ਡੀਈਓ ਸਮੇਤ ਹੋਰ ਅਧਿਕਾਰੀਆਂ ਨੂੰ ਬਣਾਇਆ ਬੰਦੀ
- 12ਵੀਂ ਪ੍ਰੀਖਿਆ ਦੇ ਪਹਿਲੇ ਦਿਨ ਖੇਮਕਰਨ ਦੇ ਇੱਕ ਸਕੂਲ ‘ਚ ਵਾਪਰੀ ਘਟਨਾ
ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਨਕਲ ‘ਤੇ ਸ਼ਿਕੰਜਾ ਕੱਸਿਆ ਤਾਂ ਨਕਲਚੀਆਂ ਦਾ ਭਾਰੀ ਵਿਰੋਧ ਦੇਖਣ ਨੂੰ ਮਿਲਿਆ ਜ਼ਿਲ੍ਹੇ ਦੇ ਕਸਬਾ ਖੇਮਕਰਨ ਦੇ ਸਰਕਾਰੀ ਕੰਨਿਆ ਸਕੂਲ ਸਥਿੱਤ ਪ੍ਰੀਖਿਆ ਕੇਂਦਰ ਨੂੰ ਹਜ਼ੂਮ ਨੇ ਨਿਸ਼ਾਨਾਂ ਬਣਾਉਂਦਿਆਂ ਭੰਨ-ਤੋੜ ਕੀਤੀ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚੇ ਡੀਆਈਓ ਸੈਂਕੰਡਰੀ ਨਿਰਮਲ ਸਿੰਘ ਜੈਤੋ ਸਰਜਾ ਤੇ ਉਨ੍ਹਾਂ ਦੀ ਟੀਮ ਨੂੰ ਕਥਿੱਤ ਤੌਰ ‘ਤੇ ਬੰਧਕ ਬਣਾ ਲਿਆ ਗਿਆ ਦੇਰ ਸ਼ਾਮ ਮੌਕੇ ‘ਤੇ ਡੀਆਈਜੀ ਸਹਾਇਕ ਕਮਿਸ਼ਨਰ ਸਮੇਤ ਉੱਚ ਅਧਿਕਾਰੀਆਂ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜ਼ਿਲ੍ਹੇ ਦੇ ਸਰਹੱਦੀ ਕਸਬਾ ਖੇਮਕਰਨ ਸਥਿੱਤ ਸਰਕਾਰੀ ਕੰਨਿਆ ਸਕੂਲ ਦੇ ਪ੍ਰੀਖਿਆ ਸੈਂਟਰ ‘ਚ ਅੱਜ 12ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਹੀ ਸਕੱਤਰ ਕ੍ਰਿਸ਼ਨ ਕੁਮਾਰ ਨੇ ਛਾਪਾ ਮਾਰਿਆ, ਜਿਸ ਤੋਂ ਪਰੇਸ਼ਾਨ ਨਕਲਚੀਆਂ ਨੇ ਪ੍ਰੀਖਿਆ ਕੇਂਦਰ ਨੂੰ ਨਿਸ਼ਾਨਾ ਬਣਾਇਆ।
ਐਸਪੀ (ਆਈ) ਤਿਲਕ ਰਾਜ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਨਿਰਮਲ ਸਿੰਘ ਜੈਤੋ ਸਰਜਾ, ਸਹਾਇਕ ਡੀਈਓ ਪਰਮਜੀਤ ਸਿੰਘ, ਜ਼ਿਲ੍ਹਾ ਗਾਈਡੈਂਸ ਅਧਿਕਾਰੀ ਸੁਖਬੀਰ ਸਿੰਘ ਕੰਗ ਤੇ ਹੋਰ ਅਧਿਕਾਰੀ ਵਲਟੋਹਾ ਤੇ ਖੇਮਕਰਨ ਦੇ ਪ੍ਰੀਖਿਆ ਕੇਂਦਰਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਪ੍ਰੀਖਿਆ ਸ਼ੁਰੂ ਹੋਣ ਦੇ ਇੱਕ ਘੰਟਾ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਖੇਮਕਰਨ ਸਥਿੱਤ ਪ੍ਰੀਖਿਆ ਕੇਂਦਰ ਦੇ ਮੇਨ ਗੇਟ ‘ਤੇ ਖੜੇ ਦਰਜਨਾਂ ਲੋਕਾਂ ਨੇ ਇੰਟਰੀਗੇਟ ‘ਤੇ ਲੱਗੇ ਗੇਟ ਨੂੰ ਤੋੜ ਦਿੱਤਾ ਤੇ ਪ੍ਰੀਖਿਆ ਕੇਂਦਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਨਹਿਰ ’ਚ ਆਇਆ ਕੈਮੀਕਲ ਵਾਲਾ ਪਾਣੀ, ਕਈ ਪਸ਼ੂ ਝੁਲਸੇ, ਮਾਮਲਾ ਦਰਜ਼
ਮੌਕੇ ‘ਤੇ ਮੌਜ਼ੂਦ ਪੁਲਿਸ ਕਰਮਚਾਰੀਆਂ ਨੇ ਉਕਤ ਇਕੱਠ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਡੀਈਓ ਸੈਕੰਡਰੀ ਨਿਰਮਲ ਸਿੰਘ ਜੈਤੋ ਸਰਜਾ ਤੇ ਉਨ੍ਹਾਂ ਨਾਲ ਆਈ ਟੀਮ ਨੂੰ ਪ੍ਰੀਖਿਆ ਸੈਂਟਰ ਦੇ ਕਥਿੱਤ ਤੌਰ ‘ਤੇ ਇੰਟਰ ਗੇਟ ‘ਤੇ ਬੰਦੀ ਬਣਾ ਲਿਆ ਸੂਚਨਾ ਮਿਲਦੇ ਹੀ ਡੀਐਸਪੀ ਸੁਖਚੈਨ ਸਿੰਘ ਮਾਨ, ਥਾਣਾ ਇੰਚਾਰਜ਼ ਬਲਵਿੰਦਰ ਸਿੰਘ ਮੌਕੇ’ਤੇ ਪਹੁੰਚੇ ਪਰੰਤੂ ਇਕੱਠ ਦੀ ਗਿਣਤੀ ਵਧੇਰੇ ਹੋਣ ਕਾਰਨ ਬਾਹਰੀ ਥਾਣਿਆਂ ਤੋਂ ਪੁਲਿਸ ਬਲ ਮੰਗਵਾਉਣੀ ਪਈ। ਡੀਈਓ ਨਿਰਮਲ ਸਿੰਘ ਜੈਤੋ ਸਰਜਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਨਕਲ ‘ਤੇ ਨਕੇਲ ਕੱਸਣ ਤੋਂ ਖਫ਼ਾ ਲੋਕਾਂ ਨੇ ਹੰਗਾਮਾ ਕੀਤਾ, ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਓਧਰ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਖੇਮਕਰਨ ਕੰਨਿਆ ਸਕੂਲ ਦੇ ਪ੍ਰੀਖਿਆ ਕੇਂਦਰ ਨੂੰ ਬਦਲਣ ਦੇ ਆਦੇਸ਼ ਦਿੱਤੇ ਹਨ।