ਮਹਿੰਗੀਆਂ ਕਾਰਾਂ ਦੀ ਬਜਾਇ ਸਾਇਕਲ ’ਤੇ ਵਿਚਰਦੇ ਨੇ ਆਪ ਵਿਧਾਇਕ ਗੁਰਦੇਵ ਮਾਨ

MLA Gurdev Mann Sachkahoon

ਹਲਕਾ ਵਾਸੀਆਂ ਨਾਲ ਰਾਬਤੇ ’ਚ ਸਹਾਈ ਹੁੰਦਾ ਹੈ ਸਾਈਕਲ : ਗੁਰਦੇਵ ਮਾਨ

(ਤਰੁਣ ਕੁਮਾਰ ਸ਼ਰਮਾ) ਨਾਭਾ। ਰਿਵਾਇਤੀ ਸਿਆਸੀ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਦੇ ਚੋਣਾਂ ਜਿੱਤਣ ਬਾਦ ‘ਤੂੰ ਕੌਣ ਮੈਂ ਕੌਣ’ ਦੀ ਤਰਜ਼ ’ਤੇ ਬਦਲਣ ਦੇ ਕ੍ਰਮ ਅਤੇ ਫਾਰਚੂਨਰ ਜਿਹੀਆਂ ਮਹਿੰਗੀਆਂ ਕਾਰਾਂ ’ਚ ਲੰਘਦੇ ਜੇਤੂ ਵਿਧਾਇਕਾਂ ਨੂੰ ਦੇਖ ਖੁਦ ਨੂੰ ਠੱਗਿਆ ਮਹਿਸੂਸ ਕਰਨ ਵਾਲੇ ਵੋਟਰਾਂ ਦੀ ਹੈਰਾਨੀ ਉਸ ਸਮੇਂ ਦੁੱਗਣੀ ਹੋ ਜਾਂਦੀ ਹੈ ਜਦੋਂ ਉਨ੍ਹਾਂ ਦਾ ਨਵਾਂ ਚੁਣਿਆ ਵਿਧਾਇਕ ਸਾਈਕਲ ’ਤੇ ਸਵਾਰ ਹੋ ਆਪਣੇ ਸ਼ਹਿਰ ਵਿੱਚ ਵਿਚਰਦਾ ਮਿਲਦਾ ਹੈ, ਸਮਾਰੋਹ ਵਿਚ ਸ਼ਾਮਲ ਹੁੰਦਾ ਨਜਰ ਆਉਂਦਾ ਹੈ। ਅਜਿਹੇ ਹੀ ਦਿਲਚਸਪ ਨਜ਼ਾਰੇ ਨਾਲ ਹਲਕਾ ਨਾਭਾ ਵਿਖੇ ਅਕਸਰ ਨਜ਼ਰ ਆਉਂਦੇ ਹਲਕੇ ਦੇ ਜੇਤੂ ਆਪ ਵਿਧਾਇਕ ਗੁਰਦੇਵ ਸਿੰਘ ਮਾਨ ਸਾਈਕਲ ਚਲਾਉਂਦੇ ਹੋਏ ਹਲਕਾ ਵਾਸੀਆਂ ਕੋਲ ਪੁੱਜਦੇ ਅਤੇ ਵਿਚਰਦੇ ਨਜ਼ਰ ਆਉਂਦੇ ਹਨ।

‘ਸਾਈਕਲ’ ਆਪ ਜੇਤੂ ਵਿਧਾਇਕ ਗੁਰਦੇਵ ਸਿੰਘ ਮਾਨ ਦਾ ਹਮੇਸ਼ਾਂ ਹੀ ਮਨਪਸੰਦ ਸਾਧਨ ਰਿਹਾ ਹੈ। ਸਾਈਕਲ ਸਵਾਰੀ ਕਰਦੇ ਸਮੇਂ ਜਿੱਥੇ ਗੁਰਦੇਵ ਮਾਨ ਰੁਕਦੇ ਹਨ, ਸਮੱਰਥਕਾਂ ਸਣੇ ਹਲਕਾ ਵਾਸੀਆਂ ਸਮੇਤ ਲੋਕ ਕਚਹਿਰੀ ਲੱਗ ਜਾਂਦੀ ਹੈ। ਗੁਰਦੇਵ ਸਿੰਘ ਮਾਨ ਨੇ ਆਪਣੇ ਨਾਮਜ਼ਦਗੀ ਪੱਤਰ ਵੀ ਸਾਈਕਲ ’ਤੇ ਸਵਾਰ ਹੋ ਰਿਟਰਨਿੰਗ ਅਫਸਰ ਦਫਤਰ ਤੱਕ ਪੁੱਜ ਕੇ ਭਰੇ ਸਨ। ਬੇਮਿਸਾਲ ਭਾਰੀ ਲੀਡ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਆਪ ਜੇਤੂ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਆਪਣਾ ਪੁਰਾਣਾ ਵਤੀਰਾ ਬਦਸਤੂਰ ਜਾਰੀ ਰੱਖਿਆ ਹੋਇਆ ਹੈ। ਉਹ ਸਾਈਕਲ ’ਤੇ ਸਵਾਰ ਹੋ ਕੇ ਹੀ ਹਲਕਾ ਵਾਸੀਆਂ ਤੱਕ ਪੁੱਜਦੇ ਹਨ ਅਤੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ। ਜ਼ਿਕਰਯੋਗ ਹੈ ਕਿ ਅਜਿਹਾ ਵਤੀਰਾ ਹਲਕੇ ਦੇ ਜੇਤੂ ਵਿਧਾਇਕਾਂ ਵਿੱਚੋਂ ਕਿਸੇ ਨੇ ਵੀ ਕਰਨ ਦਾ ਨਾ ਹੀ ਉਪਰਾਲਾ ਕੀਤਾ ਹੈ ਅਤੇ ਨਾ ਹੀ ਸੋਚ ਰੱਖੀ ਹੈ।

ਜੇਤੂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਇਹ ਵਿਲੱਖਣ ਵਤੀਰਾ ਸ਼ਹਿਰਵਾਸੀਆਂ ਦੀ ਦਿਲਚਸਪੀ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਨਾਲ ਮਿਲ ਕੇ ਖੁਸ਼ੀ ਅਤੇ ਸੰਤੁਸ਼ਟੀ ਮਹਿਸੂਸ ਕਰ ਰਹੇ ਹਲਕਾ ਵਾਸੀਆਂ ਨੇ ਉਮੀਦ ਕੀਤੀ ਕਿ ਜੇਕਰ ਗੁਰਦੇਵ ਸਿੰਘ ਦੇਵ ਮਾਨ ਇਸੇ ਪ੍ਰਕਾਰ ਆਮ ਲੋਕਾਂ ਨਾਲ ਹੇਠਲੇ ਪੱਧਰ ਤੋਂ ਜੁੜਨ ਦੀ ਪ੍ਰਕਿਰਿਆ ਨੂੰ ਜਾਰੀ ਰੱਖਦੇ ਹਨ ਤਾਂ ਸਾਨੂੰ ਆਪਣੀਆਂ ਸਮੱਸਿਆਵਾਂ ਉਨ੍ਹਾਂ ਨਾਲ ਸਾਂਝੀਆਂ ਕਰਨੀਆਂ ਸੁਖਾਲੀਆਂ ਰਹਿਣਗੀਆਂ। ਹਲਕਾ ਨਾਭਾ ਤੋਂ ਆਪ ਜੇਤੂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸਭ ਤੋਂ ਪਹਿਲਾਂ ਹਲਕਾ ਵਾਸੀਆਂ ਦੇ ਮਿਲੇ ਭਰਪੂਰ ਪਿਆਰ ਅਤੇ ਸਤਿਕਾਰ ਦਾ ਤਹਿ ਦਿਲੋਂ ਧੰਨਵਾਦੀ ਹੁੰਦਿਆਂ ਕਿਹਾ ਕਿ ਸਾਇਕਲ ਆਮ ਆਦਮੀ ਨਾਲ ਜੁੜਿਆ ਸਭ ਤੋਂ ਸਸਤਾ ਪਹਿਲਾ ਸਾਧਨ ਹੁੰਦਾ ਹੈ। ਸਪੀਡ ਘੱਟ, ਜਿੱਥੇ ਮਰਜ਼ੀ ਰੋਕ ਲਵੋ, ਸਭ ਨੂੰ ਮਿਲਣ ਦਾ ਮੌਕਾ ਸਾਈਕਲ ’ਤੇ ਹੀ ਮਿਲਦਾ ਹੈ। ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਮੈਂ ਸਾਈਕਲ ਉੱਤੇ ਸਵਾਰ ਹੋ ਕੇ ਆਪਣੇ ਹਲਕੇ ਦੇ ਪਿਆਰੇ ਅਤੇ ਸਤਿਕਾਰਯੋਗ ਵਾਸੀਆਂ ਨੂੰ ਮਿਲਦਾ ਹਾਂ। ਮੇਰੇ ਅਤੇ ਹਲਕਾ ਵਾਸੀਆਂ ਵਿਚਕਾਰਲੇ ਰਾਬਤੇ ਨੂੰ ਕਾਇਮ ਕਰਨ ਵਿੱਚ ਸਾਈਕਲ ਮੇਰੇ ਲਈ ਬਹੁਤ ਸਹਾਈ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ