ਪਾਵਰਕਾਮ ਕੱਚੇ ਕਾਮਿਆਂ ਵੱਲੋਂ ਮੰਗਾਂ ਦਾ ਹੱਲ ਨਾ ਕਰਨ ਅਤੇ ਕੰਪਨੀਆਂ ਲਿਆਉਣ ਦੇ ਵਿਰੋਧ ’ਚ ਤਕੜੇ ਸੰਘਰਸ਼ ਦਾ ਐਲਾਨ

25 ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਅਤੇ 31 ਨੂੰ ਪਰਿਵਾਰਾਂ ਸਮੇਤ ਪਟਿਆਲੇ ਕੂਚ ਕਰਨ ਦਾ ਕੀਤਾ ਐਲਾਨ

(ਜਸਵੀਰ ਸਿੰਘ ਗਹਿਲ) ਬਰਨਾਲਾ। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਜਥੇਬੰਦੀ ਨੇ ਕੱਚੇ ਕਾਮਿਆਂ ਦੀ ਮੰਗਾਂ ਦਾ ਹੱਲ ਨਾ ਕਰਨ ਅਤੇ ਕੰਪਨੀਆਂ ਲਿਆਉਣ ਦੇ ਵਿਰੋਧ ’ਚ ਤਕੜਾ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਜਿਸ ਤਹਿਤ 25 ਅਗਸਤ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਅਤੇ 31 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਪਰਿਵਾਰਾਂ ਸਮੇਤ ਕੂਚ ਕਰਨ ਦਾ ਪੋ੍ਰਗਰਾਮ ਉਲੀਕਿਆ ਹੈ।

ਸੂਬਾ ਸਕੱਤਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਟਿਆਲਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਇਸ਼ਾਰੇ ’ਤੇ ਸੰਘਰਸ਼ ਕਰ ਰਹੇ ਕਾਮਿਆਂ ਤੇ ਉਨਾਂ ਦੇ ਪਰਿਵਾਰਾਂ/ਬੱਚਿਆਂ ’ਤੇ ਕੀਤੇ ਲਾਠੀਚਾਰਜ ਦੀ ਬਦੌਲਤ ਚੇਅਰਮੈਂਨ ਵੇਣੂੰ ਪ੍ਰਸ਼ਾਦ ਨਾਲ ਮੀਟਿੰਗ ਦਾ ਸਮਾਂ ਤੈਅ ਹੋਇਆ ਸੀ ਜਿਸ ਨੂੰ ਮਨੇਜਮੈਂਟ ਵੱਲੋਂ 27 ਅਗਸਤ ਤੋਂ ਪਹਿਲਾਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਉਨਾਂ ਦੱਸਿਆ ਕਿ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਹੋਈ ਮੌਤ ਜਾਂ ਅਪੰਗ ਹੋ ਜਾਣ ਦੇ ਇਵਜ਼ ਵਜੋਂ ਕਾਮੇ ਦੇ ਪਰਿਵਾਰਕ ਮੈਂਬਰ ਨੂੰ ਕੋਈ ਮੁਆਵਜਾ ਅਤੇ ਆਰਥਿੱਕ ਮਦਦ ਮੁਹੱਈਆ ਨਹੀ ਕਰਵਾਈ ਜਾਂਦੀ ਅਤੇ ਨਾ ਹੀ ਟੈਂਡਰ ’ਚ ਮਿਲਣਯੋਗ ਕੋਈ ਸਹੂਲਤ ਦਿੱਤੀ ਜਾਂਦੀ ਹੈ, ਸਗੋਂ ਕਾਮਿਆਂ ਨੂੰ ਸਰਕਾਰ ਦੇ ਰੇਟਾਂ ਤੋਂ ਘੱਟ ਤਨਖ਼ਾਹਾਂ, ਈ.ਪੀ.ਐਫ, ਈ ਐਸ ਆਈ ਚਲਾਨ ਨਾ ਭਰਕੇ, ਕੰਮ ਕਰਨ ਲਈ ਟੀ ਐਂਡ ਪੀ ਸਾਮਾਨ ਮੁਹੱਈਆ ਨਾ ਕਰਵਾ ਕੇ ਅਫ਼ਸਰਸ਼ਾਹੀ ਦੀ ਕਥਿੱਤ ਮਿਲੀਭੁਗਤ ਕਾਰਨ ਅਰਬਾਂ ਰੁਪਿਆਂ ਦੀ ਲੁੱਟ ਕੀਤੀ ਜਾ ਰਹੀ ਹੈ।

ਹੁਣ ਨਿੱਜੀਕਰਨ ਦੇ ਹੱਲੇ ਨੂੰ ਤੇਜ਼ ਕਰਦਿਆਂ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਵੱਡੀਆਂ ਕੰਪਨੀਆਂ ਨੂੰ ਸੀ ਐਚ ਬੀ ਠੇਕਾ ਕਾਮਿਆਂ ਦਾ ਠੇਕਾ ਦੇ ਕੇ ਕਾਮਿਆਂ ਤੇ ਖਪਤਕਾਰਾਂ ਦੀ ਲੁੱਟ ਕਰਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਜਿਸ ਦਾ ਖਮਿਆਜ਼ਾ ਸੂਬੇ ਦੇ ਲੋਕਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਪਹਿਲਾਂ ਹੀ ਬਿਜਲੀ ਬੋਰਡ ਨੂੰ ਤੋੜਦਿਆਂ ਦੋ ਕਾਰਪੋਰੇਸ਼ਨਾਂ ’ਚ ਵੰਡ ਕੇ ਬਿਜਲੀ ਦੇ ਭਾਅ ਮਹਿੰਗੇ ਕੀਤੇ ਗਏ ਅਤੇ ਰੁਜਗਾਰ ਦੀ ਗਾਰੰਟੀ ਨੂੰ ਖਤਮ ਕਰ ਦਿੱਤਾ ਗਿਆ। ਆਗੂਆਂ ਦੱਸਿਆ ਕਿ ਅੱਜ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਧਨਾਢ ਕੰਪਨੀਆਂ ਨੂੰ ਵਾਪਸ ਮੋੜਿਆ ਜਾਵੇ, ਸੀ ਐਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਨੂੰ ਵਿਭਾਗ ’ਚ ਲਿਆ ਕੇ ਰੈਗੂਲਰ ਕੀਤਾ ਜਾਵੇ, ਕੱਢੇ ਗਏ ਕਾਮਿਆਂ ਨੂੰ ਬਹਾਲ ਕੀਤਾ ਜਾਵੇ, ਠੇਕਾ ਕਾਮਿਆਂ ਨਾਲ ਹੋਈ ਅੰਨੀ ਲੁੱਟ ਦਾ ਅਰਬਾਂ ਰੁਪਿਆ ਠੇਕਾ ਕਾਮਿਆਂ ਨੂੰ ਵਾਪਸ ਦਿਵਾਇਆ ਜਾਵੇ, ਨਿੱਜੀਕਰਨ ਦਾ ਹੱਲਾ ਬੰਦ ਕੀਤਾ ਜਾਵੇ, ਡਿਊਟੀ ਦੌਰਾਨ ਹਾਦਸਾਗ੍ਰਸ਼ਤ ਹੋਏ ਸਮੂਹ ਪੀੜਤ ਕਾਮਿਆਂ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ। ਆਗੂਆਂ ਕਿਹਾ ਕਿ ਜੇਕਰ ਮਨੇਜਮੈਂਟ ਅਤੇ ਸਰਕਾਰ ਠੇਕਾ ਕਾਮਿਆਂ ਦੀ ਉਕਤ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ 25 ਅਗਸਤ ਨੂੰ ਕੈਬਿਨਟ ਮੰਤਰੀਆਂ ਦੇ ਘਰਾਂ ਦੇ ਅੱਗੇ ਧਰਨੇ ਅਤੇ 31 ਅਗਸਤ 2021 ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਵੱਲ ਪਰਿਵਾਰਾਂ ਸਮੇਤ ਕੂਚ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ