ਦਨੇਸ਼ਵਰ, ਸ਼ਿਆਮਲੀ, ਅਮਨ, ਜਯੋਤੀ, ਸੁਸ਼ਾਂਤ ਅਤੇ ਆਂਚਲ ਦਾ ਖੇਡ ਪ੍ਰਦਰਸ਼ਨ ਰਿਹਾ ਖਿੱਚ ਦਾ ਕੇਂਦਰ | Basketball Championship
ਤਲਵੰਡੀ ਭਾਈ/ਜੀਰਾ (ਬਸੰਤ ਸਿੰਘ ਬਰਾੜ)। ਥੋੜੀ ਦੂਰ ਪੈਦੇ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਹੀਆ ਵਾਲਾ ਕਲਾਂ ਜਿਲ੍ਹਾ ਫਿਰੋਜ਼ਪੁਰ ਵਿਖੇ 11 ਤੋਂ 13 ਸਤੰਬਰ ਕਰਵਾਈ ਗਈ 32ਵੀਂ ਐਨ.ਵੀ.ਐਸ. ਨੈਸ਼ਨਲ ਲੈਵਲ ਬਾਸਕਟ-ਬਾਲ ਚੈਂਪੀਅਨਸ਼ਿਪ ਵਿੱਚ ਪਟਨਾ ਖੇਤਰ ਦੀ ਟੀਮ ਦਾ ਪੂਰਾ ਦੱਬਦਬਾ ਰਿਹਾ| ਇਸ ਖੇਡ ਮੁਕਾਬਲੇ ਵਿੱਚ ਦਨੇਸ਼ਵਰ (ਸ਼ਿਲੌਂਗ), ਸ਼ਿਆਮਲੀ (ਪਟਨਾ),ਅਮਨ (ਚੰਡੀਗੜ੍ਹ), ਜਯੋਤੀ (ਚੰਡੀਗੜ੍ਹ),ਸੁਸ਼ਾਂਤ (ਪਟਨਾ) ਆਂਚਲ (ਚੰਡੀਗੜ੍ਹ) ਦਾ ਖੇਡ ਪ੍ਰਦਰਸ਼ਨ ਖਿੱਚ ਦਾ ਕੇਂਦਰ ਰਿਹਾ ।
ਇਸ ਮੁਕਾਬਲਿਆਂ ਦੇ ਇਨਾਮ ਵੰਡ ਸਮਰੋਹ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ (ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਤੇ ਫੂਡ ਪ੍ਰੋਸੈਸਿੰਗ ਵਿਭਾਗ) ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਉਨਾਂ ਨੂੰ ਸਨਮਾਨਿਤ ਵੀਂ ਕੀਤਾ ।
ਉਨਾ ਖਿਡਾਰੀਆਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਆਪਣੇ ਅਖਤਿਆਰੀ ਫੰਡ ਵਿੱਚੋਂ ਸਕੂਲ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ| ਇਸ ਮੌਕੇ ਵਿਧਾਇਕ ਜੀਰਾ ਸ਼੍ਰੀ ਨਰੇਸ਼ ਕਟਾਰੀਆ ਅਤੇ ਸਹਾਇਕ ਕਮਿਸ਼ਨਰ ਡੀ.ਡੀ ਸ਼ਰਮਾ ਐਨ.ਵੀ.ਐਸ ਰੀਜ਼ਨਲ ਦਫਤਰ ਚੰਡੀਗੜ੍ਹ ਵੀ ਹਾਜ਼ਰ ਸਨ । ਇਸ ਮੌਕੇ ਸਮਾਗਮ ਵਿੱਚ ਪਹੁੰਚਣ ਤੇ ਕੈਬਿਨਿਟ ਮੰਤਰੀ ਸ. ਗੁਰਮੀਤ ਸਿੰਘ ਖੁਡੀਆ ਦਾ ਪ੍ਰਿੰਸੀਪਲ ਅਤੇ ਸਹਾਇਕ ਕਮਿਸ਼ਨਰ ਵੱਲੋਂ ਸਵਾਗਤ ਕੀਤਾ ਗਿਆ|
ਇਨਾਮ ਵੰਡ ਸਮਾਰੋਹ ਵਿੱਚ ਗੁਰਮੀਤ ਖੁਡੀਆਂ ਰਹੇ ਮੁੱਖ ਮਹਿਮਾਨ, ਇਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ
ਸਮਾਹਰੋਹ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਦੋਂ ਖਿਡਾਰੀ ਖੇਡਦੇ ਹਨ ਤਾਂ ਹਰ ਇੱਕ ਦੇ ਮਨ ਵਿੱਚ ਜਿੱਤ ਦੀ ਆਸ ਹੁੰਦੀ ਹੈ ਜਦਕਿ ਸਾਨੂੰ ਪਤਾ ਹੁੰਦਾ ਹੈ ਕੀ ਜਿੱਤ ਤਾਂ ਕਿਸੇ ਇੱਕ ਟੀਮ ਦੀ ਹੀ ਹੋਣੀ ਹੁੰਦੀ ਹੈ, ਪਰ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ| ਉਨ੍ਹਾਂ ਕਿਹਾ ਕਿ ਖੇਡਾਂ ਹੀ ਇੱਕ ਇਹੋ ਜਿਹੀ ਚੀਜ਼ ਹੈ ਜੋ ਸਾਨੂੰ ਤਣਾਅ ਪੂਰਨ ਜ਼ਿੰਦਗੀ ਤੋਂ ਬਾਹਰ ਨਿਕਲਣਾ ਅਤੇ ਕਈ ਬੁਰੇ ਕੰਮਾਂ ਤੋਂ ਦੂਰ ਰਹਿ ਕੇ ਜਿਉਣਾ ਸਿਖਾਉਂਦੀਆਂ ਹਨ| ਉਨ੍ਹਾਂ ਕਿਹਾ ਕਿ ਇਹ ਸਾਰੇ ਖਿਡਾਰੀ ਦੇਸ਼ ਦਾ ਭਵਿੱਖ ਹਨ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਜ਼ਰੂਰ ਅੱਗੇ ਜਾ ਕੇ ਕੋਈ ਨਾ ਕੋਈ ਵੱਡਾ ਮੁਕਾਮ ਹਾਸਲ ਕਰਨਗੇ| ਉਨ੍ਹਾਂ ਕਿਹਾ ਕਿ ਇੰਨਾ ਖਿਡਾਰੀਆਂ ਤੋਂ ਹੋਰਨਾਂ ਨੂੰ ਵੀ ਪ੍ਰੇਰਿਤ ਹੋਣਾ ਚਾਹੀਦਾ ਹੈ ਤੇ ਜਵਾਨੀ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ|
Basketball Championship
ਇਸ ਬਾਸਕਟ-ਬਾਲ ਚੈਂਪੀਅਨਸ਼ਿਪ ਦੌਰਾਨ 8 ਵੱਖ ਵੱਖ ਖੇਤਰਾਂ ਤੋਂ ਭੋਪਾਲ, ਜੈਪੁਰ, ਸ਼ਿਲੋਂਗ, ਚੰਡੀਗੜ੍ਹ, ਹੈਦਰਾਬਾਦ, ਪਟਨਾ, ਲਖਨਊ ਅਤੇ ਪੁਣੇ ਤੋਂ ਖਿਡਾਰੀਆਂ ਨੇ ਹਿੱਸਾ ਲਿਆ| ਜਿਨ੍ਹਾ ਵਿੱਚ ਅੰਡਰ 14, 17 ਅਤੇ 19 (ਲੜਕੇ ਅਤੇ ਲੜਕੀਆਂ) ਦੇ ਬਾਸਕਟ-ਬਾਲ ਮੈਚ ਕਰਵਾਏ ਗਏ| ਅੰਡਰ 14 ਲੜਕਿਆਂ ਵਿੱਚੋਂ ਲਖਨਊ ਤੇ ਲੜਕੀਆਂ ਵਿੱਚੋਂ ਪਟਨਾ, ਅੰਡਰ 17 ਲੜਕਿਆਂ ਵਿੱਚੋਂ ਚੰਡੀਗੜ੍ਹ ਤੇ ਲੜਕੀਆਂ ਵਿੱਚੋਂ ਪਟਨਾ, ਅੰਡਰ 19 ਲੜਕਿਆਂ ਵਿੱਚੋਂ ਪਟਨਾ ਤੇ ਲੜਕੀਆਂ ਵਿੱਚੋਂ ਚੰਡੀਗੜ੍ਹ ਦੀਆਂ ਟੀਮਾਂ ਜੇਤੂ ਰਹੀਆਂ| ਇਨਾ ਮੈਚਾਂ ਵਿੱਚੋਂ ਉੱਤਮ ਖਿਡਾਰੀ ਦਾ ਐਵਾਰਡ ਅੰਡਰ 14 ਲੜਕਿਆਂ ਵਿੱਚੋਂ ਦਨੇਸ਼ਵਰ(ਸ਼ਿਲੌਂਗ) ਤੇ ਲੜਕੀਆਂ ਵਿੱਚੋਂ ਸ਼ਿਆਮਲੀ (ਪਟਨਾ), ਅੰਡਰ 17 ਲੜਕਿਆਂ ਵਿੱਚੋਂ ਅਮਨ (ਚੰਡੀਗੜ੍ਹ) ਤੇ ਲੜਕੀਆਂ ਵਿੱਚੋਂ ਜਯੋਤੀ (ਚੰਡੀਗੜ੍ਹ), ਅੰਡਰ 19 ਲੜਕਿਆਂ ਵਿੱਚੋਂ ਸੁਸ਼ਾਂਤ (ਪਟਨਾ) ਤੇ ਲੜਕੀਆਂ ਵਿੱਚੋਂ ਆਂਚਲ (ਚੰਡੀਗੜ੍ਹ) ਨੂੰ ਪ੍ਰਾਪਤ ਹੋਇਆ|
ਇਸ ਚੈਂਪੀਅਨਸ਼ਿਪ ਦੌਰਾਨ ਓਵਰਆਲ ਟਰਾਫੀ ਪਟਨਾ ਖੇਤਰਾਂ ਦੀ ਟੀਮ ਦੇ ਹੱਕ ਵਿਚ ਗਈ| ਸਮੂਹ ਖਿਡਾਰੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਤੇ ਸਕੂਲ ਦੇ ਮੁਖੀ ਅਤੇ ਸਟਾਫ ਵੱਲੋਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਗਈ| ਇਨਾਮ ਵੰਡ ਸਮਾਰੋਹ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਕਥਕ, ਭੰਗੜਾ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ ਜਿਸ ਦਾ ਆਏ ਹੋਏ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਨੇ ਖੂਬ ਆਨੰਦ ਮਾਨਿਆ|
ਇਸ ਮੌਕੇ ਵਿਸ਼ੇਸ਼ ਤੌਰ ਤੇ ਐਸਡੀਐਮ ਜ਼ੀਰਾ ਸ਼੍ਰੀ ਗੁਰਮੀਤ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੱਜ, ਸ. ਗੁਰਲਾਲ ਸਿੰਘ, ਸਕੂਲ ਦੇ ਪ੍ਰਿੰਸੀਪਲ ਸਵਰਨਜੀਤ ਕੌਰ, ਵਾਈਸ ਪ੍ਰਿੰਸੀਪਲ ਸੁਨੀਲ ਕੁਮਾਰ, ਸੀਨੀਅਰ ਅਧਿਆਪਕ ਜਸਵਿੰਦਰ ਪਾਲ, ਵੀ.ਐਸ ਮੀਨਾ, ਸੁਨੀਲ, ਰਾਜ ਕੁਮਾਰ, ਕੰਵਲਪ੍ਰੀਤ ਕੌਰ, ਅਸ਼ਵਨੀ, ਆਰ.ਕੇ ਗਰਗ, ਸੱਤਵੀਰ ਕੌਰ, ਮੋਨਾ, ਕੁਲਵੀਰ ਸਿੰਘ ਸਮੇਤ ਪੀ.ਈ.ਟੀ ਅਧਿਆਪਕ ਭਗਵੰਤ ਕੌਰ, ਚਰਨਬੀਰ ਸਿੰਘ, ਪਾਰਸ ਮੋਂਗਾ ਵੀ ਹਜ਼ਾਰ ਸਨ l