
Raikot News: (ਸ਼ਮਸ਼ੇਰ ਸਿੰਘ) ਰਾਏਕੋਟ। ਸਿਟੀ ਪੁਲਿਸ ਰਾਏਕੋਟ ਵੱਲੋਂ ਬਜ਼ੁਰਗ ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਇੱਕ ਪੁੱਤ ਤੇ ਉਸ ਦੀ ਘਰਵਾਲੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਿਦੇਸ਼ ਰਹਿੰਦੀ ਧੀ ਨੇ ਨੂੰਹ-ਪੁੱਤ ਵੱਲੋਂ ਬੁਰੀ ਤਰਾਂ ਕੀਤੀ ਕੁੱਟਮਾਰ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਪੇਸ਼ ਕੀਤੀ।
ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸਐੱਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਤੋਂ ਪੁਲਿਸ ਕੋਲ ਇੱਕ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਨ ਸੰਬੰਧੀ ਕੇਸ ਆਇਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪੀੜਤ ਬਜ਼ੁਰਗ ਔਰਤ ਦੇ ਬਿਆਨ ਕਲਮਬੰਦ ਕੀਤੇ। ਜਿਸ ਪੀੜਤ ਗੁਰਨਾਮ ਕੌਰ (85) ਨੇ ਦੱਸਿਆ ਕਿ ਉਸਦਾ ਬੇਟਾ ਜਸਵੀਰ ਸਿੰਘ ਤੇ ਉਸਦੀ ਨੂੰਹ ਗੁਰਪ੍ਰੀਤ ਕੌਰ ਪਿਛਲੇ ਲੰਮੇ ਸਮੇਂ ਤੋਂ ਉਸਦੀ ਕੁੱਟਮਾਰ ਕਰਦੇ ਆ ਰਹੇ ਹਨ ਅਤੇ ਬੀਤੀ ਕੱਲ ਉਸ ਦੇ ਬੇਟੇ ਨੇ ਉਸ ਦੀ ਬੁਰੀ ਤਰਾਂ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ: Sunam College: ਸੁਨਾਮ ਕਾਲਜ ‘ਚ ਸੁਰੱਖਿਆ ਕਰਮਚਾਰੀਆਂ ਦੀ ਘਾਟ, ਕੰਧਾਂ ਟੱਪ ਆਉਂਦੇ ਨੇ ਸ਼ਰਾਰਤੀ ਅਨਸਰ
ਐੱਸਐੱਚਓ ਸਿਟੀ ਨੇ ਦੱਸਿਆ ਕਿ ਪੀੜਤ ਬਜ਼ੁਰਗ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਲੜਕੇ ਜਸਵੀਰ ਸਿੰਘ ਅਤੇ ਨੂੰਹ ਗੁਰਪ੍ਰੀਤ ਕੌਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਸਬੰਧੀ ਜਦ ਪੱਤਰਕਾਰਾਂ ਨੇ ਮੁਲਜ਼ਮ ਪੁੱਤ ਤੇ ਉਸਦੀ ਘਰਵਾਲੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਉਕਤ ਦੋਵੇਂ ਜਣੇ ਇਸ ਕਾਰੇ ਲਈ ਸ਼ਰਮਿੰਦਗੀ ਦਾ ਅਹਿਸਾਸ ਕਰਦਿਆਂ ਗਲਤੀ ਮੰਨਣ ਲੱਗ ਪਏ ਪਰ ਬਾਅਦ ਵਿੱਚ ਕਹਾਣੀਆਂ ਘੜਨ ਲੱਗੇ। ਪੁਲਿਸ ਮੁਤਾਬਿਕ ਉਕਤ ਵਿਅਕਤੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਬਜ਼ੁਰਗ ਔਰਤ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ ਤਾਂ ਹੀ ਉਸ ਨੇ ਇਹ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ। Raikot News