਰਨਾਮ ਸਿੰਘ, ਗੋਰਾ ਪਿਪਲੀ, ਕਾਮਰੇਡ ਅਸ਼ਵਨੀ ਕੁਮਾਰ ਅਤੇ ਵੀਰ ਸਿੰਘ ਕੰਮੇਆਣਾ ਨੇ ਕਿਹਾ ਕਿ ਨਵੰਬਰ 2016 ਦੌਰਾਨ ਕੀਤੀ ਗਈ ਗਲਤ ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਅਤੇ ਰਹਿੰਦੀ ਕਸਰ ਕਮਾਈ ਵਾਲੇ ਸਰਕਾਰੀ ਜਨਤਕ ਖੇਤਰ ਦੇ ਅਦਾਰੇ ਕੌਡੀਆਂ ਦੇ ਭਾਅ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾਣ ਨੇ ਪੂਰੀ ਕਰ ਦਿੱਤੀ ਹੈ।
ਕਾਮਰੇਡ ਠਾਕਰ ਸਿੰਘ, ਗੁਰਚਰਨ ਸਿੰਘ ਮਾਨ, ਜਗਤਾਰ ਭਾਣਾ, ਮੁਖਤਿਆਰ ਸਿੰਘ ਭਾਣਾ ਅਤੇ ਕਾਮਰੇਡ ਸੁਖਦਰਸ਼ਨ ਰਾਮ ਔਲਖ਼ ਨੇ ਦੱਸਿਆ ਕਿ ਖੱਬੀਆਂ ਪਾਰਟੀਆਂ ਨੇ ਹਮੇਸ਼ਾ ਗਰੀਬ ਵਰਗ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਹੁਣ ਵੀ ਮੋਦੀ ਸਰਕਾਰ ਦੀਆਂ ਗਰੀਬ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਕਾਮਰੇਡ ਜਗਜੀਤ ਸਿੰਘ, ਬੀਬੀ ਵੀਰ ਪਾਲ ਕੌਰ ਅਤੇ ਮਨਪ੍ਰੀਤ ਕੌਰ ਨੇ 7 ਜੂਨ ਨੂੰ ਪਿੰਡ ਔਲਖ਼ ਵਿੱਚ ਕਾਮਰੇਡ ਅਮੋਲਕ ਸਿੰਘ ਦੀ 31ਵੀਂ ਬਰਸੀ ਸਮਾਗਮ ਤੇ ਵਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਇੱਕ ਮਤੇ ਰਾਹੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕੱਲ੍ਹ ਮਾਨਸਾ ਦੇ ਨੇੜੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਸਖਤ ਨਿਖੇਧੀ ਕਰਦੇ ਹੋਏ ਪੰਜਾਬ ਵਿੱਚ ਦਿਨੋ ਦਿਨ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਗਈ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਤੁਰੰਤ ਲੋੜੀਂਦੀ ਕਾਰਵਾਈ ਕਰਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ