ਨੌਜਵਾਨ ਪੀੜ੍ਹੀ ਆਪਣੇ ਫਰਜ਼ਾਂ ਤੋਂ ਦੂਰ ਜਾ ਰਹੀ ਹੈ ਅੱਜ ਇਹ ਮਸਲਾ ਬਹੁਤ ਗੰਭੀਰ ਅਤੇ ਦੁੱਖਦਾਇਕ ਬਣਦਾ ਜਾ ਰਿਹਾ ਹੈ ਸਾਡੇ ਬਹੁਤ ਸਾਰੇ ਨੌਜਵਾਨ ਸਿਰਫ਼ ਸਾਡੇ ਸੱਭਿਆਚਾਰ ਤੋਂ ਹੀ ਦੂਰ ਨਹੀਂ ਜਾ ਰਹੇ ਸਗੋਂ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਤੋਂ ਵੀ ਅਸਮਰੱਥ ਜਾਪਦੇ ਹਨ ਇੱਥੇ ਹੀ ਬੱਸ ਨਹੀਂ ਅੱਗੇ ਚੱਲ ਕੇ ਉਹ ਸਮਾਜਿਕ ਅਤੇ ਭਾਈਚਾਕ ਸਾਂਝ ਤੋਂ ਵੀ ਕੋਹਾਂ ਦੂਰ ਜਾ ਰਹੇ ਹਨ ਫਿਰ ਸਮਾਜ ਤੋਂ ਉੱਖੜੇ ਹੋਏ ਇਹ ਬੱਚੇ, ਪਰਿਵਾਰ ਤੋਂ ਵੀ ਦੂਰ ਹੋ ਜਾਂਦੇ ਹਨ ਕਿਉਂਕਿ ਸਮਾਜ ਦੀ ਸ਼ਰਮ ਮੰਨਣ ਵਾਲਾ ਇਨਸਾਨ ਹੀ ਨੈਤਿਕ ਕਦਰਾਂ-ਕੀਮਤਾਂ ਦੀ ਪਰਵਾਹ ਕਰਦਾ ਹੈ ਸੋ ਹੌਲ਼ੀ-ਹੌਲ਼ੀ ਟੁੱਟਦੇ-ਟੁੱਟਦੇ ਇਹ ਬੱਚੇ ਬੁਰੀਆਂ ਆਦਤਾਂ ਤੇ ਨਸ਼ਿਆਂ ਦੇ ਕਲਾਵੇ ਵਿਚ ਆ ਜਾਂਦੇ ਹਨ ਸਮਾਜ ਵਿੱਚ ਦਿਨੋਂ-ਦਿਨ ਵਧਦਾ ਜ਼ੁਰਮ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਾਡੇ ਦੇਸ਼ ਦਾ ਭਵਿੱਖ ਸਾਡੀਆਂ ਅੱਖਾਂ ਸਾਹਮਣੇ ਬਰਬਾਦ ਹੋ ਰਿਹਾ ਹੈ
ਇਸਦੇ ਪਿੱਛੇ ਕੀ ਕਾਰਨ ਹਨ?
ਅੱਜ ਦੇ ਬੱਚਿਆਂ ਲਈ ਐਸ਼ੋ-ਆਰਾਮ, ਦਿਖਾਵਾ ਅਤੇ ਸ਼ੋਸ਼ੇਬਾਜ਼ੀ ਹੀ ਪਹਿਲੇ ਨੰਬਰ ‘ਤੇ ਕਿਉਂ ਹੈ? ਇਸ ਤਰ੍ਹਾਂ ਲੱਗਦਾ ਹੈ ਕਿ ਆਧੁਨਿਕਤਾ ਦੇ ਇਸ ਦੌਰ ਵਿੱਚ ਸਭ ਦੌੜ ਰਹੇ ਹਨ ਉਹ ਜਾ ਕਿੱਥੇ ਰਹੇ ਹਨ, ਕਿਸੇ ਨੂੰ ਪਤਾ ਨਹੀਂ ਇਹਨਾਂ ਕਾਰਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਇਹਨਾਂ ਕਾਰਨਾਂ ਨੂੰ ਲੱਭਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਕੀ ਅਸੀਂ ਇਹਨਾਂ ਸਾਰੀਆਂ ਗੱਲਾਂ ਲਈ ਸਿਰਫ਼ ਸਰਕਾਰਾਂ ਨੂੰ ਜਾਂ ਫਿਰ ਸਮਾਜ ਨੂੰ ਹੀ ਦੋਸ਼ੀ ਠਹਿਰਾਉਂਦੇ ਰਹਾਂਗੇ? ਜੇ ਅਸੀਂ ਇਹਨਾਂ ਦੋਹਾਂ ਧਿਰਾਂ ਨੂੰ ਕਸੂਰਵਾਰ ਮੰਨ ਵੀ ਲਈਏ ਤਾਂ ਫਿਰ ਸਰਕਾਰ ਵੀ ਅਸੀਂ ਹੀ ਚੁਣੀ ਹੈ ਸਰਕਾਰ ਦੇ ਨੁਮਾਇੰਦੇ ਵੀ ਇਸੇ ਸਮਾਜ ਦਾ ਹੀ ਹਿੱਸਾ ਹਨ ਸਮਾਜ ਦੀ ਪਰਿਭਾਸ਼ਾ ਕੀ ਹੈ?
ਸੋ ਇਸ ਤਰ੍ਹਾਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕਦੇ ਆਪਣੇ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਕਿਸੇ ਵੀ ਸਮਾਜ ਦੀਆਂ ਦੋ ਕੜੀਆਂ ਜੋ ਸਭ ਤੋਂ ਮਜਬੂਤ ਹਨ ਅਤੇ ਨੌਜਵਾਨ ਪੀੜ੍ਹੀ ਦੇ ਸਭ ਤੋਂ ਨੇੜੇ ਹਨ, ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਇਮਾਨਦਾਰ ਹੋਣ ਦੀ ਲੋੜ ਹੈ, ਉਹ ਕੜੀਆਂ ਹਨ ਮਾਪੇ ਅਤੇ ਅਧਿਆਪਕ ਜੇਕਰ ਇਹ ਦੋਨੋਂ ਵਰਗ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਕਿਸੇ ਵੀ ਸਮਾਜ ਵਿੱਚੋਂ ਬੁਰਾਈ ਨੂੰ ਖ਼ਤਮ ਹੋਣ ਲਈ ਜ਼ਿਆਦਾ ਦੇਰ ਨਹੀਂ ਲੱਗੇਗੀ
ਜ਼ਿੰਮੇਵਾਰੀ ਮਾਪਿਆਂ ਦੀ ਵੀ
ਪਹਿਲੀ ਜ਼ਿੰਮੇਵਾਰੀ ਮਾਪਿਆਂ ਦੀ ਹੈ ਕਿ ਉਹ ਆਪਣੇ ਫ਼ਰਜਾਂ ਨੂੰ ਸਮਝਣ, ਪਰ ਬਹੁਤੇ ਮਾਪੇ ਸਭ ਕੁੱਝ ਸਮਝਦੇ ਹੋਏ ਵੀ ਆਪਣੇ ਫ਼ਰਜ਼ ਨਹੀਂ ਨਿਭਾ ਪਾਉਂਦੇ ਮਾਪਿਆਂ ਦਾ ਸਿਰਫ਼ ਇਹ ਕਰਤੱਵ ਨਹੀਂ ਕਿ ਬੱਚੇ ਨੂੰ ਕਿਸੇ ਚੰਗੀ ਸੰਸਥਾ ਵਿੱਚ ਪੜ੍ਹਾਉਣ ਤੇ ਉਹਨਾਂ ਦੀਆਂ ਹੋਰ ਭੌਤਿਕ ਲੋੜਾਂ ਦੀ ਪੂਰਤੀ ਕਰਨ, ਉਹਨਾਂ ਦਾ ਫ਼ਰਜ਼ ਬੱਚੇ ਦੀਆਂ ਮਾਨਸਿਕ ਤੇ ਭਾਵੁਕ ਜ਼ਰੂਰਤਾਂ ਨੂੰ ਸਮਝਣਾ ਵੀ ਹੈ ਮਾਪਿਆਂ ਦਾ ਫ਼ਰਜ਼ ਇਹ ਦੱਸਣਾ ਵੀ ਹੈ ਕਿ ਜ਼ਿੰਦਗੀ ਦੇ ਹਰ ਔਖੇ-ਸੌਖੇ ਮੋੜ ‘ਤੇ ਕਿਸ ਤਰ੍ਹਾਂ ਸੰਤੁਲਨ ਬਣਾ ਕੇ ਰੱਖਣਾ ਹੈ ਬੱਚਿਆਂ ਦੇ ਸੱਚੇ ਦੋਸਤ ਅਤੇ ਰਹਿਨੁਮਾ ਬਣਕੇ, ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵ ਸਾਂਝੇ ਕਰਕੇ ਸਹੀ ਸੇਧ ਦੇਣਾ ਵੀ ਹੈ
ਜਿਹੋ-ਜਿਹਾ ਵਰਤਾਓ ਅਸੀਂ ਬੱਚਿਆਂ ਤੋਂ ਚਾਹੁੰਦੇ ਹਾਂ ਉਸ ਤਰ੍ਹਾਂ ਦਾ ਵਰਤਾਓ ਉਹਨਾਂ ਨਾਲ ਕਰੀਏ ਔਲਾਦ ਨੂੰ ਪਾਲ਼-ਪੋਸ ਕੇ ਪਰਵਾਨ ਚੜ੍ਹਾਉਣਾ ਬਹੁਤ ਹੀ ਕਠਿਨ ਤਪੱਸਿਆ ਹੈ ਪਰਵਾਨ ਚੜ੍ਹਾਉਣ ਤੋਂ ਭਾਵ, ਬੱਚੇ ਨੂੰ ਇਸ ਲਾਇਕ ਬਣਾਉੁਣਾ ਹੈ ਕਿ ਉਹ ਆਪਣੇ ਫ਼ਰਜ਼ਾਂ ਨੂੰ ਸਮਝਣ ਤੇ ਨਿਭਾਉਣ ਦੇ ਯੋਗ ਬਣ ਜਾਣ ਸਭ ਤੋਂ ਪਹਿਲਾਂ ਮਨੁੱਖ ਆਪਣੇ-ਆਪ ਪ੍ਰ੍ਰਤੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਫਿਰ ਪਰਿਵਾਰ ਅਤੇ ਸਮਾਜ ਲਈ ਸੋਚਣ ਦੇ ਸਮਰੱਥ ਹੋ ਸਕਦਾ ਹੈ ਬੱਚਿਆਂ ਨੂੰ ਅਨੁਸ਼ਾਸਿਤ ਕਰਨ ਲਈ ਸਾਡਾ ਖ਼ੁਦ ਦਾ ਅਨੁਸ਼ਾਸਿਤ ਹੋਣਾ ਬਹੁਤ ਜ਼ਰੂਰੀ ਹੈ
ਸਮਾਜ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ
ਇਸੇ ਤਰ੍ਹਾਂ ਅਧਿਆਪਕ ਦੀ ਗੱਲ ਕਰੀਏ ਤਾਂ ਉਹ ਸਮਾਜ ਦਾ ਰਾਹ ਦਸੇਰਾ ਹੁੰਦਾ ਹੈ ਅਤੇ ਸਿਰਫ਼ ਭਾਸ਼ਣ ਦੇਣਾ ਤੇ ਸਿਲੇਬਸ ਪੂਰਾ ਕਰਵਾ ਦੇਣਾ ਹੀ ਇਸ ਕਿੱਤੇ ਲਈ ਕਾਫ਼ੀ ਨਹੀਂ ਹੁੰਦਾ ਅਧਿਆਪਕ ਦਾ ਕੰਮ ਮੋਮਬੱਤੀ ਵਾਂਗ ਖ਼ੁਦ ਨੂੰ ਬਾਲ਼ ਕੇ ਦੂਸਰਿਆਂ ਨੂੰ ਵਿੱਦਿਆ ਦਾ ਚਾਨਣ ਵੰਡਣਾ ਹੈ ਨੈਤਿਕ ਕਦਰਾਂ-ਕੀਮਤਾਂ ਤੇ ਸਿਰਫ਼ ਭਾਸ਼ਣ ਝਾੜਨਾ ਹੀ ਕਾਫ਼ੀ ਨਹੀਂ ਸਗੋਂ ਵਿਦਿਆਰਥੀਆਂ ਦੇ ਸਾਹਮਣੇ ਉਸ ਤਰੀਕੇ ਨਾਲ਼ ਵਿੱਚਰਨਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ ਹਰ ਗੱਲ ਗੁੱਸੇ ਅਤੇ ਡਾਂਟ-ਡਪਟ ਨਾਲ ਨਹੀਂ ਸਿਖਾਈ ਜਾ ਸਕਦੀ,
ਲੋੜ ਹੈ ਉਹਨਾਂ ਨੂੰ ਵਿਸ਼ਵਾਸ ਵਿੱਚ ਲੈਣ ਦੀ ਅੱਜ ਨਸ਼ੇ ਦੀ ਹਨ੍ਹੇਰੀ ਝੁੱਲ ਰਹੀ ਹੈ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਹਨਾਂ ਤੋਂ ਬਹੁਤ ਸਾਰੇ ਮਾਪੇ ਅਣਜਾਣ ਹਨ ਇਹਨਾਂ ਹਾਲਾਤਾਂ ਵਿੱਚ ਅਧਿਆਪਕ ਨੂੰ ਹੋਰ ਵੀ ਸੁਚੇਤ ਰੂਪ ਨਾਲ ਵਿਦਿਆਰਥੀਆਂ ਵੱਲ ਧਿਆਨ ਦੇਣ ਦੀ ਲੋੜ ਹੈ ਅਧਿਆਪਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਹਨਾਂ ਨੂੰ ਉਤਸ਼ਾਹਿਤ ਕਰੇ ਅਤੇ ਸਮੇਂ-ਸਮੇਂ ‘ਤੇ ਉਹਨਾਂ ਦੀਆਂ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਂਦਾ ਰਹੇ
ਇੱਕ ਅਧਿਆਪਕ ਜਦੋਂ ਖ਼ੁਦ ਦੇ ਬੱਚੇ ਨੂੰ ਕਿਸੇ ਸਕੂਲ ਵਿੱਚ ਭੇਜਦਾ ਹੈ ਤਾਂ ਜੋ ਵੀ ਉਮੀਦ ਉਸਦੇ ਅਧਿਆਪਕਾਂ ਤੋਂ ਕਰਦਾ ਹੈ ਉਹੀ ਉਮੀਦ ਹਰ ਮਾਂ-ਪਿਓ ਦੀ ਹੁੰਦੀ ਹੈ ਜਿਸ ‘ਤੇ ਖ਼ਰਾ ਉੱਤਰਨ ਲਈ ਉਸਨੂੰ ਦਿਲੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਅਧਿਆਪਕ ਆਪਣੀ ਜ਼ਮੀਰ ਨੂੰ ਕਦੇ ਨਾ ਮਰਨ ਦੇਵੇ, ਮਰਨਾ ਤਾਂ ਬਹੁਤ ਹੀ ਮੰਦਭਾਗੀ ਗੱਲ ਹੋਵੇਗੀ, ਉਹ ਆਪਣੀ ਜ਼ਮੀਰ ਨੂੰ ਸੁਸਤਾਉਣ ਵੀ ਨਾ ਦੇਵੇ ਕਿਉਂਕਿ ਅਧਿਆਪਕ ਸਮਾਜ ਦਾ ਉਹ ਪਹਿਰੇਦਾਰ ਹੈ ਜਿਸ ਦੇ ਸਿਰ ‘ਤੇ ਪੂਰੀ ਕੌਮ ਦੀ ਜ਼ਿੰਮੇਵਾਰੀ ਹੁੰਦੀ ਹੈ, ਦੇਸ਼ ਦੇ ਆਉਣ ਵਾਲੇ ਕੱਲ੍ਹ ਦੀ ਜ਼ਿੰਮੇਵਾਰੀ ਹੁੰਦੀ ਹੈ ਹਰੇਕ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਅਧਿਆਪਕ ਹੁੰਦੇ ਹਨ ਜੋ ਆਪਣੇ ਕਿੱਤੇ ਪ੍ਰਤੀ ਸਮਰਪਿਤ ਹੁੰਦੇ ਹਨ ਪਰ ਜਦੋਂ ਤੱਕ ਹਰ ਅਧਿਆਪਕ ਇਸ ਭਾਵਨਾਂ ਨਾਲ ਕੰਮ ਨਹੀਂ ਕਰੇਗਾ, ਗੱਲ ਨਹੀਂ ਬਣੇਗੀ
ਜੇ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਮਾਪੇ ਅਤੇ ਅਧਿਆਪਕ ਕਮਰਕੱਸੇ ਕੱਸ ਲੈਣ ਤਾਂ ਇਹ ਅਸੰਭਵ ਨਹੀਂ ਹੋਵੇਗਾ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਜ਼ਿੰਦਗੀ ਵਿੱਚ ਕੁੱਝ ਬਣ ਕੇ ਦਿਖਾਵੇ, ਕਿਸੇ ਉੱਚੇ ਅਹੁਦੇ ਨੂੰ ਪ੍ਰਾਪਤ ਕਰੇ ਇਹ ਇੱਛਾ ਬਹੁਤ ਵਧੀਆ ਹੈ ਤੇ ਇਸਦੀ ਪੂਰਤੀ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਂਦੇ ਹਾਂ ਸਾਡੀ ਇੱਛਾ ਇਹ ਵੀ ਹੁੰਦੀ ਹੈ ਕਿ ਸਾਡਾ ਬੱਚਾ ਇੱਕ ਚੰਗਾ ਇਨਸਾਨ ਵੀ ਬਣੇ, ਸਾਰੇ ਉਸਦੀ ਤਾਰੀਫ਼ ਕਰਨ ਪਰ ਇਸ ਲਈ ਅਸੀਂ ਕੀ ਕਰਦੇ ਹਾਂ? ਸਿਰਫ ਚਾਹੁਣ ਨਾਲ਼ ਹੀ ਸਭ ਕੁਝ ਨਹੀਂ ਹੋ ਜਾਂਦਾ ਕਿਉਂਕਿ ਇਨਸਾਨੀਅਤ ਅਤੇ ਸੰਸਕਾਰ ਅਸੀਂ ਪੈਸੇ ਨਾਲ਼ ਖ਼ਰੀਦ ਕੇ ਨਹੀਂ ਦੇ ਸਕਦੇ ਇਹ ਕਿਸੇ ਕੋਚਿੰਗ ਸੈਂਟਰ ਤੋਂ ਵੀ ਨਹੀਂ ਸਿਖਾ ਸਕਦੇ ਇਸ ਇੱਛਾ ਦੀ ਪੂਰਤੀ ਲਈ, ਆਪਣੇ ਅਕੇਵੇਂ, ਥਕੇਵੇਂ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਬੱਚਿਆਂ ਨੂੰ ਉਹਨਾਂ ਦੇ ਹਿੱਸੇ ਦਾ ਬਣਦਾ ਸਮਾਂ ਵੀ ਦੇਣਾ ਚਾਹੀਦਾ ਹੈ ਉਹਨਾਂ ਦੀ ਗੱਲ ਨੂੰ ਸਮਝਣ ਅਤੇ ਆਪਣੀ ਗੱਲ ਸਮਝਾਉਣ ਲਈ ਬਹੁਤ ਸੰਜਮ ਅਤੇ ਧੀਰਜ ਚਾਹੀਦਾ ਹੈ
ਇਸ ਕਾਰਜ ਵਿੱਚ ਘਰ ਦੇ ਬਜ਼ੁਰਗਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤੇ ਉਹਨਾਂ ਕੋਲ ਸਮਾਂ ਵੀ ਹੁੰਦਾ ਹੈ ਬਜ਼ੁਰਗਾਂ ਨੇ ਇਸ ਦੁਨੀਆਂ ਵਿੱਚ ਵਿੱਚਰਦਿਆਂ ਜ਼ਿੰਦਗੀ ਦਾ ਲੰਮਾ ਪੈਂਡਾ ਤੈਅ ਕੀਤਾ ਹੁੰਦਾ ਹੈ ਆਪਣੇ ਅਨੁਭਵ ‘ਚੋਂ ਮਿਲੇ ਸਬਕਾਂ ਅਤੇ ਤੱਤਾਂ ਨੂੰ ਆਪਣੇ ਜਿਉਣ ਢੰਗ ਵਿੱਚ ਅਪਣਾਇਆ ਹੁੰਦਾ ਹੈ ਤੇ ਉਮਰ ਦੀ ਪਕਿਆਈ ਕਾਰਨ ਉਹਨਾਂ ਅੰਦਰ ਸੰਜਮ ਤੇ ਧੀਰਜ ਵੀ ਜ਼ਿਆਦਾ ਹੁੰਦਾ ਹੈ ਇਸ ਤੋਂ ਇਲਾਵਾ ਘਰ ਦਾ ਮਹੌਲ ਸੁਖਾਵਾਂ ਹੋਣਾ ਚਾਹੀਦਾ ਹੈ, ਜਿੱਥੇ ਮਾਪੇ ਵੱਡਿਆਂ ਦਾ ਆਦਰ ਕਰਦੇ ਹੋਣ, ਘਰ ਵਿੱਚ ਆਏ ਮਹਿਮਾਨਾਂ ਦਾ ਖਿੜੇ ਮੱਥੇ ਸਵਾਗਤ ਹੁੰਦਾ ਹੈ,
ਕਿਸੇ ਦੀ ਨਿੰਦਿਆ ਨਹੀਂ ਹੁੰਦੀ, ਸਾਰੇ ਮੈਂਬਰ ਆਪਣੀਆਂ ਜਿੰਮੇਵਾਰੀਆਂ ਦੂਜਿਆਂ ਸਿਰ ਅਹਿਸਾਨ ਜਤਾਏ ਬਿਨਾ ਪੂਰੀਆਂ ਕਰਦੇ ਹੋਣ, ਉੱਥੇ ਬੱਚਿਆਂ ਨੂੰ ਵੱਖਰੇ ਤੌਰ ‘ਤੇ ਕੁਝ ਵੀ ਸਮਝਾਉਣ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਵਿੱਦਿਅਕ ਸਿਸਟਮ ਵਿੱਚ ਅਸੀਂ ਦੇਖਦੇ ਹਾਂ ਕਿ ਵਿਦਿਆਰਥੀ ਕਿਤਾਬ ਤੋਂ ਪੜ੍ਹ ਕੇ ਜਾਂ ਇਕੱਲਾ ਭਾਸ਼ਣ ਸੁਣ ਕੇ ਓਨਾ ਵਧੀਆ ਨਹੀਂ ਸਿੱਖ ਸਕਦਾ ਜਿੰਨਾ ਪ੍ਰੈਕਟੀਕਲ ਤੋਂ ਜਾਂ ਆਡੀਓ-ਵਿਜ਼ੂਅਲ ਉਪਕਰਨਾਂ ਦੀ ਸਹਾਇਤਾ ਨਾਲ ਸਿੱਖ ਸਕਦਾ ਹੈ
ਸੋ ਕਿਉਂ ਨਾ ਅਸੀਂ ਘਰ ਵਿੱਚ ਵੀ ਇਹੀ ਤਰੀਕਾ ਅਪਣਾਈਏ ਆਪਣੇ ਬੱਚਿਆਂ ਦੇ, ਆਪਣੇ ਸਮਾਜ ਦੇ ਭਵਿੱਖ ਨੂੰ ਸੋਹਣਾ ਬਣਾਉਣ ਲਈ ਦੁਆਵਾਂ ਕਰਨ ਜਾਂ ਦੂਜਿਆਂ ਨੂੰ ਦੋਸ਼ ਦੇਣ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ, ਸਗੋਂ ਸਾਨੂੰ ਸਖ਼ਤ ਤਪੱਸਿਆ ਦੀ ਲੋੜ ਹੈ, ਲੋੜ ਹੈ ਆਪਣੇ ਆਲਸ ਨੂੰ ਤਿਆਗ ਕੇ ਆਪਣੇ ਸਭ ਤੋਂ ਜ਼ਰੂਰੀ ਕੰਮ, ਆਪਣੇ ਬੱਚਿਆਂ ਵੱਲ, ਆਪਣੇ ਵਿਦਿਆਰਥੀਆਂ ਵੱਲ ਧਿਆਨ ਦੇਣ ਦੀ, ਲੋੜ ਹੈ ਕਰਮ ਕਰਨ ਦੀ ਤਾਂ ਆਓ! ਕਰਮਯੋਗੀ ਬਣੀਏ!
ਕੁਲਦੀਪ ਕੌਰ, ਅਸਿਸਟੈਂਟ ਪ੍ਰੋਫੈਸਰ (ਪੰਜਾਬੀ) ਬਾਬਾ ਫ਼ਰੀਦ ਕਾਲਜ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।