ਨਿੱਜੀ ਵਿਵਾਦ ਬਣਿਆ ਸਮਾਜਿਕ ਦੁਸ਼ਮਣੀ

Personal, Conflict,  Social, Enmity

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਕੈਂਪਸ ‘ਚ ਵਕੀਲਾਂ ਤੇ ਪੁਲਿਸ ਵਿਚਕਾਰ ਹੋਈ ਝੜਪ ਤੋਂ ਬਾਦ ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਹਿੰਸਾ ਦੀਆਂ ਘਟਨਾਵਾਂ ਜਾਰੀ ਹਨ ਜੇਕਰ ਸੰਜਮ ਨਾਲ ਕੰਮ ਲਿਆ ਜਾਂਦਾ ਤਾਂ ਵਿਵਾਦ ਸਥਾਨਕ ਪੱਧਰ ‘ਤੇ ਹੀ ਖ਼ਤਮ ਹੋ ਜਾਣਾ ਸੀ ਇਹ ਸਾਡੇ ਦੇਸ਼ ਦਾ ਕਲਚਰ ਹੀ ਬਣ ਗਿਆ ਹੈ ਕਿ ਕਿਸੇ ਇੱਕ ਥਾਂ ਵਾਪਰੀ ਘਟਨਾ ਦਾ ਰੋਸ ਸਬੰਧਿਤ ਵਰਗ ਸਾਰੇ ਦੇਸ਼ ਅੰਦਰ ਹੀ ਪ੍ਰਗਟ ਕਰਦਾ ਹੈ, ਜਿਸ ਨਾਲ ਟਕਰਾਓ ਵਧ ਜਾਂਦੇ ਹਨ ਦਰਅਸਲ ਇਸ ਰੁਝਾਨ ਲਈ ਸਾਡਾ ਸਿਆਸੀ ਢਾਂਚਾ ਤੇ ਪ੍ਰਸ਼ਾਸਨਿਕ ਅਧਿਕਾਰੀ ਜਿੰਮੇਵਾਰ ਹਨ ਜੋ ਘਟਨਾ ਦੇ ਵਾਪਰਨ ‘ਤੇ ਚੁੱਪ ਬੈਠੇ ਰਹਿੰਦੇ ਹਨ ਜੇਕਰ ਸਬੰਧਿਤ ਹਲਕੇ ਦਾ ਵਿਧਾਇਕ/ਐਮਪੀ ਤੇ ਪ੍ਰਸ਼ਾਸਨ ਕੋਈ ਮਾਮਲਾ ਨਿਬੇੜਨ ਲਈ ਅੱਗੇ ਆਉਣ ਤਾਂ ਇੱਕ ਪਿੰਡਜਾਂ ਸ਼ਹਿਰ ਦਾ ਮੁੱਦਾ ਸਾਰੇ ਦੇਸ਼ ‘ਚ ਕਿਉਂ ਉੱਠੇ ਅਜਿਹੇ ਹਾਲਾਤਾਂ ‘ਚ ਅਫ਼ਵਾਹਾਂ ਮਾਮਲੇ ਨੂੰ ਹੋਰ ਵਿਗਾੜਨ ਦਾ ਕੰਮ ਕਰਦੀਆਂ ਹਨ ਵਕੀਲਾਂ ਤੇ ਪੁਲਿਸ ਵਿਚਕਾਰ ਪੈਦਾ ਹੋ ਰਿਹਾ ਟਕਰਾਓ ਇਸ ਤਰ੍ਹਾਂ ਵਧ ਰਿਹਾ ਹੈ ਜਿਵੇਂ ਉਹਨਾਂ ਦੀ ਜੱਦੀ ਪੁਸ਼ਤੀ ਦੁਸ਼ਮਣੀ ਚੱਲਦੀ ਆ ਰਹੀ ਹੋਵੇ ਦੁੱਖ ਦੀ ਗੱਲ ਇਹ ਹੈ ਕਿ ਵਕੀਲਾਂ ਦਾ ਵਰਗ ਜੋ ਪ੍ਰਬੁੱਧ ਤੇ ਜਿੰਮੇਵਾਰ ਹੈ, ਨੇ ਮਾਮਲੇ ਨੂੰ ਨਿਬੇੜਨ ਦੀ ਕੋਸ਼ਿਸ਼ ਨਹੀਂ ਕੀਤੀ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਸੰਘਰਸ਼ ਦਾ ਰਸਤਾ ਅਪਣਾਇਆ ਜਿਸ ਨਾਲ ਟਕਰਾਓ ਹੀ ਵਧਿਆ ਹੈ।

ਨਿੱਜੀ ਤੌਰ ‘ਤੇ ਪੈਦਾ ਹੋਏ ਝਗੜੇ ਜਦੋਂ ਦੋ ਵਰਗਾਂ ਦੇ ਝਗੜੇ ਬਣ ਜਾਣ ਤਾਂ ਇਹ ਸਿਆਸੀ ਤੇ ਧਾਰਮਿਕ ਦੁਸ਼ਮਣੀ ਤੋਂ ਘੱਟ ਨਹੀਂ ਹੁੰਦੇ ਦੇਸ਼ ਪਹਿਲਾਂ ਹੀ ਧਾਰਮਿਕ ਤੇ ਸਿਆਸੀ ਦੁਸ਼ਮਣੀ ਦਾ ਅਖਾੜਾ ਬਣਿਆ ਹੋਇਆ ਹੈ ਕੇਰਲ, ਬੰਗਾਲ ‘ਚ ਭਾਜਪਾ ਤੇ ਆਰਐਸਐਸ ਦੇ ਵਰਕਰਾਂ ਦੀ ਹੱਤਿਆ ਤੇ ਹੋਰਨਾਂ ਸੂਬਿਆਂ ‘ਚ ਮੁਸਲਮਾਨਾਂ ‘ਤੇ ਹਿੰਸਾ ਪਹਿਲਾਂ ਹੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਚੁੱਕੇ ਹਨ ਹੈਰਾਨੀ ਦੀ ਗੱਲ ਹੈ ਕਿ ਤੀਸ ਹਜ਼ਾਰੀ ਅਦਾਲਤ ਦੀ ਘਟਨਾ ਤੋਂ ਇੱਕ ਹਫ਼ਤਾ ਬਾਅਦ ਕਿਧਰੇ ਵੀ ਵਕੀਲਾਂ ਦੇ ਕਿਸੇ ਸੰਗਠਨ ਜਾਂ ਪੁਲਿਸ ਐਸੋਸੀਏਸ਼ਨ ਨੇ ਕੋਈ ਠੰਢ ਪਾਉਣ ਵਾਲੀ ਗੱਲ ਕਰਨ ਦੀ ਬਜਾਇ ਆਪਣੀ-ਆਪਣੀ ਹਮਾਇਤ ਦਾ ਐਲਾਨ ਕਰਕੇ ਟਰਕਾਓ ਨੂੰ ਹੋਰ ਵਧਾਇਆ ਹੈ ਦੂਜਿਆਂ ਸੂਬੇ ਦੇ ਪੁਲਿਸ ਇੱਥੋਂ ਤੱਕ ਡੀਜੀਪੀ ਰੈਂਕ ਤੱਕ ਦੇ ਅਧਿਕਾਰੀਆਂ ਨੇ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਦਿੱਲੀ ਪੁਲਿਸ ਨੂੰ ਹਮਾਇਤ ਦਿੱਤੀ ਕਾਨੂੰਨੀ ਤੌਰ ‘ਤੇ ਵਕੀਲ ਤੇ ਪੁਲਿਸ ਦੋਵਾਂ ਦੀ ਜਿੰਮੇਵਾਰੀ ਹੀ ਨਿਆਂ ਦਿਵਾਉਣ ਨਾਲ ਜੁੜੀ ਹੋਈ ਹੈ ਪਰ ਇਹਨਾਂ ਵੱਲੋਂ ਦਿੱਤੇ ਜਾ ਰਹੇ ਜੋਸ਼ੀਲੇ ਭਾਸ਼ਣ ਮਾਮਲੇ ਨੂੰ ਖਤਰਨਾਕ ਮੋੜ ਵੱਲ ਲਿਜਾ ਰਹੇ ਹਨ ਜਿਸ ਦਾ ਖਾਮਿਆਜਾ ਪੂਰੇ ਮੁਲਕ ਨੂੰ ਭੁਗਤਣਾ ਪਵੇਗਾ ਸਿਆਸੀ ਆਗੂਆਂ ਦੀ ਚੁੱਪ ਵੀ ਹਿੰਸਾ ਵਧਣ ਦੇ ਪਾਪ ਤੋਂ ਬਚ ਨਹੀਂ ਸਕਦੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।