ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home ਇੱਕ ਨਜ਼ਰ ਦਿੱਲੀ-ਅੰਮ੍ਰਿਤ...

    ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਹਾਈਵੇਅ ਬਣਨ ਦੀ ਮੁਢਲੀ ਪ੍ਰਕ੍ਰਿਆ ਆਰੰਭ

    ਜ਼ਿਲ੍ਹਾ ਸੰਗਰੂਰ ਦੇ ਵੱਡੀ ਗਿਣਤੀ ਪਿੰਡ ਆਉਣ ਪ੍ਰਾਜੈਕਟ ‘ਚ

    ਸੰਗਰੂਰ, (ਗੁਰਪ੍ਰੀਤ ਸਿੰਘ)। ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਹਾਈਵੇਅ ਬਣਨ ਦੀ ਮੁਢਲੀ ਪ੍ਰਕ੍ਰਿਆ ਆਰੰਭ ਹੋ ਗਈ ਹੈ। ਬਹੁ ਕਰੋੜੀ ਇਸ ਪ੍ਰਾਜੈਕਟ ਨੂੰ ਲੈ ਕੇ ਜ਼ਮੀਨਾਂ ਅਕਵਾਇਰ ਕਰਨ ਲਈ ਨਿਸ਼ਾਨਦੇਹੀ ਹੋ ਚੁੱਕੀ ਹੈ। ਪੰਜਾਬ ਦੇ 178 ਪਿੰਡਾਂ ਦੀ ਜ਼ਮੀਨ ‘ਤੇ ਇਸ ਪ੍ਰਾਜੈਕਟ ਦੀ ਰੂਪ ਰੇਖਾ ਉਲੀਕੀ ਗਈ ਹੈ। ਫਿਲਹਾਲ ਪੰਜਾਬ ਦੇ ਲੋਕਾਂ ਨੂੰ ਇਸ ਪ੍ਰਾਜੈਕਟ ਬਾਰੇ ਬਹੁਤਾ ਕੁਝ ਨਹੀਂ ਪਤਾ ਲੱਗਿਆ ਪਰ ਜਾਣਕਾਰ ਲੋਕਾਂ ਨੂੰ ਇਹ ਧੁੜਕੂ ਜ਼ਰੂਰ ਲੱਗਿਆ ਹੋਇਆ ਹੈ ਕਿ ਜੇਕਰ ਪ੍ਰਾਜੈਕਟ ਲਈ ਕਿਸਾਨਾਂ ਤੋਂ ਜ਼ਮੀਨਾਂ ਸਰਕਾਰੀ ਰੇਟ ‘ਤੇ ਖਰੀਦੀਆਂ ਜਾਣਗੀਆਂ ਜਿਸ ਵਿੱਚ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ ਪਰ ਜੇਕਰ ਜ਼ਮੀਨਾਂ ਦਾ ਮੁੱਲ ਮਾਰਕੀਟ ਰੇਟ ਦੇ ਹਿਸਾਬ ਨਾਲ ਤੈਅ ਹੋਵੇਗਾ ਤਦੇ ਹੀ ਕਿਸਾਨਾਂ ਨੂੰ ਇਹ ਮਨਜ਼ੂਰ ਹੋਵੇਗਾ।

    ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਪਾਤੜਾਂ ਤੇ ਪਿੰਡ ਗਲੋਲੀ ਤੋਂ ਇਹ ਹਾਈਵੇਅ ਪੰਜਾਬ ਵਿੱਚ ਦਾਖ਼ਲ ਹੋਵੇਗਾ ਅਤੇ ਜ਼ਿਲ੍ਹਾ ਸੰਗਰੂਰ ਦੇ ਕਸਬਾ ਦਿੜ੍ਹਬਾ, ਭਵਾਨੀਗੜ੍ਹ, ਸੰਗਰੂਰ, ਧੂਰੀ, ਮਾਲੇਰਕੋਟਲਾ ਦੇ ਕਈ ਪਿੰਡਾਂ ਨੂੰ ਟੱਚ ਕਰਦਾ ਹੋਇਆ ਪੰਜਾਬ ਵਿੱਚ 277 ਕਿਲੋਮੀਟਰ ਤੱਕ ਦਾ ਘੇਰਾ ਵਗਲੇਗਾ। ਪੰਜਾਬ ਦੇ 178 ਪਿੰਡਾਂ ਦੀ ਜ਼ਮੀਨ ਇਸ ਪ੍ਰਾਜੈਕਟ ਲਈ ਅਕਵਾਇਰ ਕੀਤੀ ਜਾਵੇਗੀ। ਇਸ ਪ੍ਰਾਜੈਕਟ ਬਾਰੇ ਕਿਸਾਨਾਂ ਨੂੰ ਹਾਲੇ ਤੱਕ ਕੋਈ ਜ਼ਿਆਦਾ ਇਲਮ ਨਹੀਂ ਹੈ।

    ਭਵਾਨੀਗੜ੍ਹ ਨੇੜਲੇ ਪਿੰਡ ਦੇ ਕਿਸਾਨ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲੇ ਤਾਂ ਸਬੰਧਿਤ ਵਿਭਾਗ ਦੇ ਵਿਅਕਤੀਆਂ ਵੱਲੋਂ ਪਿੰਡਾਂ ਦੀਆਂ ਜ਼ਮੀਨਾਂ ਵਿੱਚ ਬੁਰਜ਼ੀਆਂ ਬਗੈਰਾ ਲਾਈਆਂ ਜਾ ਰਹੀਆਂ ਹਨ, ਮਿੱਟੀ ਵਗੈਰਾ ਚੈੱਕ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਸਿਰਫ਼ ਇਹ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਕਿੰਨੀ ਵਾਹੀਯੋਗ ਜ਼ਮੀਨ, ਘਰ, ਪੋਲਟਰੀ ਫਾਰਮ, ਸ਼ੈਲਰ ਆਦਿ ਇਸ ਵਿੱਚ ਆਉਂਦੇ ਹਨ। ਉਸ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ ਕਿ ਇਸ ਦਾ ਸਰਕਾਰੀ ਰੇਟ ਦਿੱਤਾ ਜਾਵੇਗਾ ਜਾਂ ਫਿਰ ਮਾਰਕੀਟ ਰੇਟ ਦੇ ਹਿਸਾਬ ਨਾਲ ਜ਼ਮੀਨ ਲਈ ਜਾਵੇਗੀ।

    ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੀਨੀਅਰ ਆਗੂ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਹਾਈਵੇਜ਼ ਦੇ ਇਸ ਪ੍ਰਾਜੈਕਟ ਲਈ ਕਿਸਾਨਾਂ ਦੀਆਂ ਵੱਡੀ ਗਿਣਤੀ ਜ਼ਮੀਨਾਂ ਅਕਵਾਇਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸਾਨਾਂ ਦੀਆਂ ਜ਼ਮੀਨਾਂ ਰੋਕਣ ਦੇ ਪਹਿਲਾਂ ਤੋਂ ਹੀ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਜ਼ਮੀਨਾਂ ਦਿਨੋਂ ਦਿਨ ਘਟਦੀਆਂ ਜਾ ਰਹੀਆਂ ਹਨ ਤੇ ਦੇਸ਼ ਵਿੱਚ ਸੜਕਾਂ ਦੀ ਬਹੁਤਾਤ ਹੈ ਅਤੇ ਹੁਣ ਸੜਕਾਂ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਕਿਸ ਲਈ ਤਿਆਰ ਕੀਤਾ ਜਾ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ।

    ਸੰਗਰੂਰ ਤੋਂ ਦਿੱਲੀ ਤੱਕ ਦਾ ਸਫ਼ਰ ਮਹਿਜ ਤਿੰਨ ਘੰਟਿਆਂ ‘ਚ

    ਦਿੱਲੀ-ਅੰਮ੍ਰਿਤਸਰ-ਕੱਟੜਾ ਹਾਈਵੇਜ਼ ਐਕਸਪ੍ਰੈਸ ਦੇ ਬਣਨ ਨਾਲ ਸੰਗਰੂਰ ਤੋਂ ਦਿੱਲੀ ਤੱਕ ਦਾ ਸਫ਼ਰ ਮਹਿਜ ਤਿੰਨ ਘੰਟਿਆਂ ਵਿੱਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਸੰਗਰੂਰ ਤੋਂ ਦਿੱਲੀ ਜਾਣ ਲਈ 6 ਘੰਟਿਆਂ ਦਾ ਸਮਾਂ ਲੱਗਦਾ ਹੈ।  ਨਵੀਂ ਬਣਨ ਵਾਲੇ ਇਸ ਹਾਈਵੇਜ਼ ‘ਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀਆਂ ਚਲਾਉਣ ਦਾ ਵੀ ਦਾਅਵਾ ਹੈ ਪਰ ਇਹ ਪ੍ਰਾਜੈਕਟ ਦਾ ਹਾਲੇ ਆਰੰਭ ਹੈ, ਇਸ ਵਿੱਚ ਕੀ-ਕੀ ਔਕੜਾਂ ਆਉਣਗੀਆਂ, ਕਿਸਾਨ ਆਪਣੀਆਂ ਜ਼ਮੀਨਾਂ ਦੀ ਅਕਵਾਇਰਮੈਂਟ ਲਈ ਕੀ ਰੁਖ਼ ਅਪਣਾਉਣਗੇ ਇਹ ਵੇਖਣ ਵਾਲੀ ਗੱਲ ਹੋਵੇਗੀ।

    ਜ਼ਿਲ੍ਹਾ ਸੰਗਰੂਰ ਦੇ ਇਨ੍ਹਾਂ ਪਿੰਡਾਂ ਦੀ ਹੋਵੇਗੀ ਜ਼ਮੀਨ ਅਕਵਾਇਰ

    ਬਲਾਕ ਭਵਾਨੀਗੜ੍ਹ ਦੇ ਨਰਾਇਣਗੜ੍ਹ, ਰਾਮਗੜ੍ਹ, ਝਨੇੜੀ, ਕਪਿਆਲ, ਬਟੜਿਆਣਾ, ਰੌਸ਼ਨਵਾਲਾ, ਹਰਕ੍ਰਿਸ਼ਨਪੁਰਾ, ਫੱਗੂਵਾਲਾ, ਖੇੜੀ ਚੰਦਵਾਂ, ਮਾਲੇਰਕੋਟਲਾ ਬਲਾਕ ਦੇ ਭੈਣੀ ਕਲਾਂ, ਮਾਣਕਮਾਜਰਾ, ਮੁਹੰਮਦ ਨਗਰ, ਮਾਮਨਾਬਾਦ, ਹਥੌਆ, ਬੀੜ ਅਹਿਮਦਾਬਾਦ, ਹੈਦਰ ਨਗਰ, ਬਾਦਸ਼ਾਹਪੁਰ, ਰਾਣਵਾਂ, ਸਰੌਦ, ਭੋਗੀਵਾਲ, ਦਿੜ੍ਹਬਾ ਬਲਾਕ ਦੇ ਧਰਮਗੜ੍ਹ, ਸਫੀਪੁਰ ਖੁਰਦ, ਸਿਹਾਲ, ਮਨਸ਼ੀਵਾਲਾ, ਦਿਆਲਗੜ੍ਹ ਜੇਜੀਆਂ, ਸਫੀਪੁਰ ਕਲਾਂ, ਕਮਾਲਪੁਰ, ਸੁਨਾਮ ਬਲਾਕ ਦੇ ਘਨੌੜ ਜੱਟਾਂ, ਸੰਗਰੂਰ ਬਲਾਕ ਦੇ ਸੰਤੋਖਪੁਰਾ, ਬਲਾਕ ਧੂਰੀ ਦੇ ਭਲਵਾਨ, ਪਲਾਸੌਰ, ਮੀਰਹੇੜੀ, ਭੁੱਲਰਹੇੜੀ, ਭੱਦਲਵੱਢ, ਜੱਖਲਾਂ, ਬੰਗਾਂਵਾਲ, ਈਸੀ, ਰਾਜਿੰਦਰ ਪੁਰੀ, ਬਨਭੌਰੀ, ਭਸੌੜ, ਕੌਲਸੇੜੀ, ਸ਼ੇਰਪੁਰ ਸੋਢੀਆਂ, ਧਾਂਦਰਾ, ਅਹਿਮਦਗੜ੍ਹ ਬਲਾਕ ਦੇ ਦਿਲਾਵਰਗੜ੍ਹ, ਰੋਹੀੜਾ, ਕੁੱਪ ਕਲਾਂ, ਅਸਦੁਲਪੁਰ, ਬੌੜਹਾਲੀ ਕਲਾਂ, ਦਹਿਲੀਜ਼ ਕਲਾਂ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here