ਹੁਣ ਈਟੀਟੀ ਵਾਲੇ ਸਿਖਿਆਰਥੀਆਂ ਨੂੰ ਲਾਉਣੀ ਪਵੇਗੀ 115 ਦਿਨ ਟੀਚਿੰਗ ਪ੍ਰੈਕਟਿਸ

Trainees, ETT, 115 Days, Teaching, Practice

ਸਿੱਖਿਆ ਸਕੱਤਰ ਨੇ ਜਾਰੀ ਕੀਤਾ ਨਵਾਂ ਫਰਮਾਨ

ਅਧਿਆਪਕਾਂ ਦੀ ਘਾਟ ਦਾ ਬੁੱਤਾ ਸਿਖਿਆਰਥੀਆਂ ਰਾਹੀਂ ਪੂਰਾ ਕਰਨ ਦੀ ਤਾਕ ‘ਚ

ਵਿਦਿਆਰਥੀ ਜਥੇਬੰਦੀਆਂ ਵੱਲੋਂ ਇਸ ਫੈਸਲੇ ਨੂੰ ਜਬਰੀ ਅਧਿਆਪਨ ਕਰਵਾਉਣ ਦਾ ਫੈਸਲਾ ਕਰਾਰ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪੰਜਾਬ ਸਕੂਲ ਸਿੱਖਿਆ ਸਕੱਤਰ ਵੱਲੋਂ ਈਟੀਟੀ ਕਰਨ ਵਾਲੇ ਵਿਦਿਆਰਥੀਆਂ ਦੀ ਲੱਗਣ ਵਾਲੀ ਟੀਚਿੰਗ ਪ੍ਰੈਕਟਿਸ (ਟੀ.ਪੀ.) ਵਿੱਚ ਲਗਭਗ ਦੁੱਗਣੇ ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਸਿੱਖਿਆ ਸਕੱਤਰ ਦੇ ਇਸ ਫੈਸਲੇ ਨੂੰ ਈ.ਟੀ.ਟੀ. ਦੇ ਵਿਦਿਆਰਥੀਆਂ ਤੋਂ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੀ ਘਾਟ ਦਾ ਬੁੱਤਾ ਸਾਰਨ ਲਈ ਜਬਰੀ ਅਧਿਆਪਨ ਕਰਵਾਉਣ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ। ਵਿਦਿਆਰਥੀ ਜਥੇਬੰਦੀਆਂ ਵੱਲੋਂ ਇਸ ਨੂੰ ਸਿੱਖਿਆ ਸਕੱਤਰ ਦਾ ਨਾਦਰਸ਼ਾਹੀ ਫੈਸਲਾ ਗਰਦਾਨਦਿਆਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਵੱਧ ਟੀਪੀ ਲੱਗਣ ਕਾਰਨ ਇਨ੍ਹਾਂ ਵਿਦਿਆਰਥੀਆਂ ਦੀ ਖੁਦ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ ਤੇ ਉਹ ਆਪਣੇ ਸਿਲੇਬਸ ਨੂੰ ਪੜ੍ਹਨ ‘ਚ ਅਸਮਰਥ ਸਾਬਤ ਹੋਣਗੇ।

ਜਾਣਕਾਰੀ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪਿਛਲੇ ਦਿਨੀਂ ਇੱਕ ਪੱਤਰ ਜਾਰੀ ਕਰਕੇ ਆਖਿਆ ਗਿਆ ਹੈ ਕਿ ਸੂਬੇ ਅੰਦਰ 15 ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਅਤੇ 113 ਪ੍ਰਾਈਵੇਟ ਸੈਲਫ ਫਾਇਨਾਸਡ ਕਾਲਜਾਂ ਵਿੱਚ ਸਾਲ 2017-19 ਤੇ ਸਾਲ 2018-20 ਦੌਰਾਨ ਲਗਭਗ 7 ਹਜ਼ਾਰ ਸਿਖਿਆਰਥੀਆਂ ਨੂੰ ਈ.ਟੀ.ਟੀ. ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਪੱਤਰ ਵਿੱਚ ਆਖਿਆ ਗਿਆ ਹੈ ਕਿ ਸਿਖਿਆਰਥੀਆਂ ਨੂੰ ਭਵਿੱਖ ਵਿੱਚ ਚੰਗੇ ਅਧਿਆਪਕ ਬਣਾਉਣ ਲਈ ਵੱਧ ਤੋਂ ਵੱਧ ਸਮਾਂ ਟੀਚਿੰਗ ਪ੍ਰੈਕਟਿਸ ਲਈ ਦਿੱਤਾ ਜਾਣਾ ਬਣਦਾ ਹੈ। ਇਸ ਲਈ ਅਧਿਆਪਨ ਕੋਰਸ ਕਰ ਰਹੇ ਵਿਦਿਆਥੀਆਂ ਨੂੰ ਲਗਭਗ 8 ਮਹੀਨੇ ਟੀਚਿੰਗ ਪ੍ਰੈਕਟਿਸ ਕਰਵਾਈ ਜਾਵੇਗੀ। ਪਹਿਲੇ ਸਾਲ ਇਹ ਟੀਚਿੰਗ ਪ੍ਰਾਇਮਰੀ ਸਕੂਲਾਂ ਅੰਦਰ ਜਦਕਿ ਦੂਜੇ ਸਾਲ ਅੱਪਰ ਪ੍ਰਾਇਮਰੀ ਸਕੂਲਾਂ ‘ਚ ਹੋਵੇਗੀ। ਪਹਿਲਾਂ ਈਟੀਟੀ ਦੇ ਸਿਖਿਆਰਥੀਆਂ ਨੂੰ ਟੀਚਿੰਗ ਪ੍ਰੈਕਟਿਸ 60 ਦਿਨਾਂ ਦੀ ਹੁੰਦੀ ਸੀ, ਜੋ ਹੁਣ ਵਧਾ ਕੇ 117 ਦਿਨ ਪਹਿਲੇ ਸਾਲ ਜਦਕਿ ਅਗਲੇ ਸਾਲ 115 ਦਿਨਾਂ ਤੱਕ ਕਰ ਦਿੱਤੀ ਗਈ ਹੈ।

ਇਸ ਫੈਸਲੇ ਨੂੰ ਨਾਦਰਸ਼ਾਹੀ ਫੈਸਲਾ ਦੱਸਦਿਆਂ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨਦਾਮਪੁਰ ਦਾ ਕਹਿਣਾ ਹੈ ਕਿ ਇਸ ਟੀਚਿੰਗ ਪ੍ਰਕੈਟਿਸ ਨਾਲ ਵਿਦਿਆਥੀਆਂ ਦਾ ਲਗਭਗ ਦੋ ਸਾਲਾ ਈਟੀਟੀ ਕੋਰਸ ਦਾ ਇੱਕ ਸਾਲ ਤਾਂ ਟੀਪੀ ਲਗਾਉਂਦਿਆ ਹੀ ਲੰਘ ਜਾਵੇਗਾ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਅੰਦਰ ਅਧਿਆਪਕਾਂ ਦੀ ਪੈਦਾ ਹੋਈ ਘਾਟ ਨੂੰ ਪੂਰਾ ਕਰਨ ਲਈ ਕੋਰਸ ਕਰਨ ਵਾਲੇ ਇਨ੍ਹਾਂ 7 ਹਜ਼ਾਰ ਸਿਖਿਆਰਥੀਆਂ ਨੂੰ ਜ਼ਬਰੀ ਅਧਿਆਪਨ ਕਰਵਾਕੇ ਪੂਰਾ ਕਰਨ ਦੀ ਚਲਾਕੀ ਭਰੀ ਵਿਉਂਤਬੰਦੀ ਉਲੀਕੀ ਹੈ।

ਉਨ੍ਹਾਂ ਕਿਹਾ ਕਿ ਇਸ ਫੈਸਲੇ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਟੀਚਿੰਗ ਪ੍ਰਕੈਟਿਸ ਦੇ ਇਸ ਜਬਰੀ ਵਾਧੇ ਨੂੰ ਘਟਾਉਣ ਲਈ ਬੇਨਤੀ ਕੀਤੀ ਗਈ ਹੈ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਿਖਿਆਰਥੀ ਆਪਣੇ ਵਿਸ਼ਿਆਂ ਦਾ ਅਧਿਐਨ ਕਿਵੇਂ ਤੇ ਕਦੋਂ ਕਰਨਗੇ। ਉਨ੍ਹਾਂ ਕਿਹਾ ਕਿ ਈ.ਟੀ.ਟੀ. ਭਾਗ ਪਹਿਲਾ ‘ਚ 9 ਵਿਸ਼ੇ ਜਦਕਿ ਭਾਗ ਦੂਜਾ ‘ਚ 8 ਵਿਸ਼ੇ ਹਨ। ਇੱਧਰ ਹੋਰ ਅਧਿਆਪਕਾਂ ਸਮੇਤ ਵਿਦਿਆਰਥੀਆਂ ਵੱਲੋਂ ਵੀ ਕ੍ਰਿਸ਼ਨ ਕੁਮਾਰ ਦੇ ਫੈਸਲੇ ‘ਤੇ ਉਂਗਲ ਚੁੱਕੀ ਗਈ ਹੈ।

ਵਿੱਦਿਅਕ ਮਾਹੌਲ ਦਾ ਹੋਵੇਗਾ ਪਤਨ : ਕੁਲਵਿੰਦਰ ਸਿੰਘ

ਜਥੇਬੰਦੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਦਾ ਇਹ ਫੈਸਲਾ ਅਧਿਆਪਕਾਂ ਦੀ ਘਾਟ ਲਈ ਡੰਗ ਡਪਾਊ ਤੇ ਬੋਧਿਕ ਵਿਕਾਸ ‘ਚ ਰੁਕਾਵਟ ਵਾਲਾ ਹੈ। ਇਸ ਨਾਲ ਡਾਇਟਾਂ ਅਤੇ ਈ.ਟੀ.ਟੀ. ਕਾਲਜਾਂ ਵਿੱਚੋਂ ਕਲਾਸ ਸੱਭਿਆਚਾਰ ਤੇ ਵਿੱਦਿਅਕ ਮਾਹੌਲ ਦਾ ਪਤਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਮੁਫ਼ਤ ‘ਚ ਸਿਖਿਆਰਥੀਆਂ ਤੋਂ ਜਬਰੀ ਅਧਿਆਪਕਾਂ ਦਾ ਕੰਮ ਨਾ ਲਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਿਆਰਥੀਆਂ ਦੀ ਟੀ.ਪੀ. ਸਰਕਾਰੀ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ‘ਚ ਵੀ ਲੱਗਣੀ ਚਾਹੀਦੀ ਹੈ।

  • ਇਸ ਸਬੰਧੀ ਜਦੋਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।