ਮਾਲਵੇ ‘ਚ ਕੈਪਟਨ ਸਰਕਾਰ ਖਿਲਾਫ ਧਾਰਮਿਕ ਮੁਹਾਜ਼ ‘ਤੇ ਮੋਰਚਾ
ਅਸ਼ੋਕ ਵਰਮਾ, ਬਠਿੰਡਾ
ਸ਼੍ਰੋਮਣੀ ਅਕਾਲੀ ਦਲ ਨੇ ਮਾਲਵੇ ‘ਚ ਡਿੱਗੀ ਹੋਈ ਸਿਆਸੀ ਸਾਖ਼ ਨੂੰ ਬਹਾਲ ਕਰਨ ਲਈ ਪੰਥਕ ਪੈਂਤੜਾ ਅਖਤਿਆਰ ਕਰ ਲਿਆ ਹੈ ਬਾਦਲ ਪਰਿਵਾਰ ਦੀਆਂ ਪਿਛਲੇ ਕੁਝ ਦਿਨਾਂ ਦੀਆਂ ਸਰਗਰਮੀਆਂ ਨੂੰ ਗਹੁ ਨਾਲ ਵਾਚੀਏ ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ ਧਾਰਮਿਕ ਮੁਹਾਜ਼ ‘ਤੇ ਮੋਰਚਾ ਖੋਲ੍ਹ ਦਿੱਤਾ ਹੈ ਇਨ੍ਹਾਂ ਜਜ਼ਬਾਤੀ ਤੇ ਧਾਰਮਿਕ ਮੁੱਦਿਆਂ ਨੂੰ ਲੈਕੇ ਹੀ ਕੈਪਟਨ ਸਰਕਾਰ ਤੇ ਕਾਂਗਰਸ ਪਾਰਟੀ ਨੇ ਅਕਾਲੀ ਦਲ ਨੂੰ ਘੇਰਿਆ ਹੈ
ਹੁਣ ਉਸੇ ਤਰਜ ‘ਤੇ ਹੀ ਅਕਾਲੀ ਦਲ ਲੀਡਰਸ਼ਿਪ ਵੀ ਕਾਂਗਰਸੀਆਂ ਨੂੰ ਭਾਂਜ ਦੇਣ ਦੇ ਰਾਹ ਤੁਰ ਪਈ ਹੈ ਇੱਥੇ ਹੀ ਬੱਸ ਨਹੀਂ ਸਗੋਂ ਇਸ ਰਿਪੋਰਟ ਦੇ ਜਾਰੀ ਹੋਣ ਮਗਰੋਂ ਅਕਾਲੀ ਦਲ ਦੇ ਕਰੀਬ ਅੱਧੀ ਦਰਜਨ ਸਿਰਮੌਰ ਟਕਸਾਲੀ ਆਗੂ ਜਿਨ੍ਹਾਂ ‘ਚ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਹਨ, ਬਾਗੀ ਸੁਰਾਂ ਅਖਤਿਆਰ ਕਰਨ ਲੱਗੇ ਹੋਏ ਹਨ ਰੌਚਕ ਤੱਥ ਹੈ ਕਿ ਅਕਾਲੀ ਦੇ ਵੱਡੇ ਤੋਂ ਵੱਡੇ ਆਗੂਆਂ ਦੀ ਇਸ ਤੋਂ ਪਹਿਲਾਂ ਕਦੇ ਸਿੱਧੇ ਤੌਰ ‘ਤੇ ਬਾਦਲ ਪਰਿਵਾਰ ਅੱਗੇ ਕਦੇ ਬੋਲਣ ਦੀ ਹਿੰਮਤ ਨਹੀਂ ਪਈ ਸੀ
ਇਸ ਤੋਂ ਬਿਨਾਂ ਲਗਾਤਾਰ ਲੋਕਾਂ ‘ਚ ਵਿਚਰਨ ਵਾਲੇ ਬਾਦਲ ਪਰਿਵਾਰ ਨੂੰ ਆਪਣੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਸੀਮਤ ਕਰਨੀਆਂ ਪਈਆਂ ਹਨ ਸੂਤਰਾਂ ਮੁਤਾਬਕ ਇਸ ਸਿਆਸੀ ਨੁਕਸਾਨ ਦੀ ਪੂਰਤੀ ਲਈ ਬਾਦਲ ਪਰਿਵਾਰ ਨੇ ਮਾਲਵੇ ‘ਚ ਪੰਥਕ ਪੈਂਤੜਾ ਅਪਨਾਉਣ ਦੀ ਜੋ ਰਣਨੀਤੀ ਘੜੀ ਹੈ ਉਸ ਪਿੱਛੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਦਾ ਦਿਮਾਗ ਮੰਨਿਆ ਜਾ ਰਿਹਾ ਹੈ ਸੂਤਰ ਦੱਸਦੇ ਹਨ ਕਿ ਨਵੀਂ ਰਣਨੀਤੀ ਤਹਿਤ ਸਾਲ 1984 ‘ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਹੋਏ ਸਿੱਖਾਂ ਦੇ ਕਤਲ ਆਮ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਮਾਮਲਾ ਜੋਰ ਸ਼ੋਰ ਨਾਲ ਉਭਾਰਨਾ ਵੀ ਸ਼ਾਮਲ ਕੀਤਾ ਗਿਆ ਹੈ
ਆਉਂਦੇ ਦਿਨਾਂ ਦੌਰਾਨ ਇਸ ਮਾਮਲੇ ਨੂੰ ਲੈਕੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਕਾਂਗਰਸ ਹਾਈਕਮਾਂਡ ਤੋਂ ਇਲਾਵਾ ਗਾਂਧੀ ਪਰਿਵਾਰ ‘ਤੇ ਤਿੱਖੇ ਸ਼ਬਦੀ ਹਮਲੇ ਕਰਨ ਦੀ ਸੰਭਾਵਨਾ ਹੈ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੇ ਕੀਤੇ ਗਏ ਕਤਲਾਂ ਲਈ ਕਾਂਗਰਸ ਦੇ ਕਈ ਸਰਕਰਦਾ ਆਗੂਆਂ ‘ਤੇ ਦੋਸ਼ ਲੱਗਦੇ ਆ ਰਹੇ ਹਨ ਕਿ ਇਸ ਕਤਲੇਆਮ ਪਿੱਛੇ ਉਨ੍ਹਾਂ ਦਾ ਹੱਥ ਹੈ ਦੂਸਰੀ ਤਰਫ ਸ਼੍ਰੋਮਣੀ ਅਕਾਲੀ ਦਲ ਦੀ ਇਸ ਨਵੀਂ ਰਣਨੀਤੀ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਹਿਮ ਭੂਮਿਕਾ ਨਿਭਾਉਣ ਦੀ ਤਿਆਰੀ ‘ਚ ਹੈ ਸ਼੍ਰੋਮਣੀ ਕਮੇਟੀ ਨੇ ਦੋ ਦਿਨ ਪਹਿਲਾਂ ਮੀਡੀਆ ‘ਚ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਰਾਹੀਂ ਸਕੂਲਾਂ ਦੇ ਸਿਲੇਬਸ ‘ਚ ਸਿੱਖ ਇਤਿਹਾਸ ਨਾਲ ਕੀਤੀ ਗਈ
ਕਥਿਤ ਛੇੜਛਾੜ ਨੂੰ ਲੈਕੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਹਾਲਾਂਕਿ ਸਿਲੇਬਸ ਦਾ ਮਾਮਲਾ ਪਿਛਲੇ ਕਾਫੀ ਦਿਨਾਂ ਤੋਂ ਭਖਿਆ ਹੋਇਆ ਸੀ ਪਰ ਇਸ ਮਸਲੇ ‘ਤੇ ਕਦੇ ਬਹੁਤੀ ਸਰਗਰਮੀ ਨਹੀਂ ਦਿਖੀ ਸੀ ਹੁਣ ਇਕਦਮ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਖਿਲਾਫ ਪ੍ਰਚਾਰ ਦੀ ਮੁਹਿੰਮ ਵਿੱਢ ਦਿੱਤੀ ਹੈ ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਲਵੇ ‘ਚ ਪੂਰੇ ਜ਼ੋਰ-ਸ਼ੋਰ ਨਾਲ ਸਰਕਾਰ ਖਿਲਾਫ ਮੁਹਿੰਮ ਵਿੱਢਣ ਦੀ ਹਦਾਇਤ ਕੀਤੀ ਹੈ ਪਤਾ ਲੱਗਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਸੀਨੀਅਰ ਅਕਾਲੀ ਆਗੂਆਂ ਨਾਲ ਤਾਲਮੇਲ ਬਣਾਇਆ ਹੋਇਆ ਹੈ
ਇਨਸਾਫ ਦੀ ਲੜਾਈ ਲੜ ਰਿਹੈ ਅਕਾਲੀ ਦਲ : ਚੀਮਾ
ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਵੱਲੋਂ ਤਿਆਰ ਕਰਵਾਈ ਇਤਿਹਾਸ ਦੀ ਕਿਤਾਬ ‘ਚ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਲਈ ਕੈਪਟਨ ਸਰਕਾਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ 1984 ਦੇ ਜ਼ਖ਼ਮ ਹਾਲੇ ਵੀ ਅੱਲੇ ਹਨ ਤੇ ਇਹ ਉਦੋਂ ਤੱਕ ਠੀਕ ਨਹੀਂ ਹੁੰਦੇ ਜਦੋਂ ਤੱਕ ਇਨ੍ਹਾਂ ਕਤਲਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ ਸ੍ਰੀ ਚੀਮਾ ਨੇ ਆਖਿਆ ਕਿ ਅਕਾਲੀ ਦਲ ਇਨਸਾਫ਼ ਲਈ ਪਹਿਲਾਂ ਵੀ ਲੜਾਈ ਲੜ ਰਿਹਾ ਹੈ ਤੇ ਭਵਿੱਖ ‘ਚ ਵੀ ਲੜਦਾ ਰਹੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।