ਬੀਬੀ ਦੇ ਖੇਸਾਂ ਦੀ ਜੋੜੀ

Pair of Bibi's hair

ਬੀਬੀ ਦੇ ਖੇਸਾਂ ਦੀ ਜੋੜੀ

ਜਦੋਂ ਮੈਂ ਦਸਵੀਂ ਜਮਾਤ ’ਚ ਸੀ, ਤਾਂ ਮੇਰੀ ਜਮਾਤ ਦੀਆਂ ਸਾਰੀਆਂ ਕੁੜੀਆਂ ਨੇ ਸਾਡੀ ਹਿਸਾਬ ਵਾਲੀ ਮੈਡਮ ਵੀਨਾ ਵੰਤੀ ਕੋਲ ਟਿਊਸ਼ਨ ਰੱਖਣ ਦਾ ਇਰਾਦਾ ਕੀਤਾ। ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਦੂਜੀਆਂ ਕੁੜੀਆਂ ਵਾਗੂੰ ਟਿਊਸ਼ਨ ਪੜ੍ਹਾਂ ਕਿਉਂਕਿ ਉਹਨਾਂ ਦਿਨਾਂ ’ਚ ਟਿਊਸ਼ਨ ਰੱਖਣ ਦਾ ਬੱਸ ਚਾਅ ਹੀ ਬੜਾ ਹੁੰਦਾ ਸੀ। ਪਰ ਬਦਕਿਸਮਤੀ ਨਾਲ ਉਹਨੀਂ ਦਿਨੀਂ ਘਰ ਦੇ ਆਰਥਿਕ ਹਾਲਾਤ ਚੰਗੇ ਨਾ ਹੋਣ ਕਾਰਨ ਘਰਦਿਆਂ ਤੋਂ ਮਹੀਨੇ ਦੀ ਪੰਜਾਹ ਰੁਪਏ ਫੀਸ ਮੰਗਦਿਆਂ ਨੂੰ ਸ਼ਰਮ ਆਉਂਦੀ ਸੀ, ਤੇ ਇਹੋ-ਜਿਹੇ ਹਾਲਾਤਾਂ ’ਚ ਟਿਊਸ਼ਨ ਦਾ ਕਹਿਣਾ ਤਾਂ ਹੋਰ ਵੀ ਜ਼ਿਆਦਾ ਮੁਸ਼ਕਲ ਸੀ।

ਵੀਨਾ ਮੈਡਮ ਨਾਲ ਮੇਰੀ ਕਲਾਸ ਦੀਆਂ ਕੁੜੀਆਂ ਨੇ ਢਾਈ ਸੌ ਰੁਪਏ ’ਚ ਟਿਊਸ਼ਨ ਦੀ ਗੱਲ ਕੀਤੀ ਸੀ ਤੇ ਮੈਡਮ ਨੇ ਦੋ ਮਹੀਨੇ ’ਚ ਸਿਲੇਬਸ ਪੂਰਾ ਕਰਵਾਉਣਾ ਸੀ। ਘਰ ਜਾ ਕੇ ਕਿਵੇਂ ਗੱਲ ਕਰੂੰ ਇਹ ਸੋਚਦੇ-ਸੋਚਦੇ ਮੈਂ ਘਰ ਪਹੁੰਚ ਗਈ ਤੇ ਜਾ ਕੇ ਬੀਬੀ ਦੇ ਗੋਡੇ ਨਾਲ ਬਹਿ ਗਈ ‘‘ਹਾਂ ਕੀ ਚਾਹੀਦਾ?’’ ਬੀਬੀ ਨੇ ਸੁਭਾਵਿਕ ਹੀ ਪੁੱਛ ਲਿਆ ਜਿਵੇਂ ਉਹਨੇ ਮੇਰੀਆਂ ਅੱਖਾਂ ਪੜ੍ਹ ਲਈਆਂ ਹੋਣ। ਮੈਂ ਫਿਰ ਡਰਦੀ-ਡਰਦੀ ਨੇ ਸਾਰੀ ਗੱਲ ਦੱਸੀ। ‘‘ਲੈ ਦੱਸ, ਇਹਦੇ ’ਚ ਐਨਾ ਸੋਚਣ ਵਾਲੀ ਕੀ ਗੱਲ ਐ? ਦੋ ਮਹੀਨੇ ਨੂੰ ਦੇਣੇ ਆ ਪੈਸੇ? ਗੱਲ ਈ ਕਾਈ ਨੀ, ਤੂੰ ਬੱਸ ਕੱਲ੍ਹ ਤੋਂ ਆਵਦੀ ਟੂਸ਼ਨ ਸ਼ੁਰੂ ਕਰ।’’

ਅੱਖਾਂ ’ਚ ਚਮਕ, ਮੂੰਹ ’ਤੇ ਲਾਲੀ ਤੇ ਬੁਲੰਦ ਹੌਂਸਲੇ ਵਾਲੀ ਮੇਰੀ ਗਰੀਬਣੀ ਜੀ ਬੀਬੀ ਮੈਨੂੰ ਕਿਸੇ ਸਲਤਨਤ ਦੀ ਬੇਗਮ ਲੱਗੀ। ਅਗਲੇ ਦਿਨ ਮੈਂ ਟਿਊਸ਼ਨ ਸ਼ੁਰੂ ਕਰ ਲਈ ਤੇ ਬੀਬੀ ਨੇ ਆਵਦਾ ਹੱਥੀਂ ਕੱਤਿਆ ਹੋਇਆ ਸੂਤ ਰੰਗਣਾ ਸ਼ੁਰੂ ਕਰ ਦਿੱਤਾ। ਬੀਬੀ ਨੇ ਉਸ ਸੂਤ ਨਾਲ ਆਵਦੀ ਹੱਥ ਖੱਡੀ ’ਤੇ ਖੇਸ ਬੁਣਨੇ ਸ਼ੁਰੂ ਕਰ ਦਿੱਤੇ। ਸਵੇਰੇ ਚਾਰ ਵਜੇ ਉੱਠ ਕੇ ਬੀਬੀ ਖੇਸ ਬੁਣਦੀ ਤੇ ਮੈਂ ਉਹਦੇ ਕੋਲ ਬਹਿ ਕੇ ਆਵਦੀ ਪੜ੍ਹਾਈ ਕਰੀ ਜਾਣੀ। ਜਦੋਂ ਮੈਂ ਸਕੂਲ ਚਲੀ ਜਾਂਦੀ ਤਾਂ ਬੀਬੀ ਘਰ ਦਾ ਸਾਰਾ ਕੰਮ ਨਿਬੇੜ ਕੇ ਖੇਤ ਨਰਮਾ ਚੁਗਣ ਵਾਲਿਆਂ ਦੀ ਚਾਹ ਲੈ ਕੇ ਜਾਂਦੀ ਤੇ ਫਿਰ ਆਥਣ ਤੱਕ ਖੇਤ ਨਰਮਾ ਚੁਗਦੀ। ਘਰੇ ਆ ਕੇ ਫੇਰ ਘਰਦਾ ਸਾਰਾ ਕੰਮ ਕਰਦੀ ਤੇ ਰਾਤ ਨੂੰ ਦੋ-ਢਾਈ ਘੰਟੇ ਫੇਰ ਖੱਡੀ ਬੁਣਦੀ।

ਇੰਝ ਦੋ ਮਹੀਨੇ ਬੀਤੇ ਗਏ ਤੇ ਮੇਰੀ ਟਿਊਸ਼ਨ ਖ਼ਤਮ ਹੋ ਗਈ ਤੇ ਬੀਬੀ ਨੇ ਖੇਸ ਵੀ ਬੁਣ ਕੇ ਪੂਰੇ ਕਰ ਲਏ। ਮੇਰੀ ਟਿਊਸ਼ਨ ਫੀਸ ਦੇਣ ਲਈ ਬੀਬੀ ਖੇਸਾਂ ਨੂੰ ਝੋਲੇ ’ਚ ਪਾ ਕੇ ਵੀਨਾ ਮੈਡਮ ਕੋਲ ਜਾ ਖੜ੍ਹੀ। ਮੈਡਮ ਦੇ ਮੱਥੇ ’ਚ ਵੱਟ ਜੇ ਪੈ ਗਏ ਪਰ ਉਹਨਾਂ ਨੇ ਖੇਸ ਚਪੜਾਸੀ ਨੂੰ ਕਹਿ ਕੇ ਸਾਇੰਸ ਲੈਬ ’ਚ ਰਖਵਾ ਦਿੱਤੇ। ਸ਼ਾਇਦ ਮੈਡਮ ਨੂੰ ਖੇਸਾਂ ਦਾ ਭਾਰ ਲੱਗਿਆ ਤੇ ਇਹ ਭਾਰ ਆਵਦੇ ਘਰ ਚੁੱਕ ਕੇ ਲਿਜਾਣਾ ਵੀ ਮੁਸ਼ਕਲ ਲੱਗਿਆ।

ਮੈਂ ਉਸ ਸਾਰੀ ਰਾਤ ਨਾ ਸੌਂ ਸਕੀ। ਮੈਨੂੰ ਇੰਝ ਲੱਗਦਾ ਰਿਹਾ ਕਿ ਸਾਇੰਸ ਲੈਬ ’ਚ ਬੰਦ ਪਏ ਬੀਬੀ ਦੇ ਖੇਸਾਂ ਦਾ ਦਮ ਘੁਟਦਾ ਹੋਊ। ਮੈਨੂੰ ਵੀਨਾ ਮੈਡਮ ਦੇ ਮੱਥੇ ਦੀ ਤਿਉੜੀ ਵੀ ਵਾਰ-ਵਾਰ ਦਿਖਾਈ ਦੇ ਰਹੀ ਸੀ। ਪਰ ਮੈਨੂੰ ਮੈਡਮ ਨਾਲ ਕੋਈ ਗੁੱਸਾ ਨਹੀਂ ਸੀ ਕਿਉਂਕਿ ਉਸ ਵਿਚਾਰੀ ਨੇ ਤਾਂ ਸਿਰਫ ਖੇਸ ਦੇਖੇ ਸੀ। ਉਹ ਅਣਜਾਣ ਸੀ ਇੱਕ ਮਾਂ ਦੀ ਦਿਨ-ਰਾਤ ਦੀ ਮਿਹਨਤ ਤੋਂ, ਉਹਦੇ ਹੱਥਾਂ ਦੇ ਸਚਿਆਰਪੁਣੇ ਤੋਂ ਤੇ ਇੱਕ ਮਾਂ ਆਵਦੇ ਬੱਚਿਆਂ ਨੂੰ ਪੜ੍ਹਾਉਣ ਤੇ ਪੈਰਾਂ ਸਿਰ ਖੜ੍ਹੇ ਹੋਣ ਦੇ ਜਨੂਨ ਤੋਂ। ਇੰਝ ਸੋਚਦੇ-ਸੋਚਦੇ ਕਦੋਂ ਦਿਨ ਚੜ੍ਹ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ।

ਫਿਰ ਜਦ ਮੈਂ ਸਕੂਲ ਲਈ ਤਿਆਰ ਹੋ ਰਹੀ ਸੀ ਤਾਂ ਅਚਾਨਕ ਖਿਆਲ ਹੋਇਆ ਕਿ ਮੈਨੂੰ ਮੇਰੀ ਮਾਮੀ ਨੇ ਗਰਮੀਆਂ ਦੀਆਂ ਛੁੱਟੀਆਂ ’ਚ ਸੋਨੇ ਦੀਆਂ ਵਾਲੀਆਂ ਬਣਾ ਕੇ ਦਿੱਤੀਆਂ ਸੀ। ਮੈਂ ਉਹ ਵਾਲੀਆਂ ਕਾਪੀ ਦਾ ਇੱਕ ਪੇਜ਼ ਪਾੜ ਕੇ ਉਹਦੇ ’ਚ ਲਪੇਟ ਕੇ ਰੱਖ ਲਈਆਂ ਤੇ ਜਾ ਕੇ ਵੀਨਾ ਮੈਡਮ ਨੂੰ ਫੜ੍ਹਾ ਦਿੱਤੀਆਂ। ਬਦਲੇ ’ਚ ਮੈਂ ਬੀਬੀ ਦੇ ਖੇਸਾਂ ਦੀ ਜੋੜੀ ਸਾਇੰਸ ਲੈਬ ’ਚੋਂ ਚੱਕ ਲਈ। ਪਤਾ ਨਹੀਂ ਮੈਡਮ ਦੇ ਦਿਲ ’ਚ ਕੀ ਆਈ ਤੇ ਉਹਨਾਂ ਨੇ ਮੈਨੂੰ ਵਾਲੀਆਂ ਵਾਪਸ ਮੇਰੇ ਹੱਥ ’ਚ ਦੇ ਕੇ ਕਿਹਾ ਕਿ ਜਦੋਂ ਮੇਰੇ ਕੋਲ ਪੈਸੇ ਹੋਏ ਉਦੋਂ ਦੇ ਦਿਆਂ।

ਘਰ ਆ ਕੇ ਜਦੋਂ ਮੈਂ ਬੀਬੀ ਨੂੰ ਸਾਰੀ ਗੱਲ ਦੱਸ ਕੇ ਖੇਸ ਫੜਾਏ ਤਾਂ ਬੀਬੀ ਨੇ ਅੱਖਾਂ ਭਰ ਕੇ ਮੈਨੂੰ ਆਵਦੀ ਛਾਤੀ ਨਾਲ ਲਾ ਲਿਆ ਤੇ ਉਹ ਖੇਸਾਂ ਦੀ ਜੋੜੀ ਮੇਰੇ ਦਾਜ ਲਈ ਸਾਂਭ ਕੇ ਰੱਖ ਲਈ। ਬੀਬੀ ਪੂਰੀ ਹੋਈ ਨੂੰ ਭਾਵੇਂ ਪੂਰੇ ਅੱਠ ਸਾਲ ਹੋ ਗਏ ਪਰ ਬੀਬੀ ਦੇ ਉਹ ਖੇਸ ਅੱਜ ਵੀ ਮੈਨੂੰ ਉਹਦੀ ਗੋਦ ਦੇ ਨਿੱਘ ਦਾ ਅਹਿਸਾਸ ਕਰਾਉਂਦੇ ਨੇ।
ਪੀਜੀਟੀ (ਸਮਾਜਿਕ-ਸਿੱਖਿਆ)
ਮੇਜਰ ਅਜੈਬ ਸਿੰਘ ਕਾਨਵੈਂਟ ਸਕੂਲ
ਜਿਉਣਵਾਲਾ, ਫਰੀਦਕੋਟ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ