ਸੀਵਰੇਜ ਧਸਣ ਕਾਰਨ ਲੋਕ ਚਿੰਤਾ ’ਚ, ਆਈਟੀਆਈ ਰੋਡ ਵਾਸੀਆਂ ਲਈ ਮੀਂਹ ਬਣਿਆ ਆਫ਼ਤ

Ludhiana Rain
ਆਈਟੀਆਈ ਰੋਡ ਲੁਧਿਆਣਾ ’ਤੇ ਧਸੇ ਸੀਵਰੇਜ ਦੀ ਨਿਗਰਾਨੀ ਕਰਦੇ ਹੋਏ ਨਗਰ ਨਿਗਮ ਅਧਿਕਾਰੀ। ਤਸਵੀਰਾਂ- ਲਾਲ ਚੰਦ ਸਿੰਗਲਾ।

ਸਾਉਣ ਦਾ ਮੀਂਹ ਉਨਾਂ ਲਈ ਰਾਹਤ ਦੇ ਨਾਲ ਆਫ਼ਤ ਵੀ ਲੈ ਕੇ ਆਇਆ ਹੈ, ਜਲਦ ਕੀਤਾ ਜਾਵੇ ਹੱਲ : ਇਲਾਕਾ ਵਾਸੀ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਭਾਰੀ ਦਿਵਾਈ ਹੈ ਪਰ ਨਾਲੋ ਨਾਲ ਲੋਕਾਂ ਲਈ ਅਨੇਕਾਂ ਮੁਸ਼ਕਿਲਾਂ ਨੂੰ ਵੀ ਜਨਮ ਦੇ ਦਿੱਤਾ ਹੈ। ਮੀਂਹ ਕਾਰਨ ਪੈਦਾ ਹੋਈ ਅਜਿਹੀ ਹੀ ਇੱਕ ਸਮੱਸਿਆ ਕਾਰਨ ਸਥਾਨਕ ਆਈਟੀਆਈ ਰੋਡ ਦੇ ਲੋਕ ਇਸ ਸਮੇਂ ਚਿੰਤਾ ’ਚ ਹਨ। ਜਿੰਨਾਂ ਨੂੰ ਆਪਣੇ ਘਰਾਂ ਦੇ ਡਿੱਗਣ ਦਾ ਡਰ ਸਤਾਉਣ ਲੱਗਾ ਹੈ। (Ludhiana News)

ਘਟਨਾ ਸਥਾਨਕ ਆਈਟੀਆਈ ਰੋਡ ’ਤੇ ਭਾਰਤ ਪੈਟਰੋਲੀਅਮ ਪੰਪ ਨਜ਼ਦੀਕ ਵਾਰਡ ਨੰਬਰ 40 ਦੀ ਹੈ। ਜਿੱਥੇ ਰੋਡ ਹੇਠਾਂ ਪਾਇਆ ਗਿਆ ਸੀਵਰੇਜ ਕਈ ਥਾਵਾਂ ਤੋਂ ਧਰਤੀ ਹੇਠਾਂ ਧਸ ਗਿਆ ਹੈ। ਮੀਂਹ ਕਾਰਨ ਧਰਤੀ ਹੇਠਾਂ ਧਸਿਆ ਸੀਵਰੇਜ ਘਰਾਂ ਤੋਂ ਕੁੱਝ ਕੁ ਫੁੱਟ ਦੀ ਦੂਰੀ ’ਤੇ ਹੀ ਪਾਇਆ ਗਿਆ ਸੀ। ਜਿਸ ਦੇ ਧਸਣ ਕਾਰਨ ਲਾਗਲੇ ਘਰਾਂ ਦੇ ਵਸਨੀਕਾਂ ਨੂੰ ਆਪਣੇ ਘਰਾਂ ਨੂੰ ਨੁਕਸਾਨ ਹੋਣ ਦਾ ਖ਼ਦਸਾ ਸਤਾਉਣ ਲੱਗਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੀਸਪਾਲ ਗੋਇਲ, ਵਿਨੋਦ ਕੁਮਾਰ ਗੁਲਾਟੀ, ਬਲਵਿੰਦਰ ਸ਼ਰਮਾ, ਕੁਲਵੰਤ ਸਿੰਘ ਝੰਡੂ ਤੇ ਰਾਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਬਿਨਾਂ ਸ਼ੱਕ ਮੀਂਹ ਸਭਨਾਂ ਲਈ ਵਰਦਾਨ ਸਾਬਤ ਹੋਇਆ ਹੈ।

Ludhian Rain
ਆਈਟੀਆਈ ਰੋਡ ਲੁਧਿਆਣਾ ’ਤੇ ਧਸੇ ਸੀਵਰੇਜ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕ।

ਕਿਉਂਕਿ ਅੱਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਰੱਖੇ ਸਨ, ਜਿਸ ਤੋਂ ਮੀਂਹ ਕਾਰਨ ਭਾਰੀ ਰਾਹਤ ਮਿਲੀ ਹੈ। ਇਸ ਦੇ ਉਲਟ ਉਨਾਂ ਲਈ ਇਹ ਮੀਂਹ ਰਾਹਤ ਦੇ ਨਾਲ ਆਫ਼ਤ ਵੀ ਲੈ ਕੇ ਬਹੁੜਿਆ ਹੈ। ਜਿਸ ਕਾਰਨ ਉਹ ਚਿੰਤਾ ’ਚ ਹਨ। ਉਨਾਂ ਦੱਸਿਆ ਕਿ ਤਕਰੀਬਨ 40 ਕੁ ਸਾਲ ਪਹਿਲਾਂ ਪਾਇਆ ਗਿਆ ਸੀਵਰੇਜ ਤਿੰਨ ਥਾਵਾਂ ’ਤੋਂ ਧਰਤੀ ਹੇਠਾਂ ਧਸ ਗਿਆ ਹੈ ਜੋ ਬਿਲਕੁੱਲ ਉਨਾਂ ਦੇ ਮਕਾਨਾਂ ਦੀਆਂ ਕੰਧਾਂ ਦੇ ਨਾਲ ਹੀ ਹੈ। ਉਨਾਂ ਕਿਹਾ ਕਿ ਮੀਂਹ ਦਾ ਮੌਸਮ ਹਾਲੇ ਗਿਆ ਨਹੀਂ, ਇਸ ਕਰਕੇ ਸੀਵਰੇਜ ਧਸਣ ਕਾਰਨ ਉਨਾਂ ਨੂੰ ਆਪਣੇ ਘਰਾਂ ਨੂੰ ਨੁਕਸਾਨ ਹੋਣ ਦਾ ਡਰ ਹੈ। ਉਨਾਂ ਦੱਸਿਆ ਕਿ ਮਹਿੰਗਾਈ ਦੇ ਦੌਰ ’ਚ ਪਹਿਲਾਂ ਹੀ ਉਨਾਂ ਨੇ ਮਸਾਂ ਦੋ- ਦੋ ਖਣ ਖੜੇ ਕੀਤੇ ਹਨ।

ਇਹ ਵੀ ਪੜ੍ਹੋ : ਖੁਦ ਦੀ ਪਛਾਣ ਮਿਟਾਉਣ ਲਈ ਬੇਰਹਿਮੀ ਨਾਲ ਕੀਤਾ ਹਮਸ਼ਕਲ ਦਾ ਕਤਲ

ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਵੱਲੋਂ ਢੁਕਵੇਂ ਹੱਲ ਨਾ ਕੀਤੇ ਗਏ ਤਾਂ ਉਨਾਂ ਲਈ ਸੀਵਰੇਜ ਦਾ ਧਰਤੀ ’ਚ ਧਸਣਾ ਬੇਹੱਦ ਨੁਕਸਾਨਦਾਇਕ ਸਾਬਤ ਹੋਵੇਗਾ। ਉਨਾਂ ਦੱਸਿਆ ਕਿ ਮੀਂਹ ਕਾਰਨ ਬੁੱਧਵਾਰ ਨੂੰ ਇੱਕ ਥਾਂ ’ਤੇ ਥੋੜਾ ਜਿਹਾ ਸੀਵਰੇਜ ਬੈਠਿਆ ਸੀ ਪਰ ਸ਼ੁੱਕਰਵਾਰ ਦੇ ਮੀਂਹ ਕਾਰਨ ਇਹੀ ਸੀਵਰੇਜ ਹੁਣ ਤਿੰਨ ਥਾਵਾਂ ਤੋਂ ਧਰਤੀ ਹੇਠਾਂ ਧਸ ਚੁੱਕਿਆ ਹੈ। ਉਨਾਂ ਦੱਸਿਆ ਕਿ ਸੀਵਰੇਜ ’ਚ ਚੱਲ ਰਹੇ ਪਾਣੀ ਦਾ ਵਹਾਅ ਤੇਜ ਹੈ ਜਿਸ ਕਾਰਨ ਕਿਨਾਰਿਆਂ ਦੇ ਖੁਰਨ ਅਤੇ ਉਨਾਂ ਦੇ ਮਕਾਨਾਂ ਨੂੰ ਨੁਕਸਾਨ ਹੋਣ ਦਾ ਖ਼ਦਸਾ ਹੈ। ਇਸ ਲਈ ਧਰਤੀ ’ਚ ਧਸੇ ਸੀਵਰੇਜ ਨੂੰ ਜਲਦ ਤੋਂ ਜਲਦ ਦਰੁਸ਼ਤ ਕਰਵਾਇਆ ਜਾਵੇ ਤਾਂ ਜੋ ਲਾਗਲੇ ਮਕਾਨਾਂ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।

ਐਸਡੀਓ ਅਮਰਦੀਪ ਸਿੰਘ ਨਗਰ ਨਿਗਮ ਨੇ ਦੱਸਿਆ ਕਿ ਉਕਤ ਸਮੱਸਿਆ ਭਾਰੀ ਮੀਂਹ ਕਾਰਨ ਆਈ ਹੈ। ਉਹ ਮੌਕੇ ’ਤੇ ਹੀ ਮੌਜੂਦ ਹਨ। ਉਨਾਂ ਕਿਹਾ ਕਿ ਸੀਵਰੇਜ ’ਚ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ ਹੈ, ਜਿਸ ’ਚ ਇਸ ਸਮੱਸਿਆ ਨੂੰ ਦਰੁਸ਼ਤ ਕਰਨਾ ਔਖਾ ਹੈ। ਇਸ ਲਈ ਜਿਉਂ ਹੀ ਪਾਣੀ ਦਾ ਵਹਾਅ ਘੱਟਦਾ ਹੈ ਸਮੱਸਿਆ ਨੂੰ ਜਲਦ ਦੂਰ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨਾਂ ਨਾਲ ਜੇਈ ਸਨਪ੍ਰੀਤ ਸਿੰਘ ਵੀ ਮੌਜੂਦ ਸਨ।