ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਪੰਜਾਬੀ ਭਾਸ਼ਾ ਸਾਡੀ ਤਰਜੀਹ ਪਰ ਬਾਕੀ ਭਾਸ਼ਾਵਾਂ ਦਾ ਵੀ ਪੂਰਾ ਸਤਿਕਾਰ : ਡੀ.ਸੀ.
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਭਾਸ਼ਾ (Punjabi Language) (ਗੁਰਮੁੱਖੀ ਲਿੱਪੀ) ਨੂੰ ਸਰਕਾਰੀ ਦਫ਼ਤਰਾਂ ਵਿੱਚ ਵਧੇਰੇ ਮਹੱਤਤਾ ਦੇਣ ਲਈ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੂੰ ਵੱਧ ਤਰਜੀਹ ਤਾਂ ਦਿੱਤੀ ਜਾ ਰਹੀ ਹੈ ਪਰੰਤੂ ਬਾਕੀ ਭਾਸ਼ਾਵਾਂ ਨੂੰ ਵੀ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ।
ਕਰਾਫ਼ਟ ਮੇਲਾ ਰੰਗਲਾ ਪੰਜਾਬ ’ਚ ਦੇਸ਼ ਦੇ ਦੂਜੇ ਸੂਬਿਆਂ ਤੋਂ ਪੁੱਜੇ
ਡਿਪਟੀ ਕਮਿਸ਼ਨਰ ਨੇ ਅੱਜ ਇੱਥੇ ਦੱਸਿਆ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਕਰਵਾਈ ਗਈ ਹੈਰੀਟੇਜ ਵਾਕ ਦੇ ਰਸਤੇ ਸ਼ਾਹੀ ਸਮਾਧਾਂ ਤੋਂ ਲੈ ਕੇ ਕਿਲਾ ਮੁਬਾਰਕ ਤੱਕ ਸਾਰੀਆਂ ਅਹਿਮ ਥਾਂਵਾਂ ਉਤੇ ਨਗਰ ਨਿਗਮ ਵੱਲੋਂ ਲਗਾਏ ਗਏ ਕਿਊਆਰ ਕੋਡ ਵਾਲੇ ਬੋਰਡਾਂ ਨੂੰ ਫੋਨ ਰਾਹੀਂ ਸਕੈਨ ਕਰਨ ’ਤੇ ਉਸ ਥਾਂ ਬਾਰੇ ਮੁੱਢਲੀ ਜਾਣਕਾਰੀ ਪੰਜਾਬੀ ਭਾਸ਼ਾ (Punjabi Language) ਵਿੱਚ ਵੀ ਉਪਲਬੱਧ ਹੈ ਜਦਕਿ ਇਸ ਨੂੰ ਪੰਜਾਬੀ ਨਾ ਜਾਨਣ ਵਾਲਿਆਂ ਲਈ ਅੰਗਰੇਜੀ ਵਿੱਚ ਲਿਖਿਆ ਗਿਆ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕਰਾਫ਼ਟ ਮੇਲਾ ਰੰਗਲਾ ਪੰਜਾਬ ’ਚ ਇਕੱਲੇ ਪੰਜਾਬ ਤੋਂ ਹੀ ਨਹੀਂ ਸਗੋਂ ਦੇਸ਼ ਦੇ ਦੂਜੇ ਰਾਜਾਂ ਦੇ ਦਸਤਕਾਰਾਂ ਤੇ ਕਲਾਕਾਰਾਂ ਸਮੇਤ ਬਾਹਰਲੇ ਮੁਲਕਾਂ ਦੇ ਵੀ ਦਸਤਕਾਰ ਪੁੱਜ ਰਹੇ ਹਨ, ਇਸ ਲਈ ਸ਼ੀਸ਼ ਮਹਿਲ ਵਿਖੇ ਪੰਜਾਬੀ ਦੇ ਨਾਲ-ਨਾਲ ਅੰਗਰੇਜੀ ਭਾਸ਼ਾ ਵਿੱਚ ਵੀ ਕੁਝ ਬੋਰਡ ਲਗਾਏ ਗਏ ਹਨ ਤਾਂ ਕਿ ਬਾਹਰੋਂ ਆਉਣ ਵਾਲਿਆਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਡੀ.ਸੀ. ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਹੇਠਲੇ ਪੱਧਰ ’ਤੇ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਵਪਾਰ ਮੰਡਲ ਸਮੇਤ ਹੋਰ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਬੈਠਕਾਂ ਕੀਤੀਆਂ ਅਤੇ ਸਰਕਾਰ ਦੇ ਹੁਕਮਾਂ ਤੋਂ ਜਾਣੂ ਕਰਵਾਉਂਦਿਆਂ ਸਮੂਹ ਪੱਟੀਆਂ, ਸਾਈਨ ਬੋਰਡਾਂ ਉਪਰ ਪੰਜਾਬੀ ਭਾਸ਼ਾ/ਗੁਰਮੁੱਖੀ ਲਿੱਪੀ ਨੂੰ ਪਹਿਲੇ ਸਥਾਨ ਉਪਰ ਲਿਖਿਆ ਜਾਣਾ ਯਕੀਨੀ ਬਣਾਉਣ ਬਾਰੇ ਦੱਸਿਆ।
ਜ਼ਿਲ੍ਹਾ ਨਿਵਾਸੀਆਂ ਨੂੰ ਮੁੜ ਪੰਜਾਬੀ ਭਾਸ਼ਾ ’ਚ ਬੋਰਡ ਲਗਾਉਣ ਦੀ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਇਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਨਿਜੀ ਸਕੂਲਾਂ, ਹਸਪਤਾਲਾਂ, ਲੈਬਾਰਟਰੀਆਂ, ਵਪਾਰ ਮੰਡਲ ਸਮੇਤ ਹੋਰ ਅਦਾਰਿਆਂ ਦੇ ਨੁਮਾਇੰਦਿਆਂ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ’ਚ ਬੋਰਡ ਲਗਵਾਉਣ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਪਹਿਲਾਂ ਕੀਤੀ ਅਪੀਲ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਬਹੁਤ ਸਾਰੇ ਅਦਾਰਿਆਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਮੰਨਦੇ ਹੋਏ ਗੁਰਮੁੱਖੀ ਲਿੱਪੀ ਨੂੰ ਤਰਜੀਹ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਨਾਲ ਹੀ ਜ਼ਿਲ੍ਹਾ ਨਿਵਾਸੀਆਂ ਨੂੰ ਮੁੜ ਤੋਂ ਅਪੀਲ ਕੀਤੀ ਕਿ ਉਹ ਆਪਣੇ ਅਦਾਰਿਆਂ ਦੇ ਬਾਹਰ ਲਿਖੇ ਬੋਰਡ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਵਿੱਚ ਜਰੂਰ ਲਿਖਵਾ ਲੈਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।