40-40 ਲੱਖ ਰੁਪਏ ਨਿਵੇਸ਼ ਕਰਨ ਦੇ ਬਾਵਜੂਦ ਬੇਲਰ ਮਾਲਕ ਘਾਟੇ ਸਹਿਣ ਲਈ ਮਜਬੂਰ: ਜੋਗਾ ਸਿੰਘ ਚਪੜ, ਹਰਜੀਤ ਸਿੰਘ ਲੱਖੋਮਾਜਰਾ, ਹਰਮਿੰਦਰ ਸਿੰਘ ਜੋਗੀਪੁਰ
ਪਟਿਆਲਾ (ਨਰਿੰਦਰ ਸਿੰਘ ਬਠੋਈ)। Patiala News: ਬੇਲਰ ਐਸੋਸੀਏਸ਼ਨ ਪਟਿਆਲਾ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਝੋਨੇ ਦੇ ਆਉਂਦੇ ਸੀਜ਼ਨ ’ਚ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਗੰਢਾਂ ਬਣਾਉਣ ਦਾ ਰੇਟ 198 ਰੁਪਏ ਪ੍ਰਤੀ ਕੁਇੰਟਲ ਤੈਅ ਨਾ ਕੀਤਾ ਤਾਂ ਬੇਲਰ ਮਾਲਕ ਪਰਾਲੀ ਤੋਂ ਗੰਢਾਂ ਬਣਾਉਣ ਦੇ ਕੰਮ ਦਾ ਪੂਰਨ ਬਾਈਕਾਟ ਕਰੇਗੀ, ਜਿਸਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ’ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੇਲਰ ਐਸੋਸੀਏਸ਼ਨ ਪੰਜਾਬ ਦੇ ਵਰਕਿੰਗ ਕਮੇਟੀ ਮੈਂਬਰ ਜੋਗਾ ਸਿੰਘ ਚਪੜ, ਜ਼ਿਲ੍ਹਾ ਪਟਿਆਲਾ ਪ੍ਰਧਾਨ ਹਰਜੀਤ ਸਿੰਘ ਲੱਖੋਮਾਜਰਾ, ਹਰਮਿੰਦਰ ਸਿੰਘ ਜੋਗੀਪੁਰ ਤੇ ਹੋਰ ਸਾਥੀਆਂ ਨੇ ਕਿਹਾ ਕਿ ਇਸ ਵੇਲੇ ਪਰਾਲੀ ਦੀ ਵਰਤੋਂ ਸੀ ਐਨ ਜੀ, ਬਿਜਲੀ, ਈਥਾਨੋਲ, ਬਾਇਕੋਲ, ਸੁੱਕਾ ਕੋਲਾ ਤੇ ਬਾਇਓ ਡੀਜ਼ਲ ਆਦਿ ਚੀਜ਼ਾਂ ਬਣਾਉਣ ਵਾਸਤੇ ਹੋ ਰਹੀ ਹੈ। Patiala News
ਇਹ ਖਬਰ ਵੀ ਪੜ੍ਹੋ : Virat Kohli: ਅੱਜ ਦੇ ਦਿਨ 2008 ’ਚ ਵਿਰਾਟ ਨੇ ਕੀਤਾ ਸੀ ਡੈਬਿਊ, ਜਾਣੋ ਕੋਹਲੀ ਦੇ ਪੂਰੇ ਕ੍ਰਿਕੇਟ ਕਰੀਅਰ ਬਾਰੇ
ਉਹਨਾਂ ਦੱਸਿਆ ਕਿ ਸਾਲ 2022 ’ਚ ਗੰਢਾ ਬਣਾ ਕੇ ਡੰਪ ਤੱਕ ਪਹੁੰਚਾਉਣ ਦਾ ਰੇਟ 185 ਰੁਪਏ ਪ੍ਰਤੀ ਕੁਇੰਟਲ ਸੀ ਜੋ 2023 ’ਚ ਘੱਟ ਕੇ 178 ਅਤੇ 2024 ਵਿਚ ਹੋਰ ਘੱਟ ਕੇ 165 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਬੇਲਰ ਮਸ਼ੀਨ ਮਾਲਕਾਂ ਦਾ ਖਰਚਾ ਉਲਟਾ ਵੱਧ ਗਿਆ ਜਿਸ ਵਿੱਚ ਬੇਲਰ 30 ਰੁਪਏ, ਧਾਗਾ 16 ਰੁਪਏ, ਡਰਾਈਵਰ ਖਰਚ 14 ਰੁਪਏ, ਡੀਜ਼ਲ ਖਰਚਾ 40 ਰੁਪਏ, ਟਰੈਕਟਰ ਕਿਰਾਇਆ 18 ਰੁਪਏ, ਰਿਪੇਅਰ ਖਰਚਾ 12 ਰੁਪਏ, ਵੈਲਿਊ ਲੋਸ 17 ਰੁਪਏ ਤੇ ਫੁੱਟਕਲ ਖਰਚੇ 5 ਰੁਪਏ ਪ੍ਰਤੀ ਕੁਇੰਟਲ ਮਿਲਾ ਕੇ ਕੁੱਲ ਖਰਚਾ 152 ਰੁਪਏ ਪ੍ਰਤੀ ਕੁਇੰਟਲ ਆ ਰਿਹਾ ਹੈ। Patiala News
ਉਹਨਾਂ ਕਿਹਾ ਕਿ ਜੇਕਰ ਇਸ ਵਾਰ ਰੇਟ 165 ਰੁਪਏ ਹੋਇਆ ਤਾਂ ਬੇਲਰ ਮਾਲਕਾਂ ਨੂੰ 40-40 ਲੱਖ ਰੁਪਏ ਮਸ਼ੀਨਰੀ ’ਤੇ ਲਾਉਣ ਦੇ ਬਾਵਜੂਦ ਸਿਰਫ 13 ਰੁਪਏ ਪ੍ਰਤੀ ਕੁਇੰਟਲ ਬਚਣਗੇ ਜੋ ਬੇਹੱਦ ਘਾਟੇ ਵਾਲਾ ਸੌਦਾ ਹੈ। ਉਹਨਾਂ ਕਿਹਾ ਕਿ ਜੇਕਰ ਜ਼ਿਲ੍ਹੇ ’ਚ ਬਾਹਰੋਂ ਆ ਕੇ ਬੇਲਰ ਮਾਲਕ ਕੰਮ ਕਰਦੇ ਹਨ ਤਾਂ ਉਹ ਵੀ ਐਸੋਸੀਏਸ਼ਨ ਨਾਲ ਤਾਲਮੇਲ ਕਰਨਗੇ ਤੇ 198 ਰੁਪਏ ਤੋਂ ਘੱਟ ਰੇਟ ’ਤੇ ਕੰਮ ਨਹੀਂ ਕਰਨਗੇ। ਸਵਾਲਾਂ ਦੇ ਜਵਾਬ ਦਿੰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਗੰਢਾਂ ਦੀ ਖਰੀਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਖਲ ਦੇ ਕੇ ਰੇਟ 198 ਰੁਪਏ ਪ੍ਰਤੀ ਕੁਇੰਟਲ ਤੈਅ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਇਸ ਵਾਰ ਦੋ ਮਹੀਨੇ ਚੱਲਣ ਵਾਲੇ ਸੀਜ਼ਨ ਦਾ ਕੰਮ ਪੂਰੀ ਤਰ੍ਹਾਂ ਠੱਪ ਕਰਨਗੇ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। Patiala News
ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਪਿਛਲੇ ਸੀਜ਼ਨ ’ਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਸਨ ਪਰ ਕੋਈ ਠੋਸ ਨਹੀਂ ਨਿਕਲਿਆ। ਉਹਨਾਂ ਇਹ ਵੀ ਦੱਸਿਆ ਕਿ ਬੇਲਰ ਮਾਲਕਾਂ ਦੇ 5-5 ਲੱਖ ਰੁਪਏ ਤੱਕ ਫੈਕਟਰੀ ਮਾਲਕਾਂ ਕੋਲ ਬਕਾਇਆ ਪਏ ਹਨ ਜਿਸ ਨਾਲ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਇਸ ਮੌਕੇ ਜਗਤਾਰ ਸਿੰਘ ਲੰਮਦੀਪੁਰ, ਤਰਨਜੀਤ ਸਿੰਘ ਜੋਗੀਪੁਰ, ਮਾਹਲ ਸਿੰਘ ਪਨੌਦੀਆਂ, ਕੁਲਵੀਰ ਸਿੰਘ ਕਤਲਾਹਰ, ਜਗਵਿੰਦਰ ਸਿੰਘ ਸਮਾਣਾ, ਬਲਜਿੰਦਰ ਸਿੰਘ ਸੇਹਰਾ, ਜਗਵੀਰ ਸਿੰਘ ਜੋਗੀਪੁਰ, ਰਵਿੰਦਰ ਸਿੰਘ ਰਾਮਗੜ੍ਹ, ਬਲਵਿੰਦਰ ਸਿੰਘ ਬੌੜਾ ਅਤੇ ਗੁਰਦਰਸ਼ਨ ਸਿੰਘ ਕਾਦਰਾਬਾਦ ਵੀ ਹਾਜ਼ਰ ਸਨ।