ਗਰੀਬੀ ਇੱਕ ਅਨੋਖੀ ਪੀੜ

ਗਰੀਬੀ ਇੱਕ ਅਨੋਖੀ ਪੀੜ

ਪੈਸਾ ਸਾਡੀ ਜ਼ਰੂਰਤ ਹੈ। ਸਾਰੀ ਜ਼ਿੰਦਗੀ ਪੈਸੇ ਦੇ ਦੁਆਲੇ ਹੀ ਘੁੰਮਦੀ ਹੈ। ਜੇਕਰ ਜੀਵਨ ਵਿੱਚੋਂ ਪੈਸਾ ਮਨਫੀ ਹੋ ਜਾਵੇ ਤਾਂ ਜ਼ਿੰਦਗੀ ਵਿੱਚ ਠਹਿਰਾਓ ਆ ਜਾਂਦਾ ਹੈ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਨਾਲੋਂ ਵੀ ਮਾੜੀ ਹੁੰਦੀ ਹੈ। ਗਰੀਬੀ ਦਾ ਫਾਂਡਾ ਵਰ੍ਹਦਾ ਹੋਵੇ ਤਾਂ ਵਿਅਕਤੀ ਪੈਰ-ਪੈਰ ‘ਤੇ ਤਿਲਕਦਾ ਹੈ। ਪੈਸੇ ਦੀ ਕਮੀ ਵਿਅਕਤੀ ਨੂੰ ਕਿੰਨ੍ਹਾਂ-ਕਿੰਨ੍ਹਾਂ ਘਾਟਾਂ ਦਾ ਪਾਣੀ ਪੀਣ ਲਈ ਮਜ਼ਬੂਰ ਕਰ ਦਿੰਦੀ ਹੈ, ਇਸ ਦਾ ਅਹਿਸਾਸ ਇਸ ਨੂੰ ਹੰਢਾਉਣ ਵਾਲੇ ਹੀ ਜਾਣਦੇ ਹਨ। ਅਜਿਹੇ ਹਾਲਾਤ ‘ਚ ਜ਼ਿੰਦਗੀ ਨੂੰ ਮਾਣਿਆ ਨਹੀਂ ਕੇਵਲ ਢੋਇਆ ਹੀ ਜਾਂਦਾ ਹੈ।
ਸੋਹਣੀ ਜ਼ਿੰਦਗੀ ਜਿਊਣ ਦੀ ਖਾਹਿਸ਼ ਹਰ ਵਿਅਕਤੀ ਵਿੱਚ ਹੁੰਦੀ ਹੈ ਪਰ ਗਰੀਬੀ ਦੇ ਫੰਡੇ ਲੋਕਾਂ ਦੀਆਂ ਆਸਾਂ ਤੇ ਸੁਪਨੇ ਸੁੱਕੇ ਪੱਤਿਆਂ ਵਾਂਗ ਬਿਖਰ ਜਾਂਦੇ ਹਨ।

ਘਰੋਗੀ ਆਰਥਿਕ ਤੰਗੀਆਂ ਵਿਅਕਤੀ ਦੇ ਸੰਕਲਪ ਦੇ ਰਸਤੇ ਵਿੱਚ ਕਦਮਾਂ ਵਾਸਤੇ ਜ਼ਖਮਾਂ ਤੇ ਛਾਲਿਆਂ ਦਾ ਰੂਪ ਧਾਰਨ ਕਰਕੇ ਪਰਖਾਂ ਕਰਦੀਆਂ ਰਹਿੰਦੀਆਂ ਹਨ। ਗਰੀਬੀ ਦਾ ਹਥਿਆਰ ਆਦਮੀ ਨੂੰ ਸਿਰਫ ਜ਼ਖਮੀ ਨਹੀਂ ਕਰਦਾ ਸਗੋਂ ਅੰਦਰੋਂ-ਅੰਦਰ ਖੋਰਦਾ ਰਹਿੰਦਾ ਹੈ। ਗਰੀਬੀ ਖੂਬਸੂਰਤ ਚਿਹਰੇ ਨੂੰ ਝੁਰੜੀਆਂ ਨਾਲ ਭਰ ਦਿੰਦੀ ਹੈ, ਤਾਕਤਵਰ ਜਿਸਮ ਢਲ਼ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਬੁਢਾਪਾ ਜਲਦੀ ਦਸਤਕ ਦੇ ਦਿੰਦਾ ਹੈ। ਇਮਾਨਦਾਰ ਆਦਮੀ ਦੇ ਦਿਲ ‘ਤੇ ਖੰਜਰ ਵਾਂਗ ਲੱਗਦੀ ਹੈ ਗਰੀਬੀ, ਜਦੋਂ ਲੋੜ ਪੈਣ ‘ਤੇ ਨਜ਼ਦੀਕੀ ਰਿਸ਼ਤੇਦਾਰ ਵੀ ਬੂਹਾ ਢੋਅ ਲੈਂਦੇ ਹਨ। ਰਿਸ਼ਤੇਦਾਰੀ ਵਿੱਚ ਦਰਾੜ ਪੈ ਜਾਂਦੀ ਹੈ ਅਤੇ ਪਰਿਵਾਰ ਦੀ ਸੁਖ-ਸ਼ਾਂਤੀ ਖਤਮ ਹੋ ਜਾਂਦੀ ਹੈ।

ਗਰੀਬਾਂ ਨਾਲ ਤਾਂ ਰਿਸ਼ਤਾ ਦੱਸਣ ਲਈ ਵੀ ਪੈਸੇ ਵਾਲਿਆਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਅਕਸਰ ਗਰੀਬਾਂ ਦੇ ਮੋਬਾਇਲ ਨੰਬਰ ਵੀ ਨਜ਼ਦੀਕੀਆਂ ਕੋਲੋਂ ਗੁਆਚ ਜਾਂਦੇ ਹਨ। ਅੱਜ ਦੇ ਯੁੱਗ ਵਿਚ ਹਾਲ-ਚਾਲ ਵੀ ਲੋਕ ਅਮੀਰ ਰਿਸ਼ਤੇਦਾਰਾਂ ਨੂੰ ਹੀ ਪੁੱਛਦੇ ਹਨ ਜਾਂ ਜਿਨ੍ਹਾਂ ਕੋਲੋਂ

ਕਿਸੇ ਮਤਲਬ ਦੀ ਆਸ ਹੋਵੇ। ਕਿਸੇ ਨੇ ਸੱਚ ਹੀ ਕਿਹੈ-
ਗਰੀਬ ਸੇ ਕਰੀਬ ਕਾ ਰਿਸ਼ਤਾ ਭੀ ਛੁਪਾਏ ਰੱਖਤੇ ਹੈਂ ਲੋਗ
ਅਮੀਰੋਂ ਸੇ ਦੂਰ ਕਾ ਰਿਸ਼ਤਾ ਭੀ ਬੜ੍ਹਾ-ਚੜ੍ਹਾ ਕਰ ਬਤਾਤੇ ਹੈਂ ਲੋਗ।
ਗਰੀਬ ਵਿਅਕਤੀ ਆਪਣੇ ਬੱਚਿਆਂ ਦੇ ਅਰਮਾਨਾਂ ਨੂੰ ਵੀ ਕੁਚਲਣ ਲਈ ਮਜਬੂਰ ਹੋ ਜਾਂਦਾ ਹੈ ਜਿਸ ਕਾਰਨ ਉਸ ਦਾ ਕਲੇਜਾ ਛਲਣੀ ਹੋਇਆ ਰਹਿੰਦਾ ਹੈ ਕਿਉਂਕਿ ਨਾ ਤਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਗਰੀਬੀ ਦੇ ਲੀਰਾਂ ਵਾਲੇ ਖਿੱਦੋ ਨੂੰ ਵਿਖਾ ਸਕਦਾ ਹੈ ਤੇ ਨਾ ਹੀ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕਦਾ ਹੈ। ਉਸ ਨੂੰ ਆਪਣੇ ਸੁਪਨੇ ਟੁੱਟਦੇ ਪ੍ਰਤੀਤ ਹੁੰਦੇ ਹਨ ਤੇ ਮਹਿਸੂਸ ਹੁੰਦਾ ਹੈ ਜਿਵੇਂ ਉਸ ਲਈ ਦੁਨੀਆਂ ਦਾ ਅੰਤ ਹੋ ਗਿਆ ਹੋਵੇ। ਗਰੀਬੀ ਦੇ ਗ੍ਰਹਿਣ ਕਾਰਨ ਗਰੀਬਾਂ ਦੀ ਕਾਬਲੀਅਤ ਵੀ ਪੂਰੀ ਤਰ੍ਹਾਂ ਨਹੀਂ ਨਿਖਰ ਸਕਦੀ। ਸੰਤੁਲਿਤ ਤਬੀਅਤ ਵਿਅਕਤੀ ਸਮਾਜ ਵਿੱਚ ਵਿਚਰਣ ਦੇ ਯੋਗ ਨਹੀਂ ਰਹਿੰਦਾ। ਗਰੀਬੀ ਬਰਾਬਰ ਕੋਈ ਵੀ ਸੰਸਾਰਿਕ ਬਿਮਾਰੀ ਨਹੀਂ ਹੈ। ਹੋਰ ਬਿਮਾਰੀਆਂ ਤਾਂ ਇੱਕ ਵਾਰ ਦੇ ਇਲਾਜ ਨਾਲ ਸ਼ਾਂਤ ਹੋ ਜਾਂਦੀਆਂ ਹਨ ਪਰ ਗਰੀਬੀ ਦਾ ਇਲਾਜ ਤਾਂ ਰੋਜ਼ ਹੀ ਕਰਨਾ ਪੈਂਦਾ ਹੈ।

ਗਰੀਬੀ ਦਾ ਸੰਤਾਪ ਹੰਢਾਉਣ ਵਾਲੇ ਵਿਅਕਤੀ ਦੀਆਂ ਵੇਦਨਾਵਾਂ ਨੂੰ ਕਿਸੇ ਸਿਆਣੇ ਨੇ ਕਿੰਨੀ ਖੂਬਸੂਰਤੀ ਨਾਲ ਚਿਤਰਿਆ ਹੈ-

ਪੀੜਾਂ ਵਿੱਚੋਂ ਪੀੜ ਅਨੋਖੀ, ਨਾਮ ਹੈ ਉਸ ਦਾ ਗਰੀਬੀ
ਔਖੇ ਵੇਲੇ ਕੰਧ ਕਰ ਲੈਂਦੇ, ਰਿਸ਼ਤੇਦਾਰ ਕਰੀਬੀ।
ਪੈਸਾ ਹੀ ਮਨੁੱਖੀ ਰਿਸ਼ਤਿਆਂ ਦਾ ਆਧਾਰ ਰਹਿ ਗਿਆ ਹੈ। ਸਮੁੱਚਾ ਰਿਸ਼ਤਨਾਮਾ ਗਰੀਬੀ ਦੇ ਦਬਾਅ ਹੇਠ ਤਿੜਕ ਰਿਹਾ ਹੈ ਜਿਸ ਦੀ ਚੀਸ ਵਿਅਕਤੀ ਨੂੰ ਅੰਦਰੋਂ-ਅੰਦਰ ਖੋਖਲਾ ਕਰ ਦਿੰਦੀ ਹੈ। ਅਸੀਂ ਕੇਵਲ ਉਹੀ ਰਿਸ਼ਤੇ ਰੱਖਣਾ ਚਾਹੁੰਦੇ ਹਾਂ ਜਿਨ੍ਹਾਂ ਵਿੱਚੋਂ ਸਾਨੂੰ ਸਿੱਧਾ ਜਾਂ ਅਸਿੱਧਾ ਆਰਥਿਕ ਲਾਭ ਮਿਲ ਰਿਹਾ ਹੈ ਜਾਂ ਮਿਲਣ ਦੀ ਆਸ ਹੈ। ਬਾਬਾ ਨਜ਼ਮੀ ਜੀ ਨੇ ਵੀ ਕਿੰਨਾ ਖੂਬ ਕਿਹਾ ਹੈ-
ਜਿਨ੍ਹਾਂ ਦੇ ਗਲ ਲੀਰਾਂ ਪਈਆਂ ਉਨ੍ਹਾਂ ਵੱਲ ਤਾਂ ਤੱਕਦੇ ਨਹੀਂ,
ਕਬਰਾਂ ਉੱਤੇ ਤਿੱਲੇ ਜੜੀਆਂ ਚਾਦਰਾਂ ਚੜ੍ਹਾਈ ਜਾਂਦੇ ਨੇ।

ਜ਼ਰੂਰਤ ਵਿਅਕਤੀ ਦੀ ਸਭ ਤੋਂ ਵੱਡੀ ਮਜਬੂਰੀ ਹੁੰਦੀ ਹੈ। ਜ਼ਰੂਰਤ ਪੈਣ ‘ਤੇ ਮਨੁੱਖ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ। ਕਿਸੇ ਦੇ ਬੋਲਾਂ-ਕਬੋਲਾਂ ਨੂੰ ਵੀ ਬਰਦਾਸ਼ਤ ਕਰ ਲੈਂਦਾ ਹੈ। ਗਰੀਬ ਦਾ ਕੋਈ ਨਾਂ ਨਹੀਂ ਹੁੰਦਾ। ਜੋ ਲੋਕ ਰੱਖ ਲੈਣ ਉਹੀ ਉਸ ਨੂੰ ਕਬੂਲਣਾ ਪੈਂਦਾ ਹੈ। ਜ਼ਰੂਰਤ ਪੈਣ ‘ਤੇ ਕੱਚੇ ਰੰਗਾਂ ਵਰਗੇ ਦੋਸਤ-ਰਿਸ਼ਤੇ ਉਦਾਸੀਆਂ ਸ਼ਕਲਾਂ ਦਾ ਪ੍ਰਗਟਾਵਾ ਕਰਦੇ ਹੋਏ ਮੈਦਾਨ ਛੱਡ ਜਾਂਦੇ ਹਨ। ਜਿਨ੍ਹਾਂ ਤੋਂ ਉਮੀਦ ਹੋਵੇ ਤੇ ਉਹੋ ਹੀ ਦਿਲ ਦੁਖਾ ਦੇਣ ਤਾਂ ਪੂਰੀ ਦੁਨੀਆਂ ਤੋਂ ਹੀ ਭਰੋਸਾ ਉੱਠ ਜਾਂਦਾ ਹੈ। ਅਜਿਹੇ ਹਾਲਾਤਾਂ ਨੂੰ ਹੰਢਾ ਚੁੱਕੇ ਇੱਕ ਵਿਅਕਤੀ ਨੇ ਆਪਣੇ ਮਨ ਦੇ ਭਾਵਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ-
ਪੱਥਰ ਨਹੀਂ ਹਾਂ, ਮੇਰੇ ਵਿੱਚ ਵੀ ਨਮੀ ਹੈ
ਦਰਦ ਬਿਆਂ ਨਹੀਂ ਕਰਦਾ, ਬੱਸ ਇੰਨੀ ਹੀ ਕਮੀ ਹੈ।

ਇਸ ਲਈ ਗਰੀਬ, ਲਾਚਾਰ ਅਤੇ ਬੇਸਹਾਰਾ ਦਾ ਦਿਲ ਕਦੇ ਨਹੀਂ ਦੁਖਾਉਣਾ ਚਾਹੀਦਾ। ਜੇਕਰ ਟਿੱਚਰ ਜਾਂ ਮਜ਼ਾਕ ਕਰ ਦਿੱਤਾ ਜਾਵੇ ਜਾਂ ਉੱਚਾ ਬੋਲ ਦਿੱਤਾ ਜਾਵੇ ਤਾਂ ਉਹ ਡੋਲ ਜਾਂਦਾ ਹੈ। ਉਸ ਦੇ ਦਿਲ ਵਿੱਚੋਂ ਬਦ-ਦੁਆਵਾਂ ਹੀ ਨਿੱਕਲਦੀਆਂ ਹਨ ਜੋ ਵਕਤ ਆਉਣ ‘ਤੇ ਦਿਲ ਦੁਖਾਉਣ ਵਾਲੇ ‘ਤੇ ਭਾਰੂ ਪੈ ਜਾਂਦੀਆਂ ਹਨ। ਗਰੀਬ ਦੀ ਹਾਅ ਬਹੁਤ ਮਾੜੀ ਹੁੰਦੀ ਹੈ। ਜੇਕਰ ਅਸੀਂ ਕਿਸੇ ਦੇ ਹਨ੍ਹੇਰੇ ਰਾਹਾਂ ‘ਤੇ ਮੁਹੱਬਤ ਦਾ ਦੀਵਾ ਨਹੀਂ ਬਾਲ ਸਕਦੇ ਤਾਂ ਸਾਨੂੰ ਕਿਸੇ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦਾ ਵੀ ਕੋਈ ਹੱਕ ਨਹੀਂ। ਮਜਬੂਰੀ, ਬੇਵਸੀ ਤੇ ਗਰੀਬੀ ਹੀ ਮਨੁੱਖ ਨੂੰ ਗੁਨਾਹ ਕਰਨ ਲਈ ਉਕਸਾਉਂਦੇ ਹਨ ਜਿਸ ਕਾਰਨ ਇੱਕ ਹੋਰ ਸਥਿਤੀ ਉਤਪੰਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਵਿੱਚ ਆਦਾਨ-ਪ੍ਰਦਾਨ, ਵਿਚਾਰ-ਵਟਾਂਦਰੇ ਅਤੇ ਸੇਵਾ-ਸਨਮਾਨ ਵਰਗੇ ਚੰਗੇ ਗੁਣਾਂ ਦੀ ਹਰ ਪਲ ਹੱਤਿਆ ਹੁੰਦੀ ਰਹਿੰਦੀ ਹੈ। ਅਜਿਹੀ ਸਥਿਤੀ ਹੰਢਾਉਣ ਵਾਲੇ ਲੋਕਾਂ ਦੀ ਰੱਬ ਨੂੰ ਕੀਤੀ ਫਰਿਆਦ ਨੂੰ ਕਿਸੇ ਸਿਆਣੇ ਨੇ ਇਸ ਤਰ੍ਹਾਂ ਦਰਸਾਇਆ ਹੈ-

ਦਾਤਾ ਕੋਈ ਗਰੀਬ ਨਾ ਹੋਵੇ, ਮਾੜਾ ਕਿਸੇ ਦਾ ਨਸੀਬ ਨਾ ਹੋਵੇ। ਗਰੀਬ ਨੂੰ ਮਾਰ ਜਾਂਦੀ ਤਕੜੇ ਦੀ ਘੂਰੀ ਏ,
ਰੱਬਾ, ਦੋ ਵਕਤ ਦੀ ਰੋਟੀ ਤੇ ਸਿਰ ‘ਤੇ ਛੱਤ ਤਾਂ ਜ਼ਰੂਰੀ ਏ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.