ਮਹਾਂਮਾਰੀ ਦੂਜੀ ਲਹਿਰ ਦੌਰਾਨ ਲੋਕਾਂ ਨੂੰ ਸੰਜੀਦਾ ਰਹਿਣਾ ਚਾਹੀਦੈ

Corona Epidemic Sachkahoon

ਮਹਾਮਾਰੀ ਦੂਜੀ ਲਹਿਰ ਦੇ ਪ੍ਰਭਾਵ ਵੀ ਵਿਆਪਕ ਹੁੰਦੇ ਜਾ ਰਹੇ ਹਨ। ਭਾਰਤ ਦੀ ਜੀਵਨ-ਸ਼ੈਲੀ ਗਤੀਸ਼ੀਲ ਅਤੇ ਪਰਿਵਰਤਨਸ਼ੀਲ ਹੈ। ਇਸ ਜੀਵਨ ਪ੍ਰਣਾਲੀ ਵਿਚ ਗਜ਼ਬ ਦੀ ਆਤਮ ਰੂਪਾਂਤਰਣ ਸ਼ਕਤੀ ਹੈ। ਪਲੇਗ, ਫਲੂ ਵਰਗੀਆਂ ਵਿਸ਼ਵ-ਵਿਆਪੀ ਮਹਾਮਾਰੀਆਂ ਨਾਲ ਜੂਝਦੇ ਹੋਏ ਭਾਰਤ ਨੇ ਉਲਟ ਹਾਲਾਤ ਦਾ ਬੜੇ ਸਬਰ ਨਾਲ ਸਾਹਮਣਾ ਕੀਤਾ। 

ਕਾਲ਼ ਦੇ ਹਾਲਾਤ ਵੀ ਭਿਆਨਕ ਸਨ ਪਰ ਭਾਰਤ ਦੇ ਲੋਕਾਂ ਨੇ ਸਬਰ ਦਾ ਪੱਲਾ ਨਹੀਂ ਛੱਡਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਵਿਡ-19 ਦੂਜੀ ਲਹਿਰ ਜਾਨਲੇਵਾ ਚੁਣੌਤੀ ਹੈ ਜੋ ਭਾਰਤ ਅੱਗੇ ਮੂੰਹ ਅੱਡੀ ਖੜ੍ਹੀ ਹੈ। ਅਸੀਂ ਆਪਣੇ 2.38 ਲੱਖ ਤੋਂ ਵੱਧ ਲੋਕਾਂ ਨੂੰ ਖੋ ਚੁੱਕੇ ਹਾਂ। ਹਸਪਤਾਲਾਂ ਵਿਚ ਬੈੱਡ ਨਹੀਂ ਹਨ। ਆਕਸੀਜਨ ਦੀ ਸਪਲਾਈ ਨਾਕਾਫ਼ੀ ਹੈ। ਜ਼ਰੂਰੀ ਦਵਾਈਆਂ ਦੀ ਕਿੱਲਤ ਹੈ। ਸਰਕਾਰਾਂ ਜੰਗੀ ਪੱਧਰ ਤੇ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬਹੁਤਾ ਪ੍ਰਭਾਵ ਨਹੀਂ ਪੈ ਰਿਹਾ।

ਹਕੀਕਤ ਇਹ ਵੀ ਹੈ ਕਿ ਅਸੀਂ ਸਾਰੀ ਜ਼ਿੰਮੇਵਾਰੀ ਸਰਕਾਰਾਂ ਤੇ ਸੁੱਟ ਕੇ ਆਪਣੇ ਨਾਗਰਿਕ ਹੋਣ ਦੇ ਫ਼ਰਜ਼ਾਂ ਤੋਂ ਮੂੰਹ ਨਹੀਂ ਫੇਰ ਸਕਦੇ। ਭਿਆਨਕ ਹਾਲਾਤ ਦਾ ਸਾਹਮਣਾ ਜੀਵਨ-ਸ਼ੈਲੀ ਵਿਚ ਤਬਦੀਲੀ ਲਿਆ ਕੇ ਹੀ ਸੰਭਵ ਹੈ।ਭਾਰਤ ਵਿਚ ਕੋਰੋਨਾ ਦਾ ਹਮਲਾ ਜਨਵਰੀ 2020 ਵਿਚ ਹੋਇਆ ਸੀ। ਉਦੋਂ ਪ੍ਰਧਾਨ ਮੰਤਰੀ ਨੇ ਤਤਕਾਲ ਸਰਗਰਮੀ ਦਿਖਾਈ ਸੀ। ਸਰਕਾਰ ਨੇ ਲਾਕਡਾਊਨ ਕੀਤਾ ਸੀ। ਜਨ-ਜਾਗਰਣ ਲਈ ਹਰ ਸੰਭਵ ਯਤਨ ਕੀਤੇ ਗਏ। ਕੋਰੋਨਾ ਤੋਂ ਥੋੜ੍ਹੀ ਰਾਹਤ ਵੀ ਮਿਲੀ। ਫਿਰ ਸੰਜਮ ਟੁੱਟਿਆ। ਇਹ ਸੰਜਮ ਜੀਵਨ-ਸ਼ੈਲੀ ਦਾ ਹਿੱਸਾ ਨਹੀਂ ਸੀ।

ਸੂਬਾ ਸਰਕਾਰਾਂ ਪੂਰੀ ਤਾਕਤ ਨਾਲ ਜੂਝ ਰਹੀਆਂ ਹਨ। ਕੇਂਦਰ ਸਰਕਾਰ ਦੇ ਉੱਦਮ ਨਾਲ ਵੈਕਸੀਨ ਦਾ ਵੱਡੇ ਪੱਧਰ ਤੇ ਉਤਪਾਦਨ ਹੋਣ ਲੱਗਾ ਹੈ। ਸ਼ਨਿਚਰਵਾਰ ਨੂੰ ਹੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਪੇਸ਼ ਕੀਤੀ ਗਈ ਇਕ ਦਵਾਈ ਉਮੀਦ ਦੀ ਨਵੀਂ ਕਿਰਨ ਲੈ ਕੇ ਆਈ ਹੈ। ਇੱਥੇ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਆਕਸੀਜਨ ਦੀ ਸਪਲਾਈ ਦੇ ਤਮਾਮ ਉਪਾਅ ਜਾਰੀ ਹਨ। ਭਾਰਤ ਦਾ ਸਿਹਤ ਢਾਂਚਾ ਪਹਿਲਾਂ ਤੋਂ ਹੀ ਬਹੁਤ ਕਮਜ਼ੋਰ ਹੈ। ਭਾਰਤ ਵਿਚ ਪ੍ਰਤੀ 10 ਹਜ਼ਾਰ ਵਿਅਕਤੀਆਂ ਤੇ ਅੰਦਾਜ਼ਨ 8.6 ਡਾਕਟਰ ਹਨ।

ਪ੍ਰਤੀ 10 ਹਜ਼ਾਰ ਤੇ ਲਗਪਗ 6 ਬੈੱਡ ਹਨ। ਵੈਂਟੀਲੇਟਰ ਵਾਲੇ ਬੈੱਡ ਤਾਂ ਹੋਰ ਵੀ ਘੱਟ ਹਨ। ਸਪਸ਼ਟ ਹੈ ਕਿ ਪਿਛਲੀਆਂ ਸਰਕਾਰਾਂ ਨੇ ਜਨ ਸਿਹਤ ਸੇਵਾਵਾਂ ਦੀ ਘੋਰ ਅਣਦੇਖੀ ਕੀਤੀ ਤੇ ਇਹੀ ਕਾਰਨ ਹੈ ਕਿ ਮੌਜੂਦਾ ਸਰਕਾਰ ਪੂਰਾ ਜ਼ੋਰ ਲਾ ਕੇ ਵੀ ਉਨ੍ਹਾਂ ਵਿਚ ਉਮੀਦ ਮੁਤਾਬਕ ਸੁਧਾਰ ਨਹੀਂ ਕਰ ਸਕੀ ਹੈ। ਜੀਵਨ-ਸ਼ੈਲੀ ਵਿਚ ਹਾਲਾਤ ਮੁਤਾਬਕ ਤਬਦੀਲੀ ਲਿਆਉਣਾ ਭਾਰਤੀ ਲੋਕਾਂ ਦੇ ਸੁਭਾਅ ਦਾ ਹਿੱਸਾ ਰਿਹਾ ਹੈ। ਸਰਦ ਰੁੱਤ ਆਉਂਦੀ ਹੈ। ਅਸੀਂ ਲਿਬਾਸ ਬਦਲ ਲੈਂਦੇ ਹਾਂ। ਗਰਮੀ ਵਿਚ ਲੂ ਦੇ ਥਪੇੜਿਆਂ ਤੋਂ ਬਚਣ ਲਈ ਘਰੋਂ ਜ਼ਰੂਰੀ ਕੰਮ ਲਈ ਹੀ ਨਿਕਲਦੇ ਹਾਂ। ਬਾਰਿਸ਼ ਵਿਚ ਵੀ ਘਰੇ ਰਹਿਣ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਹਾਲਾਤ ਮੁਤਾਬਕ ਜਨਤਕ ਪ੍ਰੋਗਰਾਮ ਕਰਦੇ ਹਾਂ। ਕੋਹਰੇ ਦੇ ਸਮੇਂ ਰਾਤ ਵੇਲੇ ਆਵਾਜਾਈ ਘੱਟ ਜਾਂਦੀ ਹੈ। ਭੋਜਨ ਵੀ ਰੁੱਤ ਅਤੇ ਹਾਲਾਤ ਅਨੁਸਾਰ ਬਦਲਦੇ ਹਨ। ਜੀਵਨ-ਸ਼ੈਲੀ ਵਿਚ ਤਬਦੀਲੀ ਲਈ ਕੋਈ ਸਰਕਾਰੀ ਆਦੇਸ਼ ਜਾਰੀ ਨਹੀਂ ਹੁੰਦੇ। ਸਾਰੇ ਮਨੁੱਖ ਕੁਦਰਤ ਅਤੇ ਹਾਲਾਤ ਦੇ ਅਨੁਸਾਰ ਜੀਵਨ-ਸ਼ੈਲੀ ਵਿਚ ਬਦਲਾਅ ਲਿਆਉਂਦੇ ਹਨ। ਕੋਰੋਨਾ ਤੋਂ ਬਚਾਅ ਲਈ ਸਰੀਰਕ ਦੂਰੀ ਦੀ ਬਹੁਤ ਜ਼ਿਆਦਾ ਦਰਕਾਰ ਸੀ। ਸ਼ਿਸ਼ਟਾਚਾਰ ਵਜੋਂ ਹੱਥ ਮਿਲਾਉਣ ਤੋਂ ਵੀ ਬਚਣ ਦੀ ਬੇਨਤੀ ਕੀਤੀ ਗਈ ਸੀ। ਭਾਰਤੀ ਜੀਵਨ-ਸ਼ੈਲੀ ਵਿਚ ਇਸ ਦਾ ਬਦਲ ਨਮਸਕਾਰ ਹੈ। ਸਾਰੇ ਛੂਤ ਦੇ ਰੋਗਾਂ ਵਿਚ ਦੂਰੀ ਬਣਾਈ ਰੱਖਣ ਦੇ ਫ਼ਾਇਦੇ ਹਨ। ਮਾਸਕ ਪਹਿਨਣ ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਆਪਣੀ ਅਤੇ ਆਪਣਿਆਂ ਦੀ ਸੁਰੱਖਿਆ ਲਈ ਇਸ ਤੇ ਅਮਲ ਕਰਨਾ ਬੇਹੱਦ ਜ਼ਰੂਰੀ ਹੈ।

ਮਹਾਮਾਰੀ ਟਾਸਕ ਫੋਰਸ ਨੂੰ ਚੁਣੌਤੀਆਂ

ਅਨੇਕ ਲੋਕਾਂ ਨੇ ਕੋਰੋਨਾ ਪ੍ਰੋਟੋਕਾਲ ਨੂੰ ਜੀਵਨ-ਸ਼ੈਲੀ ਦਾ ਹਿੱਸਾ ਬਣਾਇਆ ਹੈ ਤਾਂ ਤਮਾਮ ਅਜਿਹੇ ਵੀ ਹਨ ਜੋ ਅਸਾਧਾਰਨ ਨਤੀਜੇ ਦੇਣ ਵਾਲੇ ਇਨ੍ਹਾਂ ਸਾਧਾਰਨ ਉਪਰਾਲਿਆਂ ਨੂੰ ਵੀ ਸਵੀਕਾਰ ਨਹੀਂ ਕਰਦੇ। ਪੁਲਿਸ ਜੀਵਨ-ਸ਼ੈਲੀ ਨਹੀਂ ਬਦਲ ਸਕਦੀ। ਇਸ ਦੇ ਲਈ ਖ਼ੁਦ ਕੀਤੇ ਗਏ ਯਤਨ ਫ਼ਲਦਾਇਕ ਹੁੰਦੇ ਹਨ। ਕੋਰੋਨਾ ਤੇ ਅਨੇਕਾਂ ਖੋਜਾਂ ਹੋ ਰਹੀਆਂ ਹਨ। ਉਹ ਲਾਹੇਵੰਦ ਹਨ। ਮਨੁੱਖਤਾ ਲਈ ਉਮੀਦ ਹਨ ਪਰ ਆਮ ਲੋਕਾਂ ਵਿਚ ਭੈਅ ਵੀ ਪੈਦਾ ਕਰਦੀਆਂ ਹਨ। ਦੇਸ਼ ਦੇ ਮੁੱਖ ਵਿਗਿਆਨਕ ਸਲਾਹਕਾਰ ਵਿਜੈ ਰਾਘਵਨ ਨੇ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਆਉਣਾ ਤੈਅ ਹੈ। ਹਾਲਾਂਕਿ ਅਗਲੇ ਹੀ ਦਿਨ ਉਨ੍ਹਾਂ ਨੇ ਕਿਹਾ ਸੀ ਕਿ ਜ਼ਰੂਰੀ ਉਪਾਅ ਕਰ ਕੇ ਉਸ ਨੂੰ ਟਾਲਿਆ ਵੀ ਜਾ ਸਕਦਾ ਹੈ। ਕਹਿਣ ਦਾ ਭਾਵ ਇਹ ਕਿ ਸਾਨੂੰ ਇਸ ਮਹਾਮਾਰੀ ਨਾਲ ਅਣਮਿੱਥੇ ਸਮੇਂ ਤਕ ਜੂਝਣਾ ਪੈ ਸਕਦਾ ਹੈ। ਅਜਿਹੇ ਵਿਚ ਜੀਵਨ-ਸ਼ੈਲੀ ਵਿਚ ਤਬਦੀਲੀ ਲਿਆਉਣੀ ਬੇਹੱਦ ਜ਼ਰੂਰੀ ਹੋ ਗਈ ਹੈ।

ਕੋਰੋਨਾ ਤੋਂ ਬਚਾਅ ਦੇ ਨਿਯਮਾਂ ਨੂੰ ਜੀਵਨ ਅਨੁਸ਼ਾਸਨ ਦਾ ਹਿੱਸਾ ਬਣਾਉਣਾ ਹੋਵੇਗਾ। ਕੋਰੋਨਾ ਦੇ ਹਾਲਾਤ ਅਤੇ ਚੁਣੌਤੀ ਦੇ ਮੁਤਾਬਕ ਜੀਵਨ-ਸ਼ੈਲੀ ਵਿਚ ਤਬਦੀਲੀ ਸਾਡਾ ਰਾਸ਼ਟਰੀ ਫ਼ਰਜ਼ ਹੈ। ਇਹ ਪਰਿਵਤਰਨ ਦਿਖਾਈ ਵੀ ਦੇਣਾ ਚਾਹੀਦਾ ਹੈ। ਭਾਰਤ ਉਤਸਵਾਂ ਵਾਲਾ ਮੁਲਕ ਹੈ। ਇੱਥੇ ਉਤਸਵਾਂ ਮੌਕੇ ਭਾਰੀ ਭੀੜ ਜੁਟਦੀ ਹੈ। ਅਜਿਹੀ ਭੀੜ ਕੋਰੋਨਾ ਅਨੁਸ਼ਾਸਨ ਨੂੰ ਤਾਰ-ਤਾਰ ਕਰਦੀ ਹੈ। ਪੂਰਵਜਾਂ ਨੇ ਡੂੰਘੇ ਅਧਿਐਨ ਤੋਂ ਬਾਅਦ ਹੀ ਉਤਸਵਾਂ ਅਤੇ ਤੀਰਥ-ਯਾਤਰਾਵਾਂ ਦੀ ਰਚਨਾ ਕੀਤੀ ਸੀ। ਉਦੋਂ ਹਾਲਾਤ ਵੱਖਰੇ ਸਨ। ਹੁਣ ਹਾਲਾਤ ਹੋਰ ਹਨ। ਸਾਨੂੰ ਸਾਰਿਆਂ ਨੂੰ ਵੀ ਉਸੇ ਚੌਕਸੀ ਨਾਲ ਭੀੜ ਨਹੀ ਜੁਟਾਉਣ ਚਾਹੀਦਾ ਹੈ। ਇਹ ਕੋਈ ਵੱਡਾ ਕੰਮ ਨਹੀਂ ਹੈ ਪਰ ਇਸ ਸੰਕਲਪ ਨਾਲ ਪ੍ਰਾਣਾਂ ਦੀ ਰਾਖੀ ਹੋ ਸਕਦੀ ਹੈ। ਸਰਕਾਰਾਂ ਨੇ ਵਿਆਹ ਸਮਾਰੋਹਾਂ ਵਿਚ ਵੀ ਹਾਜ਼ਰੀ ਘਟਾਈ ਹੈ ਪਰ ਸਿਆਸੀ ਪ੍ਰੋਗਰਾਮਾਂ ਅਤੇ ਪ੍ਰਦਰਸ਼ਨਾਂ ਵਿਚ ਇਕੱਠੀ ਹੋਣ ਵਾਲੀ ਭੀੜ ਨਿਰਾਸ਼ਾਜਨਕ ਹੈ। ਪਾਰਟੀਆਂ ਨੇ ਆਤਮ-ਅਨੁਸ਼ਾਸਨ ਵਿਕਸਤ ਨਹੀਂ ਕੀਤਾ।

ਮਹਾਮਾਰੀ ਨੇ ਵੈਸੇ ਵੀ ਜੀਵਨ-ਸ਼ੈਲੀ ਨੂੰ ਬਹੁਤ ਜ਼ਿਆਦਾ ਬਦਲ ਦਿੱਤਾ ਹੈ ਪਰ ਇਹ ਬਦਲਾਅ ਭੈਅ ਆਧਾਰਿਤ ਹੈ। ਸਾਨੂੰ ਸਾਰਿਆਂ ਨੂੰ ਖ਼ੁਦ ਜ਼ਰੂਰੀ ਬਦਲਾਅ ਕਰਨੇ ਚਾਹੀਦੇ ਹਨ। ਮੁਸੀਬਤ ਵੱਡੀ ਹੈ। ਸਭ ਨੇ ਆਪਣੇ ਮਿੱਤਰ ਅਤੇ ਪਿਆਰੇ ਗੁਆਏ ਹਨ ਅਤੇ ਅਨੇਕਾਂ ਨੇ ਪਰਿਵਾਰਕ ਮੈਂਬਰ ਵੀ। ਰਾਸ਼ਟਰੀ ਸੰਕਟ ਦੀ ਘੜੀ ਹੈ ਇਹ ਮਹਾਮਾਰੀ ਇਕਦਮ ਵਿਕਰਾਲ ਰੂਪ ਧਾਰਨ ਕਰ ਗਈ ਜਿਸ ਦਾ ਕਿਸੇ ਨੂੰ ਵੀ ਅਨੁਮਾਨ ਨਹੀਂ ਸੀ। ਇਸ ਸੰਕਟ ਦਾ ਸ਼ਾਸਨ-ਪ੍ਰਸ਼ਾਸਨ ਤੇ ਜਨਤਾ ਨੂੰ ਮਿਲ ਕੇ ਟਾਕਰਾ ਕਰਨਾ ਹੋਵੇਗਾ।

ਸਾਨੂੰ ਸਾਰਿਆਂ ਨੂੰ ਮੱਤਭੇਦ ਭੁਲਾ ਕੇ ਇਕਜੁੱਟ ਹੋਣਾ ਚਾਹੀਦਾ ਹੈ।  ਅਨੇਕਾਂ ਗ਼ੈਰ-ਸਿਆਸੀ ਸੰਗਠਨ ਅਤੇ ਉੱਦਮੀ ਇਸ ਸੰਕਟ ਵਿਚ ਲਗਾਤਾਰ ਸਹਾਇਤਾ ਕਰ ਰਹੇ ਹਨ। ਆਫ਼ਤ ਵਿਚ ਸਹਾਇਤਾ ਭਾਰਤੀ ਜੀਵਨ-ਸ਼ੈਲੀ ਦਾ ਅਟੁੱਟ ਹਿੱਸਾ ਹੈ। ਇਹ ਆਫ਼ਤ ਜਾਨਲੇਵਾ ਹੈ, ਫਿਰ ਵੀ ਡਾਕਟਰ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਜੰਗੀ ਪੱਧਰ ਤੇ ਕੰਮ ਵਿਚ ਲੱਗੇ ਹੋਏ ਹਨ। ਭਾਰਤ ਦੇ ਹਰੇਕ ਵਿਅਕਤੀ ਦਾ ਫ਼ਰਜ਼ ਹੈ। ਇਸ ਤੋਂ ਕਿਸੇ ਨੂੰ ਵੀ ਪਿੱਛੇ ਨਹੀਂ ਹਟਣਾ ਚਾਹੀਦਾ।

ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।