ਦਰਦ ਬੇਰੁਜ਼ਗਾਰੀ ਦਾ : ਘਰ-ਘਰ ਰੁਜ਼ਗਾਰ ਦੇਣ ਦੀ ਪੋਲ ਖੋਲ੍ਹ ਰਿਹੈ ‘ਬੀਐੱਡ ਬਰਗਰ ਪੁਆਇੰਟ’

ਬੁਢਲਾਡਾ ਵਾਸੀ ਬੇਰੁਜ਼ਗਾਰ ਰਕੇਸ਼ ਕੁਮਾਰ ਨੇ ਖੋਲ੍ਹੀ ਬਰਗਰਾਂ ਦੀ ਦੁਕਾਨ

ਬੁਢਲਾਡਾ (ਮਾਨਸਾ) (ਸੁਖਜੀਤ ਮਾਨ) ਬੁਢਲਾਡਾ ਦਾ ਰਕੇਸ਼ ਕੁਮਾਰ ਬੀਐੱਡ, ਪੀ-ਟੈਟ ਪਾਸ ਹੈ ਸੀ-ਟੈਟ ਵੀ ਦੋ ਵਾਰ ਪਾਸ ਕਰ ਲਿਆ ਪਰ ਨੌਕਰੀ ਦੀ ਆਸ ‘ਚੋਂ ਹਾਲੇ ਪਾਸ ਨਹੀਂ ਹੋਇਆ ਹੁਣ ਉਹ ਅਧਿਆਪਕ ਦੀ ਥਾਂ ‘ਬਰਗਰਾਂ ਵਾਲਾ’ ਬਣ ਗਿਆ ਘਰੇਲੂ ਕਬੀਲਦਾਰੀ ਚਲਾਉਣ ਲਈ ਖੋਲ੍ਹੇ ਬਰਗਰ ਪੁਆਇੰਟ ਦੇ ਬੋਰਡ ‘ਤੇ ਲਿਖਿਆ ‘ਬੀਐੱਡ ਬਰਗਰ ਪੁਆਇੰਟ’ ਸਰਕਾਰ ਨੂੰ ਲਾਹਨਤਾਂ ਪਾਉਂਦਾ ਪ੍ਰਤੀਤ ਹੁੰਦਾ ਹੈ ਰਕੇਸ਼ ਉਰਫ ਕੇਸ਼ਵ ਨੇ ਇਸ ਬਰਗਰ ਪੁਆਇੰਟ ਦਾ ਕੱਲ੍ਹ ਮਹੂਰਤ ਕੀਤਾ ਹੈ

‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਰਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ‘ਚੋਂ ਕਿਸੇ ਨੇ ਐਨੀਂ ਪੜ੍ਹਾਈ ਨਹੀਂ ਕੀਤੀ ਆਪਣੇ ਮੁਹੱਲੇ ‘ਚੋਂ ਪੜ੍ਹਾਈ ਕਰਨ ਲਈ ਚੰਡੀਗੜ੍ਹ ਜਾਣ ਵਾਲਾ ਉਹ ਪਹਿਲਾ ਵਿਅਕਤੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮਏ ਹਿੰਦੀ ਕੀਤੀ ਉਸਨੇ ਦੱਸਿਆ ਕਿ ਆਰਥਿਕ ਹਾਲਾਤ ਤਾਂ ਸ਼ੁਰੂ ਤੋਂ ਹੀ ਚੰਗੇ ਨਹੀਂ ਸੀ ਵਿਦਿਆਰਥੀ ਸਾਥੀਆਂ ਦੀ ਹੱਲਾਸ਼ੇਰੀ ਦੇ ਨਾਲ-ਨਾਲ ਪੈਸੇ ਦੀ ਮੱਦਦ ਉਸਦਾ ਵੱਡਾ ਸਹਾਰਾ ਸੀ ਮਾਨਸਾ ਦੇ ਨਹਿਰੂ ਕਾਲਜ ‘ਚ ਜਦੋਂ ਉਹ ਬੀਏ ਕਰਦਾ ਸੀ ਤਾਂ ਵਿਆਹਾਂ ‘ਚ ਵੇਟਰ ਵਜੋਂ ਕੰਮ ਕਰਦਾ ਰਿਹਾ

ਚੰਡੀਗੜ੍ਹ ਵਿਖੇ ਯੂਨੀਵਰਸਿਟੀ ਪੜ੍ਹਦਿਆਂ ਉਹ ਪੀਜੀਆਈ ‘ਚ ਏਟੀਐਮ ‘ਤੇ ਸਕਿਊਰਟੀ ਗਾਰਡ ਦਾ ਕੰਮ ਕਰਦਾ ਰਿਹਾ ਪੰਜਾਬੀ ਦੀ ਸਿੱਖੀ ਹੋਈ ਸਟੈਨੋ ਵੀ ਕੰਮ ਨਹੀਂ ਆਈ ਬੀਐੱਡ, ਪੀਟੈੱਟ ਤੇ ਸੀਟੈੱਟ ਪਾਸ ਕਰਨ ਤੋਂ ਬਾਅਦ ਵੀ ਕੋਈ ਨੌਕਰੀ ਹੱਥ ਨਾ ਲੱਗੀ ਤਾਂ ਉਹ ਘਰਾਂ ‘ਚ ਰੰਗ ਕਰਨ ਲੱਗ ਪਿਆ ਪਰ ਜ਼ਿੰਦਗੀ ਬਦਰੰਗ ਹੀ ਰਹੀ ਯੋਗਤਾ ਦੇ ਬਰਾਬਰ ਦਾ ਕੰਮ ਨਾ ਮਿਲਣ ਕਰਕੇ ਉਹ ਅੰਦਰੋਂ ਟੁੱਟਿਆ ਜ਼ਰੂਰ ਪਰ ਹੌਂਸਲਾ ਕਦੇ ਨਹੀਂ ਹਾਰਿਆ

ਕੇਸ਼ਵ ਨੇ ਉਦਾਸ ਮਨ ਨਾਲ ਦੱਸਿਆ ਕਿ ਜਦੋਂ ਉਹ ਥੱਕਿਆ ਟੁੱਟਿਆ ਖਾਲੀ ਹੱਥ ਘਰ ਆਉਂਦਾ ਤਾਂ ਤਿੰਨ ਸਾਲ ਦਾ ਪੁੱਤ ਜਦੋਂ ਤੋਤਲੀ ਆਵਾਜ਼ ‘ਚ ‘ਪਾਪਾ ਚੀਜ਼ੀ’ ਕਹਿੰਦਾ ਤਾਂ ਉਸਦਾ ਰੋਣ ਨਿੱਕਲ ਜਾਂਦਾ ਕਿਰਾਏ ਦੇ ਮਕਾਨ ‘ਚ ਰਹਿਣ ਵਾਲੇ ਇਸ ਬੇਰੁਜ਼ਗਾਰ ਦੇ ਸਿਰ ਘਰ ਦਾ ਕਿਰਾਇਆ ਵੀ ਖੜ੍ਹਾ ਹੈ ਉਸਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਬਰਗਰ, ਟਿੱਕੀਆਂ ਆਦਿ ਵਧੀਆ ਬਣਾ ਲੈਂਦਾ ਹੈ ਇਸ ਕਰਕੇ ਉਸਦੇ ਦੋਸਤ ਨੇ ਸਲਾਹ ਦਿੱਤੀ ਕਿ ਉਹ ਹੋਰ ਕੰਮ ਕਰਨ ਦੀ ਥਾਂ ਇਸਦੀ ਦੁਕਾਨ ਕਰ ਲਵੇ

ਉਸਨੂੰ ਇਹ ਸਲਾਹ ਚੰਗੀ ਲੱਗੀ ਤਾਂ ਸੱਜਿਓਂ-ਖੱਬਿਓ ਪੈਸਿਆਂ ਦਾ ਇੰਤਜਾਮ ਕਰਕੇ ਇੱਕ ਹਜ਼ਾਰ ਰੁਪਏ ਮਹੀਨੇ ਦੇ ਕਿਰਾਏ ਵਾਲੀ ਦੁਕਾਨ ਕਿਰਾਏ ‘ਤੇ ਲੈ ਕੇ ਕੰਮ ਸ਼ੁਰੂ ਕਰ ਲਿਆ  ਹੁਣ ਉਹ ਨਾਲ-ਨਾਲ ਹਿੰਦੀ ਮਾਸਟਰ ਕੇਡਰ ਦੀ ਤਿਆਰੀ ਕਰ ਰਿਹਾ ਹੈ ਨੌਕਰੀ ਮੇਲਿਆਂ ਦਾ ਜਿਕਰ ਕਰਦਿਆਂ ਕੇਸ਼ਵ ਨੇ ਦੱਸਿਆ ਕਿ ਉਹ ਮਾਨਸਾ ਵਿਖੇ ਨੌਕਰੀ ਮੇਲੇ ‘ਚ ਵੀ ਗਿਆ ਸੀ ਪਰ ਉੱਥੇ ਸਿਰਫ ਇੱਕ ਨਿੱਜੀ ਸਕੂਲ ਲਈ ਅਸਾਮੀ ਸੀ ਤੇ ਉਸਦੀ ਯੋਗਤਾ ਦੇ ਬਰਾਬਰ ਦੀ ਹੋਰ ਕੋਈ ਨੌਕਰੀ ਨਹੀਂ ਸੀ

ਪੁਲਿਸ ਤੋਂ ਡੰਡੇ ਵੀ ਖਾਧੇ : ਕੇਸ਼ਵ

ਯੋਗਤਾ ਦੇ ਮੁਤਾਬਿਕ ਜਦੋਂ ਨੌਕਰੀ ਲਈ ਧਰਨੇ ਲੱਗਦੇ ਤਾਂ ਕੇਸ਼ਵ ਵੀ ਉਨ੍ਹਾਂ ‘ਚ ਹਾਜ਼ਰੀ ਭਰਦਾ ਸੰਗਰੂਰ ‘ਚ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਉਨ੍ਹਾਂ ਧਰਨਿਆਂ ‘ਚ ਉਸਨੇ ਪੁਲਿਸ ਦੇ ਡੰਡੇ ਵੀ ਖਾਧੇ ਤੇ ਪਾਣੀ ਦੀਆਂ ਬੌਛਾਰਾਂ ਵੀ ਝੱਲੀਆਂ ਪਰ ਪੱਲੇ ਕੁੱਝ ਨਹੀਂ ਪਿਆ ਉਸਨੇ ਮੰਗ ਕੀਤੀ ਕਿ ਸਰਕਾਰ ਬੇਰੁਜ਼ਗਾਰਾਂ ਨੂੰ ਯੋਗਤਾ ਦੇ ਮੁਤਾਬਿਕ ਨੌਕਰੀਆਂ ਦੇਵੇ ਤਾਂ ਜੋ ਸਿੱਖਿਆ ਮਜ਼ਾਕ ਨਾ ਬਣੇ

ਦੁਕਾਨ ਨਹੀਂ ਸਰਕਾਰ ਨੂੰ ਸ਼ੀਸ਼ਾ : ਵਿਧਾਇਕ

ਬੁਢਲਾਡਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦਾ ਕਹਿਣਾ ਹੈ ਕਿ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਨੌਜਵਾਨ ਵੱਲੋਂ ਖੋਲ੍ਹੀ ਗਈ ਬਰਗਰਾਂ ਦੀ ਦੁਕਾਨ, ਦੁਕਾਨ ਨਹੀਂ ਸਗੋਂ ਸਰਕਾਰ ਨੂੰ ਸ਼ੀਸ਼ਾ ਹੈ ਉਨ੍ਹਾਂ ਆਖਿਆ ਕਿ ਉਹ ਇਸ ਲੋਕ ਮਾਰੂ ਸਰਕਾਰ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦੇ ਹਨ ਜਿਸਨੇ ਘਰ-ਘਰ ਨੌਕਰੀ ਦਾ ਵਾਅਦਾ ਤਾਂ ਕੀ ਪੂਰਾ ਕਰਨਾ ਸੀ ਸਗੋਂ ਸਿੱਖਿਆ ਵਿਭਾਗ ‘ਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜ਼ੂਦ ਯੋਗਤਾ ਰੱਖਦੇ ਬੇਰੁਜ਼ਗਾਰਾਂ ਨੂੰ ਵੀ ਭਰਤੀ ਨਹੀਂ ਕੀਤਾ

ਯੋਗਤਾ ਦਾ ਸੋਸ਼ਣ ਨਾ ਹੋਵੇ : ਢਿੱਲਵਾਂ

ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦਾ ਕਹਿਣਾ ਹੈ ਕਿ ਅਧਿਆਪਕ ਲੱਗਣ ਦੀ ਯੋਗਤਾ ਰੱਖਣ ਵਾਲੇ ਨੌਜਵਾਨ ਨੇ ਘਰ ਦੇ ਗੁਜ਼ਾਰੇ ਲਈ ਆਪਣੀ ਕਿਰਤ ਕਰਨ ਵਾਸਤੇ ਮਜ਼ਬੂਰੀ ਵੱਸ ਬਰਗਰਾਂ ਦੀ ਦੁਕਾਨ ਖੋਲ੍ਹੀ ਹੈ ਪਰ ਇਹ ਸਰਕਾਰ ਲਈ ਲਾਹਨਤ ਹੈ ਉਨ੍ਹਾਂ ਆਖਿਆ ਕਿ ਸਰਕਾਰ ਯੋਗਤਾ ਮੁਤਾਬਿਕ ਬੇਰੁਜਗਾਰਾਂ ਨੂੰ ਰੁਜ਼ਗਾਰ ਦੇਵੇ ਤਾਂ ਜੋ ਯੋਗਤਾ ਦਾ ਸੋਸ਼ਣ ਨਾ ਹੋਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।