ਪਟਿਆਲਾ ਪੁਲਿਸ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਪੂਰੀ ਤਰ੍ਹਾਂ ਵਚਨਵੱਧ : ਵਰੁਣ ਸ਼ਰਮਾ

Punjabi Language

ਜ਼ਿਲ੍ਹੇ ਦੇ 2500 ਮੁਲਾਜ਼ਮਾਂ ਨੇ ਨਾਵਾਂ ਦੀਆਂ ਤਖਤੀਆਂ ਤੇ ਥਾਣਿਆਂ, ਚੌਕੀਆਂ ਦੇ ਬੋਰਡ ਪੰਜਾਬੀ ’ਚ ਲਗਾਏ

  • ਪਟਿਆਲਾ ਮੀਡੀਆ ਕਲੱਬ ਤੇ ਮਾਤ ਭਾਸ਼ਾ ਜਾਗਰੂਕਤਾ ਮੰਚ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪੁਲਿਸ ਬੱਚਿਆਂ ਨੂੰ ਸਕੂਲਾਂ ਵਿਚ ਆਪਸ ਵਿਚ ਗੱਲਬਾਤ ਪੰਜਾਬੀ ਭਾਸ਼ਾ (Punjabi Language) ਵਿਚ ਕਰਨ ਵਾਸਤੇ ਉਤਸ਼ਾਹਿਤ ਕਰੇਗੀ ਅਤੇ ਮਾਤ ਭਾਸ਼ਾ ਦਿਵਸ ਤੇ ਵੀ ਪਟਿਆਲਾ ਪੁਲਿਸ ਵੱਲੋਂ ਸਕੂਲਾਂ ਦੇ ਬੱਚਿਆਂ ਦਾ ਪ੍ਰੋਗਰਾਮ ਕਰਵਾਇਆ ਗਿਆ । ਇਸ ਦੌਰਾਨ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਬੰਧੀ ਜਾਗਰੂਕ ਕੀਤਾ ਗਿਆ। ਇਹ ਪ੍ਰਗਟਾਵਾ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਵੱਲੋਂ ਪਟਿਆਲਾ ਮੀਡੀਆ ਕਲੱਬ ਅਤੇ ਮਾਤ ਭਾਸ਼ਾ ਜਾਗਰੂਕਤਾ ਮੰਚ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਦੌਰਾਨ ਕੀਤਾ । ਇਸ ਸਮਾਗਮ ਵਿਚ ਡਾ. ਸੀ ਪੀ ਕੰਬੋਜ ਦਾ ਮਾਤਾ ਭਾਸ਼ਾ ਸੇਵਕ ਐਵਾਰਡ ਨਾਲ ਸਨਮਾਨ ਕੀਤਾ ਗਿਆ।

ਜ਼ਿਲ੍ਹੇ ਦੇ ਸਾਰੇ ਥਾਣਿਆਂ ਤੇ ਚੌਕੀਆਂ ਦੇ ਬੋਰਡ ਪੰਜਾਬੀ ਵਿਚ ਲਿਖਵਾਏ

ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਵੀ ਪੰਜਾਬੀ ਭਾਸ਼ਾ (Punjabi Language) ਨੂੰ ਉਤਸ਼ਾਹਿਤ ਕਰਨ ਵਾਸਤੇ ਕਈ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਥਾਣਿਆਂ ਤੇ ਚੌਕੀਆਂ ਦੇ ਬੋਰਡ ਪੰਜਾਬੀ ਵਿਚ ਲਿਖਵਾਏ ਗਏ ਹਨ ਅਤੇ ਸਾਰੇ 2500 ਮੁਲਾਜ਼ਮਾਂ ਦੇ ਨਾਵਾਂ ਦੀਆਂ ਤਖਤੀਆਂ (ਨੇਮ ਪਲੇਟਾਂ) ਪੰਜਾਬੀ ਵਿਚ ਹੀ ਲਿਖਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਕੰਮ ਕਰਨ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ। ਸਮਾਗਮ ਨੂੰ ਸੰਬੋਧਨ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਦੀ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਟਿਆਲਾ ਮੀਡੀਆ ਕਲੱਬ ਅਤੇ ਮਾਤ ਭਾਸ਼ਾ ਜਾਗਰੂਕਤਾ ਮੰਚ ਵੱਲੋਂ ਮਾਂ ਬੋਲੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ।

ਭਾਸ਼ਾ ਵਿਭਾਗ ਪੰਜਾਬੀ ਮਾਂ ਬੋਲੀ ਲਈ ਲਗਾਤਾਰ ਕਰ ਰਹੀ ਐ ਕੰਮ

ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੀ ਪੰਜਾਬੀ ਦੀ ਪ੍ਰਫੁੂਲਿਤਾ ਵਾਸਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਸੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਰਵਾਇਆ ਹੈ ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਇਨ੍ਹਾਂ ਉਪਰਾਲਿਆਂ ਵਿਚ ਸਹਿਯੋਗ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

ਸਮਾਗਮ ਨੂੰ ਸੰਬੋਧਨ ਕਰਦਿਆ ਪੰਜਾਬੀ ਯੂਨੀਵਰਸਿਟੀ ਦੇ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਆਪਣੇ ਕੈਰੀਅਰ ਦੇ ਸ਼ੁਰੂਆਤ 8 ਸਾਲ ਬਤੌਰ ਪੱਤਰਕਾਰ ਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੁੂੰ ਫਖ਼ਰ ਹੈ ਕਿ ਉਹ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।ਇਸ ਤੋਂ ਪਹਿਲਾਂ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਨਵਦੀਪ ਢੀਂਗਰਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਮੰਚ ਦੇ ਸੰਯੋਜਕ ਗੁਰਮਿੰਦਰ ਸਮਦ ਨੇ ਡਾ. ਕੰਬੋਜ ਦੀ ਸਖ਼ਸੀਅਤ ਬਾਰੇ ਚਾਨਣਾ ਪਾਇਆ। ਮੰਚ ਦੇ ਸਹਿ ਸੰਯੋਜਕ ਅਮਨ ਅਰੋੜਾ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਸ਼ਾਇਰ ਅੰਮਿ੍ਰਤਪਾਲ ਸ਼ੈਦਾ ਨੇ ਮਾਂ ਬੋਲੀ ਬਾਰੇ ਪੰਜਾਬੀ ਗਜ਼ਲ ਸੁਣਾਈ। ਪੱਤਰਕਾਰ ਗਗਨਦੀਪ ਆਹੂਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਸਿੰਘ ਭੰਗੂ ਨੇ ਬਾਖੂਬੀ ਨਿਭਾਈ।

ਸਮਾਗਮ ਵਿਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਹਾਕਮ ਥਾਪਰ, ਮਾਤ ਭਾਸ਼ਾ ਜਾਗਰੂਕਤਾ ਮੰਚ ਦੇ ਸਰਪ੍ਰਸਤ ਸੁਰਿੰਦਰ ਸਿੰਘ ਚੱਢਾ, ਮੈਂਬਰ ਡਾ. ਕੁਲਪਿੰਦਰ ਸ਼ਰਮਾ, ਰਵਿੰਦਰ ਰਵੀ, ਵਿਨੋਦ ਬਾਲੀ, ਪਟਿਆਲਾ ਮੀਡੀਆ ਕਲੱਬ ਤੋਂ ਕੁਲਵੀਰ ਸਿੰਘ ਧਾਲੀਵਾਲ, ਖੁਸ਼ਵੀਰ ਸਿੰਘ ਤੂਰ, ਰਾਣਾ ਰਣਧੀਰ, ਪਰਮੀਤ ਸਿੰਘ ਅਤੇ ਜਗਤਾਰ ਸਿੰਘ, ਗੁਰਵਿੰਦਰ ਸਿੰਘ ਔਲਖ, ਕਮਲ ਦੂਆ, ਧਰਮਿੰਦਰ ਸਿੰਘ ਸਿੱਧੂ, ਰਵੇਲ ਸਿੰਘ ਭਿੰਡਰ, ਗੁਰਪ੍ਰੀਤ ਸਿੰਘ ਚੱਠਾ, ਜਸਪਾਲ ਸਿੰਘ ਢਿੱਲੋਂ, ਅਰਵਿੰਦ ਸ੍ਰੀਵਾਸਤਵ, ਰਾਮ ਸਰੂਪ ਪੰਜੋਲਾ, ਨਰਿੰਦਰ ਸਿੰਘ ਬਠੋਈ, ਪ੍ਰੇਮ ਵਰਮਾ, ਗੁਲਸ਼ਨ ਸ਼ਰਮਾ, ਲਖਵਿੰਦਰ ਸਿੰਘ ਔਲਖ, ਪਰਗਟ ਸਿੰਘ ਬਲਬੇੜਾ, ਪਰਮਜੀਤ ਸਿੰਘ ਪਰਵਾਨਾ ਆਦਿ ਮੌਜੂਦ ਸਨ।

ਕਲੱਬ ਅੰਦਰ ਸੋਲਰ ਯੂਨਿਟ ਦਾ ਕੀਤਾ ਉਦਘਾਟਨ

ਇਸ ਮੌਕੇ ਐਸਐਸਪੀ ਵਰੁਣ ਸ਼ਰਮਾ ਅਤੇ ਨਾਭਾ ਪਾਵਰ ਲਿਮਟਿਡ ਦੇ ਰਵਿੰਦਰ ਸਿੰਘ ਲਾਲ ਅਤੇ ਡਾ. ਮਨੀਸ਼ ਸਰਹਿੰਦੀ ਨੇ ਕਲੱਬ ਵਿਚ ਐਨਪੀਐਲ ਵੱਲੋਂ ਲਗਵਾਏ 5 ਕਿਲੋਵਾਟ ਦੇ ਸੋਲਰ ਯੂਨਿਟ ਦਾ ਉਦਘਾਟਨ ਵੀ ਕੀਤਾ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਕਲੱਬ ਅੰਦਰ ਸੋਲਰ ਸਿਸਟਮ ਲਗਾਉਣ ਲਈ ਵਿਸ਼ੇਸ ਭੂਮਿਕਾ ਨਿਭਾਈ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ