ਪ੍ਰਸਿੱਧ ਪੰਜਾਬੀ ਸਾਹਿਤਕਾਰ ਪ੍ਰੋ.ਰਾਜਪਾਲ ਸਿੰਘ ਦਾ ਦੇਹਾਂਤ

Rajpal Singh, Dies, Popular, Punjabi, Litterateur

ਨਵਜੋਤ ਸਿੰਘ ਸਿੱਧੂ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਪ੍ਰੋ. (Prof. Rajpal Singh) ਰਾਜਪਾਲ ਸਿੰਘ ਦਾ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਬੇਟਾ ਛੱਡ ਗਏ ਹਨ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪ੍ਰੋ. ਰਾਜਪਾਲ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਪ੍ਰੋ.ਰਾਜਪਾਲ ਸਿੰਘ ਨੇ ਅਧਿਆਪਨ ਖੇਤਰ ਤੋਂ ਆਪਣਾ ਸਫਰ ਸ਼ੁਰੂ ਕਰ ਕੇ ਲੋਕ ਕਲਾਵਾਂ, ਸਾਹਿਤ ਤੇ ਸੱਭਿਆਚਾਰ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ।

ਇਹ ਵੀ ਪੜ੍ਹੋ : ਜਿੱਥੋਂ ਲੰਘ ਰਿਹੈ ਬਿਪਰਜੋਏ ਛੱਡ ਰਿਹੈ ਤਬਾਹੀ ਦੇ ਨਿਸ਼ਾਨ, ਰਾਜਸਥਾਨ ਵੱਲ ਵਧਿਆ

ਉਨ੍ਹਾਂ ਕਿਹਾ ਕਿ ਪ੍ਰੋ.ਰਾਜਪਾਲ ਸਿੰਘ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਵਜੋਂ ਨਿਭਾਈਆਂ ਬੇਮਿਮਾਲ ਸੇਵਾਵਾਂ ਵਜੋਂ ਯਾਦ ਕੀਤਾ ਜਾਵੇਗਾ। ਉਨ੍ਹਾਂ ਪ੍ਰੋ. ਰਾਜਪਾਲ ਸਿੰਘ ਦੇ ਤੁਰ ਜਾਣ ਨੂੰ ਨਿੱਜੀ ਘਾਟਾ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੱਭਿਆਚਾਰਕ ਨੀਤੀ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਸਬੰਧੀ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਗਈਆਂ, ਉਨ੍ਹਾਂ ਵਿੱਚ ਪ੍ਰੋ.ਸਾਹਿਬ ਨੇ ਹਰ ਵਾਰ ਹਾਜ਼ਰੀ ਭਰਦਿਆਂ ਕੀਮਤੀ ਸੁਝਾਅ ਦਿੱਤੇ। ਪ੍ਰੋ. ਰਾਜਪਾਲ ਸਿੰਘ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਅੰਗਰੇਜ਼ੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਸਨ। ਸ.ਸਿੱਧੂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਕੀਤੀ।

ਇਸੇ ਦੌਰਾਨ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋ. ਰਾਜਪਾਲ ਸਿੰਘ ਦੇ ਤੁਰ ਜਾਣ ਨਾਲ ਸਾਹਿਤ, ਲੋਕ ਕਲਾਵਾਂ ਅਤੇ ਸੱਭਿਆਚਾਰ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ, ਜਿਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ।