ਪਟਿਆਲਾ ਪੁਲਿਸ ਵੱਲੋਂ ਨਾਭਾ ਵਿਖੇ ਗੈਸ ਏਜੰਸੀ ਦੀ ਲੁੱਟ ਦੇ ਮਾਮਲੇ ’ਚ ਪੰਜ ਜਣੇ ਕਾਬੂ

Case Of Robbery

 ਇੱਕ ਰਾਈਫਲ, 4 ਮਾਰੂ ਹਥਿਆਰ ਅਤੇ ਲੁੱਟ ਦੇ 2 ਲੱਖ ਰੁਪਏ ਵੀ ਬਰਾਮਦ

  •  ਜਨਵਰੀ ਮਹੀਨੇ ’ਚ ਭਵਾਨੀਗੜ੍ਹ ਵਿਖੇ ਵੀ ਗੈਸ ਏਜੰਸੀ ’ਚ ਲੁੱਟ ਨੂੰ ਦਿੱਤਾ ਗਿਆ ਸੀ ਅੰਜਾਮ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਨਾਭਾ ਗੈਸ ਏਜੰਸੀ ਵਾਪਰੀ ਲੁੱਟ ਦੀ ਘਟਨਾ ਨੂੰ ਹੱਲ ਕਰਦਿਆਂ ਇਸ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਲੁੱਟ ਵਾਲੀ 2 ਲੱਖ ਦੇ ਕਰੀਬ ਰਕਮ, ਇੱਕ ਰਾਈਫਲ 12 ਬੋਰ, 4 ਮਾਰੂ ਹਥਿਆਰ ਆਦਿ ਬਰਾਮਦ ਕੀਤੇ ਗਏ ਹਨ। ਕਾਬੂ ਕੀਤੇ ਗਏ ਮੁਲਜ਼ਮਾਂ ਵੱਲੋਂ ਭਵਾਨੀਗੜ੍ਹ ਵਿਖੇ ਵੀ ਜਨਵਰੀ ਮਹੀਨੇ ਵਿੱਚ ਗੈਸ ਏਜੰਸੀ ’ਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ 16 ਫਰਵਰੀ ਨੂੰ ਦਾਸ ਭਾਰਤ ਗੈਸ ਏਜੰਸੀ ਨਾਭਾ ਵਿਖੇ ਮਾਰੁੂ ਹਥਿਆਰਾਂ ਦੀ ਨੋਕ ’ਤੇ 2 ਲੱਖ ਰੁਪਏ ਲੁੱਟਣ ਦੀ ਘਟਨਾ ਵਾਪਰੀ ਸੀ। ਇਸ ਸਬੰਧੀ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ, ਐਸਪੀ ਡੀ ਹਰਬੀਰ ਸਿੰਘ ਅਟਵਾਲ ਡੀਐਸਪੀ ਡੀ ਨਾਭਾ ਦਵਿੰਦਰ ਅੱਤਰੀ ਅਤੇ ਸੀਆਈਏ ਪਟਿਆਲਾ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵੱਲੋਂ ਹਰ ਪਹਿਲੂ ਤੋਂ ਤਫਤੀਸ ਕਰਦੇ ਹੋਏ 5 ਦਿਨਾਂ ਦੇ ਅੰਦਰ-ਅੰਦਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਸੀਆਈਏ ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰ ਜੋ ਕਿਸੇ ਹੋਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ, ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਪਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਸੇਵਕ ਸਿੰਘ ਵਾਸੀ ਪਿੰਡ ਜਾਤੀਮਾਜਰਾ ਥਾਣਾ ਸਦਰ ਧੂਰੀ, ਮਨਪ੍ਰੀਤ ਸਿੰਘ ਉਰਫ ਲਵੀ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਬਰੜਵਾਲ ਥਾਣਾ ਸਦਰ ਧੂਰੀ, ਸੁਰਿੰਦਰ ਸਿੰਘ ਉਰਫ ਸੋਨੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਜਾਤੀ ਮਾਜਰਾ ਥਾਣਾ ਸਦਰ ਧੂਰੀ , ਮਨਦੀਪ ਸਿੰਘ ਉਰਫ ਵਿੱਕੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਦੌਲਤਪੁਰ ਥਾਣਾ ਸਦਰ ਧੂਰੀ ਅਤੇ ਅਮਨਦੀਪ ਸਿੰਘ ਉਰਫ ਗੋਲੂ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਰੁਲਦੂ ਸਿੰਘ ਵਾਲਾ ਥਾਣਾ ਸਦਰ ਧੂਰੀ ਸਾਰੇ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ।

ਇੰਨ੍ਹਾ ਕੋਲੋਂ ਇੱਕ ਰਾਈਫਲ 12 ਬੋਰ ਸਮੇਤ 5 ਕਾਰਤੂਸ, 1 ਗੰਡਾਸੀ, 2 ਰਾਡ ਲੋਹਾ, 1 ਕਿਰਚ, 2 ਲੱਖ ਰੁਪਏ ਅਤੇ ਵਾਰਦਾਤਾਂ ਵਿੱਚ ਵਰਤਿਆਂ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਮੁੱਖ ਸਰਗਣੇ ਪਰਵਿੰਦਰ ਸਿੰਘ ਉਰਫ ਰਵੀ ਅਤੇ ਮਨਪ੍ਰੀਤ ਸਿੰਘ ਉਰਫ ਲਵੀ ਉਰਫ ਮੰਨਾ ਹਨ,ਜਿੰਨ੍ਹਾ ਖਿਲਾਫ ਪਹਿਲਾ ਵੀ ਲੁੱਟ-ਖੋਹ ਦੇ ਮੁਕੱਦਮੇ ਦਰਜ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ