ਐੱਸਐੱਸਪੀ. ਬਠਿੰਡਾ ਵੱਲੋਂ ਪੜਤਾਲ ਦੇ ਹੁਕਮ | DGP
- ਸਮਾਜਿਕ ਕਾਰਕੁੰਨ ਵੱਲੋਂ ਡੀਜੀਪੀ ਨੂੰ ਸ਼ਿਕਾਇਤ | DGP
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਭਗਤਾ ਭਾਈ ਪੁਲਿਸ ਦੇ ਇੱਕ ਏਐਸਆਈ ਨੇ ਰੱਖੜੀ ਮੌਕੇ ਇੱਕ ਮਹਿਲਾ ਨੂੰ ਥੱਪੜਾਂ ਨਾਲ ਕੁੱਟਣ ਅਤੇ ਉਸ ਦੀ ਗੁੱਤ ਪੁੱਟਕੇ ਘੜੀਸਣ ਪਿੱਛੋਂ ਜ਼ਮੀਨ ‘ਤੇ ਪਟਕਣ ਦੇ ਮਾਮਲੇ ਨੇ ਪੁਲਿਸ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ। ਅੱਜ ਜਦੋਂ ਸੋਸ਼ਲ ਮੀਡੀਆ ‘ਤੇ ਪੁਲਿਸ ਤਸ਼ੱਦਦ ਦੀ ਵੀਡੀਓ ਵਾਇਰਲ ਹੋ ਗਈ ਤਾਂ ਬਠਿੰਡਾ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਡੀਜੀਪੀ ਪੰਜਾਬ, ਆਈਜੀ ਬਠਿੰਡਾ ਜੋਨ ਅਤੇ ਐਸਐਸਪੀ ਨੂੰ ਈਮੇਲ ਭੇਜਕੇ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। (DGP)
ਸ਼ਰਮਾ ਨੇ ਮਹਿਲਾ ਦੀ ਗੁੱਤ ਪੱਟਣ ਵਾਲੇ ਏਐਸਆਈ ਦਾ ਨਾਂਅ ਵੀ ਅਧਿਕਾਰੀਆਂ ਨੂੰ ਭੇਜਿਆ ਹੈ। ਓਧਰ ਵੀਡੀਓ ‘ਚ ਆਏ ਪੁਲਿਸ ਜ਼ਬਰ ਦੇ ਤੱਥਾਂ ਨੂੰ ਦੇਖਦਿਆਂ ਐਸਐਸਪੀ ਨੇ ਡੀਐਸਪੀ ਫੂਲ ਨੂੰ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਹੈ। ਵੇਰਵਿਆਂ ਅਨੁਸਾਰ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਭਗਤਾ ਭਾਈ ਦੇ ਇੱਕ ਭੱਠਾ ਮਾਲਕ ਅਤੇ ਮਜ਼ਦੂਰਾਂ ਵਿਚਕਾਰ ਮਜ਼ਦੂਰੀ ਦੇ ਮੁੱਦੇ ‘ਤੇ ਪਿਛਲੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਮੁੱਦੇ ਸਬੰਧੀ ਮਜ਼ਦੂਰ ਪਰਿਵਾਰ ਸਮੇਤ ਭੱਠੇ ਅੱਗੇ ਧਰਨੇ ‘ਤੇ ਬੈਠੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਤੋਂ ਸਰਕਾਰੀ ਨਿਯਮਾਂ ਮੁਤਾਬਕ ਮਜ਼ਦੂਰੀ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਨੇ ਧਰਨਾ ਦੇ ਰਹੇ ਮਜ਼ਦੂਰ ਪਰਿਵਾਰਾਂ ਨੂੰ 25 ਅਗਸਤ ਨੂੰ ਦੁਪਹਿਰ 12 ਵਜੇ ਗੱਲਬਾਤ ਰਾਹੀਂ ਮਸਲੇ ਦੇ ਹੱਲ ਦਾ ਭਰੋਸਾ ਦਿਵਾ ਕੇ ਧਰਨਾ ਚੁਕਵਾ ਦਿੱਤਾ।
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਪਤਾ ਲੱਗਿਆ ਹੈ ਕਿ ਜਦੋਂ ਪੁਲਿਸ ਦੀ ਮੌਜ਼ੂਦਗੀ ‘ਚ ਗੱਲਬਾਤ ਚੱਲ ਰਹੀ ਸੀ ਤਾਂ ਮਜ਼ਦੂਰਾਂ ਤੇ ਭੱਠਾ ਮਾਲਕਾਂ ਵਿਚਕਾਰ ਥੋੜ੍ਹੀ ਬਹੁਤੀ ਤਕਰਾਰ ਹੋ ਗਈ। ਭੜਕੇ ਮਜ਼ਦੂਰ ਪਰਿਵਾਰਾਂ ਨੇ ਇੱਕ ਵਾਰ ਫਿਰ ਤੋਂ ਭੱਠੇ ਅੱਗੇ ਧਰਨਾ ਲਾ ਦਿੱਤਾ, ਜਿੱਥੇ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਅਤੇ ਧਰਨਾਕਾਰੀ ਆਪਸ ‘ਚ ਖਹਿਬੜ ਪਏ। ਇਸ ਮੌਕੇ ਤਿੱਖੀਆਂ ਝੜਪਾਂ ਵੀ ਹੋਈਆਂ, ਜਿਸ ਤੋਂ ਤੈਸ਼ ‘ਚ ਆਈ ਪੁਲਿਸ ਮੁਲਾਜ਼ਮਾਂ ਨੇ ਸਖਤੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਮਜ਼ਦੂਰਾਂ ਨੇ ਇੱਟਾਂ ਰੋੜੇ ਚਲਾ ਦਿੱਤੇ, ਜਿਸ ਨਾਲ ਕੁਝ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਲੱਗਣ ਦੀ ਵੀ ਖਬਰ ਹੈ। ਇਸ ਘਟਨਾ ਨੂੰ ਨਜ਼ਦੀਕ ਤੋਂ ਦੇਖਣ ਵਾਲੇ ਇੱਕ ਵਿਅਕਤੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਪੁਲਿਸ ਮੁਲਾਜ਼ਮਾਂ ਵੱਲੋਂ ਮਜ਼ਦੂਰਾਂ ਅਤੇ ਇੱਕ ਵੱਡੀ ਉਮਰ ਦੀ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਗਾਲ੍ਹਾਂ ਕੱਢਣ ਦੀ ਪੁਸ਼ਟੀ ਕੀਤੀ।
ਜਦੋਂ ਪੁਲਿਸ ਨੌਜਵਾਨਾਂ ਨੂੰ ‘ਰੈਪਿਡ ਰੂਰਲ ਰਿਸਪੌਂਸ’ ਗੱਡੀ ‘ਚ ਜਬਰੀ ਸੁੱਟਣ ਲੱਗੀ ਤਾਂ ਉਸੇ ਮਹਿਲਾ ਨੇ ਜ਼ੋਰਦਾਰ ਵਿਰੋਧ ਜਤਾਇਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁੱਸੇ ‘ਚ ਆਏ ਏਐਸਆਈ ਨੇ ਮਹਿਲਾ ਨੂੰ ਗੁੱਤ ਤੋਂ ਫੜ ਕੇ ਥੱਲੇ ਸੁੱਟ ਦਿੱਤਾ। ਇਹੋ ਤੱਥ ਵਾਇਰਲ ਹੋਈ ਵੀਡੀਓ ‘ਚ ਵੀ ਸਹਮਣੇ ਆਏ ਹਨ, ਜਿਸ ‘ਚ ਇੱਕ ਏਐਸਆਈ ਮਹਿਲਾ ਦੀ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਥਾਣਾ ਭਗਤਾ ਭਾਈ (ਦਿਆਲਪੁਰਾ ਭਾਈ) ਦੇ ਮੁੱਖ ਥਾਣਾ ਅਫਸਰ ਜਸਵੀਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਫਿਲਹਾਲ ਕਿਸੇ ਵੀ ਪੱਖ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਉਨ੍ਹਾਂ ਆਖਿਆ ਕਿ ਡੀਐਸਪੀ ਫੂਲ ਵੀ ਇਸੇ ਮਾਮਲੇ ਸਬੰਧੀ ਥਾਣੇ ‘ਚ ਆਏ ਹਨ।
ਪੜਤਾਲ ਦੇ ਹੁਕਮ ਜਾਰੀ : ਐੱਸ.ਐੱਸ.ਪੀ | DGP
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ.ਨਾਨਕ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵੀਡੀਓ ਦੇ ਅਧਾਰ ‘ਤੇ ਡੀ.ਐਸ.ਪੀ. ਫੂਲ ਨੂੰ ਪੜਤਾਲ ਕਰਕੇ ਸੋਮਵਾਰ ਨੂੰ ਰਿਪੋਰਟ ਮੰਗ ਲਈ ਹੈ। ਉਨ੍ਹਾਂ ਆਖਿਆ ਕਿ ਰਿਪੋਰਟ ‘ਚ ਜੋ ਵੀ ਤੱਥ ਸਾਹਮਣੇ ਆਉਣਗੇ , ਉਨ੍ਹਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। (DGP)
ਪੁਲਿਸ ਮੁਲਾਜ਼ਮਾਂ ਖਿਲਾਫ਼ ਹੋਵੇ ਕਾਰਵਾਈ : ਸ਼ਰਮਾ | DGP
ਸਮਾਜਿਕ ਕਾਰਕੁੰਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮੁੱਚੇ ਹਾਲਾਤਾਂ ਤੋਂ ਜਾਣੂੰ ਕਰਵਾਇਆ ਹੈ ਕਿ ਕਿਸ ਤਰ੍ਹਾਂ ਇੱਕ ਏਐਸਆਈ ਨੇ ਭੱਠਾ ਮਜ਼ਦੂਰਾਂ ਖਾਸ ਤੌਰ ‘ਤੇ ਇੱਕ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸਬੰਧਤ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਲਈ ਵੀ ਕਿਹਾ ਹੈ।