ਸਹੁੰ ਚੁੱਕਣ ਤੋਂ ਪਹਿਲਾਂ ਹੀ ਮੁਲਾਜਮ ਭਗਵੰਤ ਮਾਨ (Bhagwant Mann) ਨੂੰ ਯਾਦ ਕਰਵਾਉਣ ਲੱਗੇ ਵਾਅਦੇ
- ਕਿਹਾ : ਮੰਗਾਂ ਪੂਰੀਆਂ ਕਰਕੇ ਧਰਨਿਆਂ ਦਾ ਕਲਚਰ ਬੰਦ ਕਰੇ ਸਰਕਾਰ
(ਸੁਖਜੀਤ ਮਾਨ) ਬਠਿੰਡਾ। ਵਿਧਾਨ ਸਭਾ ਚੋਣਾਂ ਦੌਰਾਨ ਰਿਕਾਰਡ ਬਹੁਮਤ ਹਾਸਿਲ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ’ਤੇ ਸੰਵਿਧਾਨਕ ਪ੍ਰਕਿਰਿਆ ਮੁਕੰਮਲ ਕਰਕੇ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਹੀ ਉਮੀਦਾਂ ਦਾ ਬੋਝ ਵਧਣ ਲੱਗਿਆ ਹੈ। ਆਮ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਇਲਾਵਾ ਮੁਲਾਜਮ ਜਥੇਬੰਦੀਆਂ ਨੇ ਭਗਵੰਤ ਮਾਨ (Bhagwant Mann ) ਨੂੰ ਉਹਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।
ਐਨਐਚਐਮ ਵਲੰਟੀਅਰ ਐਸੋਸੀਏਸ਼ਨ ਪੰਜਾਬ ਨੇ ਅੱਜ ਇੱਥੇ ਜਾਰੀ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਬਹੁਤ ਸਾਲਾਂ ਤੋਂ ਘੱਟ ਤਨਖਾਹਾਂ ’ਤੇ ਕੱਚੇ ਮੁਲਾਜਮ, ਜਿੰਨ੍ਹਾਂ ਵਿੱਚ ਆਊਟ ਸੋਰਸਸ ਕਰਮਚਾਰੀ ਵੀ ਸ਼ਾਮਿਲ ਹਨ, ਉਹਨਾਂ ਨੂੰ ਪੱਕੇ ਹੋਣ ਦੀ ਉਮੀਦ ਬੱਝੀ ਹੈ ਕਿਉਂਕਿ ਜਦੋਂ ਕਾਂਗਰਸ ਸਰਕਾਰ ਖ਼ਿਲਾਫ਼ ਧਰਨੇ ਲੱਗਦੇ ਸੀ ਤਾਂ ਉਹਨਾਂ ਧਰਨਿਆਂ ਵਿੱਚ ਆ ਕੇ ਆਪ ਆਗੂ ਹਰਪਾਲ ਸਿੰਘ ਚੀਮਾ ਤੇ ਅਨਮੋਲ ਗਗਨ ਮਾਨ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਕੱਚੇ ਮੁਲਾਜਮਾਂ ਨੂੰ ਪਹਿਲ ਦੇ ਅਧਾਰ ’ਤੇ ਪੱਕਾ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਬਠਿੰਡਾ ਪ੍ਰਧਾਨ ਨਰਿੰਦਰ ਕੁਮਾਰ ਨੇ ਦੱਸਿਆ ਕਿ ਅਕਾਲੀ ਸਰਕਾਰ ਨੇ 27 ਹਜ਼ਾਰ ਤੇ ਕਾਂਗਰਸ ਨੇ 36 ਹਜ਼ਾਰ ਮੁਲਾਜਮਾਂ ਨੂੰ ਪੱਕੇ ਕਰਨ ਦਾ ਝੂਠਾ ਲਾਰਾ ਲਾਈ ਰੱਖਿਆ ਪਰ ਸਾਰ ਕਿਸੇ ਨੇ ਨਹੀਂ ਲਈ।
ਮੰਗਾਂ ਪੂਰੀਆਂ ਕਰਕੇ ਧਰਨਿਆਂ ਦਾ ਕਲਚਰ ਬੰਦ ਕਰੇ ਸਰਕਾਰ
ਉਹਨਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕੇਂਦਰੀ ਤੇ ਰਾਜ ਸਕੀਮਾਂ ਵਿੱਚ ਕਾਫੀ ਘੱਟ ਤਨਖਾਹ ਤੇ ਮੁਲਾਜਮ ਕੰਮ ਕਰ ਰਹੇ ਹਨ, ਜਿੰਨ੍ਹਾਂ ਦੇ ਪਰਿਵਾਰਾਂ ਨੂੰ ਮਹਿੰਗਾਈ ਦੇ ਇਸ ਦੌਰ ਵਿੱਚ ਆਪਣਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਮੁਲਾਜਮ ਆਗੂ ਨੇ ਕਿਹਾ ਕਿ ਦਿੱਲੀ ਤੇ ਹਰਿਆਣਾ ਵਿੱਚ ਕੱਚੇ ਮੁਲਾਜਮਾਂ ਦੀਆਂ ਤਨਖਾਹਾਂ ਨੂੰ ਸਰਕਾਰੀ ਮੁਲਾਜਮਾਂ ਦੇ ਬਰਾਬਰ ਕੀਤਾ ਹੋਇਆ ਹੈ।
ਪੰਜਾਬ ਵਿੱਚ ਵੀ ਸਰਵ ਸਿੱਖਿਆ ਅਭਿਆਨ ਤਹਿਤ ਕੁਝ ਕਰਮਚਾਰੀ ਰੈਗੂਲਰ ਕੀਤੇ ਗਏ ਹਨ, ਉਸਨੂੰ ਰੋਲ ਮਾਡਲ ਮੰਨਦੇ ਹੋਏ ਸਾਰੇ ਹੀ ਵਿਭਾਗਾਂ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ। ਮੁਲਾਜਮ ਆਗੂਆਂ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਰੈਲੀਆਂ ਤਰ ਧਰਨਿਆਂ ਦਾ ਕਲਚਰ ਵੀ ਖਤਮ ਕਰਨਾ ਚਾਹੀਂਦਾ ਹੈ ਕਿਉਂਕਿ ਧਰਨਿਆਂ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੁਲਾਜਮਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਤਾਂ ਜੋ ਧਰਨਿਆਂ ਦੀ ਨੌਬਤ ਹੀ ਨਾ ਆਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ