ਮਸਲਾ ਹੱਲ ਨਾ ਹੋਣ ‘ਤੇ ਰੇਲ ਤੇ ਸੜਕਾਂ ਠੱਪ ਕਰਨ ਦਾ ਐਲਾਨ
ਅਸ਼ੋਕ ਵਰਮਾ, ਬਠਿੰਡਾ
ਭਾਰਤੀ ਕਿਸਾਨ ਯੂਨੀਅਨ ਸਿੱਧੂਪਰ ਦੇ ਸੱਦੇ ‘ਤੇ ਅੱਜ ਪੰਜਾਬ ਦੇ ਅੱਠ ਜ਼ਿਲ੍ਹਿਆਂ ‘ਚ ਇੱਕ ਘੰਟੇ ਲਈ ਸੰਕੇਤਕ ਤੌਰ ‘ਤੇ ਕੌਮੀ ਸੜਕ ਮਾਰਗ ਜਾਮ ਕਰਕੇ ਬਿਨਾਂ ਸ਼ਰਤ ਝੋਨੇ ਦੀ ਖਰੀਦ ਕਰਨ ਦੀ ਮੰਗ ਕੀਤੀ ਅੱਜ ਦੇ ਜਾਮ ਉਪਰੰਤ ਸਰਕਾਰ ਦੇ ਰੁੱਖੇ ਵਤੀਰੇ ਨੂੰ ਦੇਖਦਿਆਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮਸਲਾ ਹੱਲ ਨਾ ਕੀਤਾ ਤਾਂ ਉਹ 18 ਨਵੰਬਰ ਨੂੰ ਪੰਜਾਬ ‘ਚ ਰੇਲ ਤੇ ਸੜਕ ਮਾਰਗ ਜਾਮ ਕਰ ਦੇਣਗੇ, ਜਿਸ ਤੋਂ ਪੈਦਾ ਹੋਣ ਵਾਲੇ ਸਿੱਟਿਆਂ ਪ੍ਰਤੀ ਸਰਕਾਰ ਜ਼ਿੰਮੇਵਾਰ ਹੋਵੇਗੀ ਆਵਾਜਾਈ ਠੱਪ ਕਰੀ ਬੈਠੇ ਕਿਸਾਨਾਂ ਦਾ ਪ੍ਰਤੀਕਰਮ ਸੀ ਕਿ ਠੰਢੇ ਮੌਸਮ ਤੇ ਝੋਨਾ ਲਾਉਣ ‘ਚ ਕਰਵਾਈ ਪਿਛੇਤ ਨੇ ਉਨ੍ਹਾਂ ਲਈ ਵੱਡੀ ਸਿਰਦਰਦੀ ਸਹੇੜ ਦਿੱਤੀ ਹੈ ਪਰ ਸਰਕਾਰ ਤੇ ਅਧਿਕਾਰੀ ਹੱਥ ‘ਤੇ ਹੱਥ ਧਰ ਕੇ ਤਮਾਸ਼ਾ ਦੇਖ ਰਹੇ ਹਨ ਓਧਰ ਮੌਸਮ ਮਾਹਿਰਾਂ ਵੱਲੋਂ ਆਉਣ ਵਾਲੇ ਚਾਰ-ਪੰਜ ਦਿਨਾਂ ਤੋਂ ਬਾਅਦ ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਕਿਸਾਨ ਸਹਿਮੇ ਹੋਏ ਹਨ
ਜੱਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਵਧੇਰੇ ਨਮੀ ਦਾ ਬਹਾਨਾ ਲਾ ਕੇ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਤੋਂ ਇਲਾਵਾ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਨੂੰ ਕਥਿਤ ਤੌਰ ‘ਤੇ ਲੁੱਟਿਆ ਜਾ ਰਿਹਾ ਹੈ, ਜਿਸ ਕਰਕੇ ਕਿਸਾਨ ਮਜਬੂਰੀਵੱਸ ਸੜਕਾਂ ‘ਤੇ ਉਤਰਨ ਲਈ ਮਜ਼ਬੂਰ ਹੋਏ ਹਨ ਉਨ੍ਹਾਂ ਕਿਹਾ ਕਿ ਐਤਕੀਂ ਕਿਸਾਨਾਂ ਦੇ ਪੁੱਤਾਂ ਵਾਂਗ ਪਾਲੇ ਝੋਨੇ ਦੀ ਜੋ ਬੇਕਦਰੀ ਹੋਈ ਹੈ, ਉਹ ਪਿਛਲੇ 20 ਸਾਲਾਂ ‘ਚ ਕਦੇ ਵੀ ਨਹੀਂ ਹੋਈ, ਜਿਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਦਾਅਵਿਆਂ ਨੂੰ ਧੋਕੇ ਰੱਖ ਦਿੱਤਾ ਹੈ ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਆਪਣੀ ਫ਼ਸਲ ਲੈ ਕੇ 7 ਤੋਂ 10 ਦਿਨ ਤੱਕ ਮੰਡੀਆਂ ਵਿਚ ਬੈਠੇ ਹਨ ਤੇ ਨਮੀ ਦਾ ਬਹਾਨਾ ਬਣਾ ਕੇ ਝੋਨੇ ਦੇ ਗੱਟੇ ਤੇ ਚਾਰ ਤੋਂ ਪੰਜ ਪ੍ਰਤੀਸ਼ਤ ਦਾ ਕੱਟ ਲਗਾ ਕੇ ਘੱਟ ਭਾਅ ਦਿੱਤਾ ਜਾ ਰਿਹਾ ਹੈ
ਯੂਨੀਅਨ ਦੇ ਸੂਬਾ ਜਰਨਲ ਸਕੱਤਰ ਬੋਘ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰੀ ਫਰਮਾਨਾਂ ਕਾਰਨ ਜਿੱਥੇ ਮੰਡੀਆਂ ‘ਚ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਉੱਥੇ ਹੀ ਦੇ ਫੈਸਲੇ ਨੇ ਪੰਜਾਬ ਦੇ ਕਿਸਾਨ ਨੂੰ ਵੱਡੇ ਸੰਕਟ ‘ਚ ਸੁੱਟ ਦਿੱਤਾ ਹੈ ਉਨ੍ਹਾਂ ਕਿਹਾ ਕਿ ਲੇਟ ਬਿਜਾਈ ਨਾਲ 15 ਤੋਂ 20 ਫੀਸਦੀ ਝਾੜ ਘਟ ਗਿਆ, ਜਿਸ ਕਰਕੇ ਕਿਸਾਨਾਂ ਨੂੰ ਝੋਨੇ ਤੋਂ ਹੋਣ ਵਾਲੀ ਆਮਦਨ 20 ਤੋਂ 25 ਫੀਸਦੀ ਤੱਕ ਘਟ ਜਾਵੇਗੀ ਜੋਕਿ ਪਹਿਲਾਂ ਤੋਂ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਤਬਾਹਕੁੰਨ ਹੈ ਯੂਨੀਅਨ ਦੇ ਪ੍ਰੈਸ ਸਕੱਤਰ ਰੇਸ਼ਮ ਸਿੰਘ ਮਾਨ ਨੇ ਦੱਸਿਆ ਕਿ ਅੱਜ ਕਿਸਾਨਾਂ ਨੇ ਬਠਿੰਡਾ ਤੋਂ ਇਲਾਵਾ ਪੱਖੋ ਕੈਂਚੀਆਂ ਜ਼ਿਲ੍ਹਾ ਬਰਨਾਲਾ, ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ, ਮਾਨਸਾ ਕੈਂਚੀਆਂ, ਜ਼ਿਲ੍ਹਾ ਫਾਜ਼ਿਲਕਾ ਅਬੋਹਰ ਰੋਡ, ਜ਼ਿਲ੍ਹਾ ਮੁਕਤਸਰ ‘ਚ ਬਠਿੰਡਾ ਰੋਡ, ਫਰੀਦਕੋਟ ਜ਼ਿਲ੍ਹੇ ‘ਚ ਕੋਟਕਪੂਰਾ ਸੜਕ ਤੇ ਜ਼ਿਲ੍ਹਾ ਫਿਰੋਜ਼ਪੁਰ ‘ਚ ਜ਼ੀਰੇ ਵਾਲੀ ਸੜਕ ਸਮੇਤ ਕੁੱਲ ਅੱਠ ਜ਼ਿਲ੍ਹਿਆਂ ‘ਚ ਆਵਾਜਾਈ ਜਾਮ ਕਰਕੇ ਵਿਰੋਧ ਜਤਾਇਆ ਹੈ ਉਨ੍ਹਾਂ ਆਖਿਆ ਕਿ ਜੇ ਸਰਕਾਰ ਹੁਣ ਵੀ ਨਾ ਜਾਗੀ ਤਾਂ ਕਿਸਾਨ 19 ਨਵੰਬਰ ਨੂੰ ਰੇਲਾਂ ਦੀਆਂ ਪਟੜੀਆਂ ਤੇ ਸੜਕ ਮਾਰਗਾਂ ‘ਤੇ ਡੇਰਾ ਜਮਾਉਣਗੇ ਕਿਸਾਨ ਆਗੂਆਂ ਗੁਰਬਖਸ਼ ਸਿੰਘ ਬਲਵੇੜ੍ਹਾ, ਗੁਰਮੇਲ ਸਿੰਘ ਲਹਿਰਾ, ਸੁਖਦਰਸ਼ਨ ਸਿੰਘ ਖੇਮੂਆਣਾ ਤੇ ਰਣਜੀਤ ਸਿੰਘ ਜੀਦਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦਾ ਝੋਨਾ ਅਗਾਮੀ 48 ਘੰਟਿਆਂ ‘ਚ ਨਾ ਚੁੱਕਣਾ ਸ਼ੁਰੂ ਕੀਤਾ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਕਾਈ ਜਾਏਗੀ ਓਧਰ ਕਿਸਾਨ ਆਗੂਆਂ ਦਾ ਮਰਨ ਵਰਤ ਸੱਤਵੇਂ ਦਿਨ ਵੀ ਜਾਰੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।