ਬਿੱਲ ਨਾ ਭਰਨ ਕਾਰਨ Powercom ਨੇ ਚਾਰ ਪਿੰਡਾਂ ਦੀ ਐਕਸਚੇਂਜ ਦੀ ਸਪਲਾਈ ਕੱਟੀ

ਇਸ ਨਾਲ ਟੈਲੀਫੋਨ ਮਹਿਕਮੇ ਨੂੰ ਵੀ ਲੱਖਾਂ ਰੁਪਏ ਦਾ ਨੁਕਸਾਨ ਹੋਇਆ

ਮਾਲੇਰਕੋਟਲਾ,  (ਗੁਰਤੇਜ ਜੋਸ਼ੀ) ਸੰਗਰੂਰ ਜਿਲ੍ਹਾ ਦੀ ਅਮਰਗੜ੍ਹ ਸਬ ਤਹਿਸੀਲ ਦੇ ਅਧੀਨ ਚੱਲ ਰਹੀਆਂ ਟੈਲੀਫੋਨ ਐਕਸਚੇਂਜ ਰਾਮਪੁਰ ਛੰਨਾ, ਢਢੋਗਲ, ਭੱਟੀਆਂ ਅਤੇ ਝੱਲ ਪਿੰਡਾਂ ਦੇ ਟੈਲੀਫੋਨ ਟਾਵਰ ਦਾ ਲੱਖਾਂ ਰੁਪਏ ਦਾ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਪਾਵਰਕੌਮ ਨੇ ਇਨ੍ਹਾਂ ਦਫਤਰਾਂ ਦੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਇਨ੍ਹਾਂ ਰਾਹੀਂ ਟੈਲੀਫੋਨ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਦਰਜਨਾਂ ਪਿੰਡਾਂ ਦੇ ਲੋਕ ਜਿਹੜੇ ਕਿ ਹਜਾਰਾਂ ਦੀ ਗਿਣਤੀ ਵਿੱਚ ਹਨ, ਜੋ ਕਿ ਲੱਖਾਂ ਰੁਪਏ ਦਾ ਭੁਗਤਾਨ ਟੈਲੀਫੋਨ ਮਹਿਕਮੇ ਨੂੰ ਕਰਦੇ ਹਨ ਉਹ ਪਿਛਲੇ ਕਰੀਬ 5 ਦਿਨਾਂ ਤੋਂ ਆਪਣੀ ਸਹੂਲਤ ਪ੍ਰਾਪਤ ਨਹੀਂ ਕਰ ਸਕੇ।

ਜਿਸ ਨਾਲ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਇਸ ਨਾਲ ਟੈਲੀਫੋਨ ਮਹਿਕਮੇ ਨੂੰ ਵੀ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਅਮਰਗੜ੍ਹ ਵਿੱਚ ਪਾਵਰਕੌਮ ਦੇ ਐਸ ਡੀ ਓ ਰਜਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦਾ ਟੈਲੀਫੋਨ ਮਹਿਕਮੇ ਦੀਆਂ ਇਨ੍ਹਾਂ ਐਕਸਚੇਂਜ ਜਿਨ੍ਹਾਂ ਵਿੱਚ ਰਾਮਪੁਰ ਛੰਨਾ 129244/ਰੁਪਏ, ਭੱਟੀਆਂ 136569/ਰੁਪਏ, ਢਢੋਗਲ 189404/ਰੁਪਏ ਅਤੇ ਟੈਲੀਫੋਨ ਟਾਵਰ ਝੱਲ ਵੱਲ 89790/ਰੁਪਏ ਦੀ ਬਕਾਇਆ ਰਾਸ਼ੀ ਬਹੁਤ ਲੰਮੇ ਸਮੇਂ ਤੋਂ ਰਹਿੰਦੀ ਸੀ, ਨੂੰ ਨਾ ਭਰਨ ਕਰਕੇ ਪਾਵਰਕੌਮ ਦੇ ਉਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਦੀ ਬਿਜਲੀ ਦਾ ਕੁਨੈਕਸ਼ਨ 18 ਦਸੰਬਰ ਨੂੰ ਜੀ ਐਸ ਗੁਰਮ ਐਕਸ਼ਨ ਨਾਭਾ ਦੀ ਅਗਵਾਈ ਵਿਚ ਕੱਟਿਆ ਗਿਆ ਹੈ।

ਬਕਾਇਆ ਰਾਸ਼ੀ ਦੀ ਅਦਾਇਗੀ ਤੋਂ ਬਾਅਦ ਹੀ ਇਨ੍ਹਾਂ ਪਿੰਡਾਂ ਦੀਆਂ ਐਕਸਚੇਂਜ ਦੀ ਸਪਲਾਈ ਚਾਲੂ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਟੈਲੀਫੋਨ ਮਹਿਕਮੇ ਦੇ ਅਮਰਗੜ੍ਹ ਵਿੱਚ ਤਾਇਨਾਤ ਜੇ ਈ ਮੁਹੰਮਦ ਇਮਰਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਵੀ ਜਾਣਕਾਰੀ ਦੇਣ ਦੀ ਬਜਾਏ ਉਲਟਾ ਇਹ ਸਵਾਲ ਕੀਤਾ ਕਿ ਤੁਸੀਂ ਮੇਰਾ ਨੰਬਰ ਕਿੱਥੋਂ ਲਿਆ ਹੈ ਅਤੇ ਕੋਈ ਵੀ ਜਾਣਕਾਰੀ ਲਈ ਦਫਤਰ ਆਉਣ ਦਾ ਹੁਕਮ ਚਾੜ੍ਹ ਦਿੱਤਾ। ਇਸ ਸਬੰਧੀ ਜਾਣਕਾਰੀ ਲੈਣ ਲਈ ਜਿਲ੍ਹਾ ਸੰਗਰੂਰ ਦੇ ਡੀ.ਜੀ.ਐਮ. ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪਤਾ ਕਰਕੇ ਹੀ ਇਸ ਬਾਰੇ  ਕੁੱਝ ਦੱਸ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।