ਪਾਕਿਸਤਾਨ ‘ਚ 28 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਦੇ ਸਮਾਗਮ ਦਾ ਸੱਦਾ
ਅਮਰਿੰਦਰ ਸਿੰਘ ਨੇ ਚਿੱਠੀ ਲਿਖ ਕੇ ਦੱਸੀ ਨਰਾਜ਼ਗੀ, ਪਾਕਿ ‘ਚ ਬੈਠੇ ਅੱਤਵਾਦੀ ਕਰਵਾ ਰਹੇ ਹਨ ਪੰਜਾਬ ‘ਚ ਹਮਲੇ
ਸਿੱਧੂ ਨੇ ਪੱਤਰ ਲਿਖ ਕੇ ਦੱਸਿਆ ਸੱਦੇ ਪੱਤਰ ਨੂੰ ਵੱਡਾ ਮਾਣ, ਹਮਲੇ ਤੋਂ ਬਾਅਦ ਵੀ ਸਿੱਧੂ ਪਾਕਿਸਤਾਨ ਜਾਣ ਨੂੰ ਤਿਆਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪਾਕਿਸਤਾਨ ਵੱਲੋਂ 28 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਬੰਧੀ ਭੇਜੇ ਗਏ ਸੱਦੇ ਪੱਤਰ ‘ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਾ ਸਿਰਫ਼ ਪਾਕਿ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਸਗੋਂ ਪਾਕਿਸਤਾਨ ਦੀ ਹਕੂਮਤ ਨੂੰ ਪੱਤਰ ਲਿਖਦੇ ਹੋਏ ਨਰਾਜ਼ਗੀ ਵੀ ਜ਼ਾਹਿਰ ਕੀਤੀ ਹੈ ਕਿ ਪਾਕਿਸਤਾਨ ਵਿੱਚ ਬੈਠੇ ਦਹਿਸ਼ਤਗਰਦ ਪੰਜਾਬ ‘ਚ ਅਮਨ-ਚੈਨ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਸ ਲਈ ਉਹ ਪਾਕਿਸਤਾਨ ਦਾ ਸੱਦਾ ਪੱਤਰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕਰ ਸਕਦੇ ਹਨ।
ਦੂਜੇ ਪਾਸੇ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੁੱਧ ਜਾਂਦੇ ਹੋਏ ਨਵਜੋਤ ਸਿੱਧੂ ਨੇ ਪਾਕਿਸਤਾਨ ਦਾ ਸੱਦਾ ਪੱਤਰ ਸਵੀਕਾਰ ਕਰਦੇ ਹੋਏ ਇਸ ਨੂੰ ਵੱਡਾ ਮਾਣ ਕਰਾਰ ਦੇ ਦਿੱਤਾ ਹੈ। ਜਿਸ ਸਬੰਧੀ ਪੰਜਾਬ ਦੀ ਹਕੂਮਤ ਦੇ ਵਜ਼ੀਰ ਹੈਰਾਨ ਹਨ ਕਿ ਅਮਰਿੰਦਰ ਸਿੰਘ ਵੱਲੋਂ ਸੱਦਾ ਪੱਤਰ ਨਕਾਰਨ ਤੋਂ ਬਾਅਦ ਸਿੱਧੂ ਨੂੰ ਵੀ ਇਨਕਾਰ ਕਰਨਾ ਚਾਹੀਦਾ ਸੀ ਪਰ ਸਿੱਧੂ ਨੇ ਸੱਦਾ ਪੱਤਰ ਸਵੀਕਾਰ ਕਰਦੇ ਹੋਏ ਨਾ ਸਿਰਫ਼ ਪੰਜਾਬ ਦੇ ਮੁੱਖ ਮੰਤਰੀ ਦੀ ਖ਼ਿਲਾਫ਼ਤ ਕੀਤੀ ਹੈ, ਸਗੋਂ ਅੰਮ੍ਰਿਤਸਰ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਹਕੂਮਤ ਵਲੋਂ 28 ਤਰੀਕ ਨੂੰ ਕਰਤਾਰਪੁਰ ਲਾਂਘੇ ਨੂੰ ਲੈ ਕੇ ਨੀਂਹ ਪੱਥਰ ਰੱਖਿਆ ਜਾਣਾ ਹੈ। ਇਸ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਸੀ ਕਿ ਉਹ ਵੀ ਇਸ ਵਿੱਚ ਸ਼ਾਮਲ ਹੋਣ। ਇਸ ਸੱਦੇ ਪੱਤਰ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਫੌਜ ਵਲੋਂ ਲਗਾਤਾਰ ਗਲਤ ਤਰੀਕੇ ਨਾਲ ਗੋਲੀਬਾਰੀ ਕਰਦੇ ਹੋਏ ਦੇਸ਼ ਦੇ ਜਵਾਨਾ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਤਾਂ ਪਾਕਿਸਤਾਨ ਨਾਲ ਸਬੰਧਿਤ ਅੱਤਵਾਦੀ ਪੰਜਾਬ ਵਿੱਚ ਹਮਲੇ ਕਰਦੇ ਹੋਏ ਪੰਜਾਬ ਦੀ ਸ਼ਾਂਤੀ ਨੂੰ ਖ਼ਰਾਬ ਕਰਨ ਵਿੱਚ ਲੱਗੇ ਹੋਏ ਹਨ।
ਪਿਛਲੇ 10 ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਇੱਕ ਸਤਸੰਗ ਭਵਨ ਵਿਖੇ ਅੱਤਵਾਦੀ ਹਮਲਾ ਕਰਦੇ ਹੋਏ ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ ਸੀ। ਜਿਸ ਕਾਰਨ ਉਹ ਪਾਕਿਸਤਾਨ ਸਰਕਾਰ ਦਾ ਉਸ ਸਮੇਂ ਤੱਕ ਕੋਈ ਵੀ ਸੱਦਾ ਪੱਤਰ ਕਬੂਲ ਨਹੀਂ ਕਰ ਸਕਦੇ ਹਨ, ਜਦੋਂ ਤੱਕ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਹੋਏ ਇਸ ਤਰਾਂ ਦੇ ਹਮਲੇ ਨਹੀਂ ਰੋਕ ਦਿੰਦਾ ਹੈ। ਅਮਰਿੰਦਰ ਸਿੰਘ ਦੇ ਸਾਫ਼ ਇਨਕਾਰ ਤੋਂ ਬਾਅਦ ਹਰ ਕਿਸੇ ਦੀਆਂ ਨਜ਼ਰਾਂ ਨਵਜੋਤ ਸਿੱਧੂ ਵੱਲ ਸਨ ਐਤਵਾਰ ਸਵੇਰੇ ਅਮਰਿੰਦਰ ਸਿੰਘ ਵਲੋਂ ਸੱਦਾ ਪੱਤਰ ਸਵੀਕਾਰ ਨਹੀਂ ਕਰਨ ਦਾ ਪੱਤਰ ਜਾਰੀ ਕਰਨ ਤੋਂ ਬਾਅਦ ਸ਼ਾਮ ਤੱਕ ਨਵਜੋਤ ਸਿੱਧੂ ਨੇ ਉਸ ਤੋਂ ਉਲਟ ਸੱਦਾ ਪੱਤਰ ਸਵੀਕਾਰ ਕਰਨ ਦਾ ਐਲਾਨ ਕਰ ਦਿੱਤਾ। ਇਸ ਨਾਲ ਹੀ ਉਨਾਂ ਨੇ ਵੀਜ਼ੇ ਲਈ ਵੀ ਅਪਲਾਈ ਕਰ ਦਿੱਤਾ ਤਾਂ ਕਿ ਉਹ ਸਮਾਂ ਰਹਿੰਦੇ ਪਾਕਿਸਤਾਨ ਪਹੁੰਚ ਸਕਣ।
ਉਪ ਰਾਸ਼ਟਰਪਤੀ ਅੱਜ ਰੱਖਣਗੇ ਲਾਂਘੇ ਦਾ ਨੀਂਹ ਪੱਥਰ
ਗੁਰਦਾਸਪੁਰ ਦੇਸ਼ ਦੇ ਮਾਣਯੋਗ ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ ਅੱਜ ਡੇਰਾ ਬਾਬਾ ਨਾਨਕ ਵਿਖੇ ‘ਦਰਸ਼ਨ ਸਥਾਨ’ ਨਾਂਅ ਦੀ ਜਗ੍ਹਾ ‘ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣਗੇ ਉਪ ਰਾਸ਼ਟਰਪਤੀ ਤੇ ਮੁੱਖ ਮੰਤਰੀ ਦੀ ਆਮਦ ਦੀਆਂ ਤਿਆਰੀਆਂ ‘ਚ ਜ਼ਿਲ੍ਹਾ ਪ੍ਰਸ਼ਾਸਨ ਤੇ ਬੀਐਸਐਫ ਜੁਟ ਗਏ ਹਨ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਲਈ ਤਿੰਨ ਜ਼ਿਲ੍ਹਿਆਂ ਤੋਂ ਪੁਲਿਸ ਫੋਰਸ ਨੂੰ ਡੇਰਾ ਬਾਬਾ ਨਾਨਕ ‘ਚ ਤਾਇਨਾਤ ਕੀਤਾ ਜਾ ਰਿਹਾ ਹੈ ਸ਼ਨਿੱਚਰਵਾਰ ਨੂੰ ਦਿਨ ਭਰ ਅਧਿਕਾਰੀਆਂ ਦੀਆਂ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਗੁਰਕਿਰਤ ਇਕਬਾਲ ਸਿੰਘ ਵੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡੇਰਾ ਬਾਬਾ ਨਾਨਕ ਪਹੁੰਚੇ ਡੀਸੀ ਗੁਰਦਾਸਪੁਰ ਵਿਪੁਲ ਉੱਜਵਲ ਦਾ ਕਹਿਣਾ ਹੈ ਕਿ ਜਿਸ ਥਾਂ ਨੀਂਹ ਪੱਥਰ ਰੱਖਿਆ ਜਾਣਾ ਹੈ ਉੱਥੇ ਸਫ਼ਾਈ ਕਰਵਾਉਣ ਤੋਂ ਬਾਅਦ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਉੱਥੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।