ਦੋਹਰੇ ਬਜ਼ੁਰਗ ਕਤਲ ਕਾਂਡ ’ਚ ਪੁਲਿਸ 35 ਦਿਨਾਂ ਬਾਅਦ ਵੀ ਕਾਤਲਾਂ ਤੱਕ ਨਾ ਪੁੱਜ ਸਕੀ

Murder-Case
ਬੁਢਲਾਡਾ: ਰੋਸ ਪ੍ਰਦਰਸ਼ਨ ਕਰਦੇ ਹੋਏ ਪੀੜ੍ਹਤ ਪਰਿਵਾਰ ਦੇ ਮੈਂਬਰ ਅਤੇ ਹੋਰ। ਤਸਵੀਰ: ਸੱਚ ਕਹੂੰ ਨਿਊਜ਼

Murder Case : ਪੁਲਿਸ ਦੀ ਢਿੱਲੀ ਕਾਰਗੁਜਾਰੀ ’ਤੇ ਰੋਸ ਪ੍ਰਗਟ

(ਸੰਜੀਵ ਤਾਇਲ) ਬੁਢਲਾਡਾ। ਦੋਹਰੇ ਬਜ਼ੁਰਗ ਕਤਲ ਕਾਂਡ ਦੇ 35 ਦਿਨ ਬੀਤ ਜਾਣ ਦੇ ਬਾਵਜ਼ੂਦ ਵੀ ਪੁਲਿਸ ਕਾਤਲਾਂ ਤੱਕ ਨਾ ਪਹੁੰਚ ਸਕੀ ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। (Murder Case) ਇਨਸਾਫ ਦੀ ਮੰਗ ਕਰਦਿਆਂ ਅੱਜ ਪਿੰਡ ਅਹਿਮਦਪੁਰ ਦੇ ਸੈਂਕੜੇ ਲੋਕਾਂ ਨੇ ਸਥਾਨਕ ਇੱਕ ਧਾਰਮਿਕ ਸਥਾਨ ’ਚ ਇਕੱਠੇ ਹੋ ਕੇ ਪੁਲਿਸ ਦੀ ਢਿੱਲੀ ਕਾਰਗੁਜਾਰੀ ’ਤੇ ਰੋਸ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਉਹ ਇਨਸਾਫ ਲੈਣ ਲਈ ਤਿੱਖੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।

ਪੀੜ੍ਹਤ ਪਰਿਵਾਰ ਦੇ ਮੈਂਬਰ ਬੀਰਬਲ ਸਿੰਘ, ਹਰੀ ਸਿੰਘ, ਲਖਵਿੰਦਰ ਸਿੰਘ ਨੇ ਦੱਸਿਆ ਕਿ 11 ਜਨਵਰੀ ਦੀ ਰਾਤ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਜੰਗੀਰ ਸਿੰਘ ਅਤੇ ਰਣਜੀਤ ਕੌਰ ਦਾ ਸੁੱਤੇ ਪਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ’ਤੇ ਸਿਟੀ ਪੁਲਿਸ ਬੁਢਲਾਡਾ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਲੰਬੀ ਹੁੰਦੀ ਜਾ ਰਹੀ ਹੈ। ਪਿੰਡ ਦੇ ਸਮੂਹ ਲੋਕਾਂ ਨੇ ਮੰਗ ਕੀਤੀ ਕਿ ਇਸ ਅੰਨ੍ਹੇ ਕਤਲਕਾਂਡ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰੇ।

ਇਹ ਵੀ ਪੜ੍ਹੋ: ਵਿਧਾਇਕ ਗੈਰੀ ਬੜਿੰਗ ਦੇ ਪਿਤਾ ਸਵ. ਸਰਬਜੀਤ ਸਿੰਘ ਬੜਿੰਗ ਦੇ ਫੁੱਲਾਂ ਦੀ ਹੋਈ ਰਸਮ

ਉਨ੍ਹਾਂ ਪੁਲਿਸ ਨੂੰ ਇੱਕ ਹਫਤੇ ਦਾ ਸਮਾਂ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਪੀੜ੍ਹਤ ਪਰਿਵਾਰ ਨੂੰ ਜਲਦ ਇਨਸਾਫ ਨਾ ਮਿਲਿਆ ਤਾਂ ਉਹ ਉੱਚ ਅਧਿਕਾਰੀਆਂ ਦਾ ਘਿਰਾਓ ਕਰਨ ਤੋਂ ਪਿੱਛੇ ਨਹੀਂ ਹਟਣਗੇ। ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲੈਣਗੇ ਅਤੇ ਇਸ ਸੰਬੰਧੀ ਜਾਂਚ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਵੀ ਤਰ੍ਹਾਂ ਦੀ ਕੋਈ ਲਾਹਪਰਵਾਹੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਖੁਦ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਵਿੱਚ ਲੱਗੇ ਹੋਏ ਹਨ। Murder Case