ਆਨਲਾਈਨ ਸਿੱਖਿਆ ਲਈ ਆਕਸਫੋਰਡ ਦੇ ਵਿਦਿਆਰਥੀਆਂ ਦੀ ਨਿਵੇਕਲੀ ਪਹਿਲ

 ਆਨਲਾਈਨ ਸਿੱਖਿਆ ਲਈ ਚਾਨਣ ਮੁਨਾਰਾ ਕਿਤਾਬ ”ਲਰਨ ਬੈਟਰ ਐਟ ਹੋਮ”

  • ਆਨਲਾਈਨ ਸਿੱਖਿਆ ਰਾਹੀਂ ਕੇਵਲ ਪੜ੍ਹਾਇਆ ਨਹੀਂ ਸਗੋਂ ਸਿਖਾਇਆ ਵੀ ਜਾ ਸਕਦਾ ਹੈ
  • ਆਨਲਾਈਨ ਸਿੱਖਿਆ ਲਈ ਪੜ੍ਹਨਯੋਗ ਕਿਤਾਬ ”ਲਰਨ ਬੈਟਰ ਐਟ ਹੋਮ”

ਕਰੋਨਾ ਸੰਕਟ ਦੇ ਚੱਲਦਿਆਂ ਬੱਚੇ, ਮਾਪੇ ਅਤੇ ਅਧਿਆਪਕ ਘਰ ਬੈਠ ਕੇ ਸਿੱਖਿਆ ਪ੍ਰਾਪਤ ਕਰਨ ਦੀਆਂ ਤਰਕੀਬਾਂ ਲੱਭ ਰਹੇ ਹਨ। ਆਨਲਾਈਨ ਕਲਾਸਾਂ, ਕਿਤਾਬਾਂ, ਟੈਲੀਵਿਜ਼ਨ, ਰੇਡੀਓ, ਯੂ ਟਿਊਬ ਆਦਿ ਸਿੱਖਣ ਸਾਧਨਾਂ ਰਾਹੀਂ ਪੜ੍ਹਾਈ ਨੂੰ ਜਾਰੀ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਬੰਗਲੌਰ ਦੇ ਤੇਜਿਸ ਅਚਾਰੀਆ ਅਤੇ ਉਸ ਦੇ ਦੋਸਤ, ਜੋ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ ਹਨ, ਵੱਲੋਂ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਵਿੱਚ ਸਹਾਇਤਾ ਕਰਨ ਲਈ ”ਲਰਨ ਬੈਟਰ ਐਟ ਹੋਮ” ਈ-ਕਿਤਾਬ ਲਿਖੀ ਗਈ ਹੈ। ਪੀਟਰ ਵਲੀਚ ਤੇ ਤੇਜਿਸ ਅਤੇ ਉਨ੍ਹਾਂ ਦੇ ਦੋ ਹੋਰ ਸਹਿਪਾਠੀਆਂ ਵੱਲੋਂ ਇਹ ਕਿਤਾਬ ਲਿਖਣ ਤੋਂ ਪਹਿਲਾਂ ਸਿੱਖਿਆ ਨਾਲ ਜੁੜੇ ਲੋਕਾਂ ਨਾਲ ਲੰਬੀ ਵਿਚਾਰ-ਚਰਚਾ ਕੀਤੀ ਗਈ। ਸੋਸ਼ਲ ਮੀਡੀਆ ਰਾਹੀਂ ਆਨਲਾਈਨ ਸਿੱਖਿਆ ਸਬੰਧੀ ਸਰਵੇ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਇਹ ਕਿਤਾਬ ਹੋਂਦ ਵਿੱਚ ਆਈ। ਘਰ ਬੈਠੇ ਬੱਚਿਆਂ ਨੂੰ ਸਿੱਖਿਆ ਦੇਣਾ ਅਤੇ ਬੱਚਿਆਂ ਵੱਲੋਂ ਸਿੱਖਿਆ ਹਾਸਲ ਕਰਨਾ ਵੱਡੀ ਚੁਣੌਤੀ ਵਾਲਾ ਕੰਮ ਹੈ। ਜੇਕਰ ਅਸੀਂ ਵਿਸ਼ਵ ਪੱਧਰ ‘ਤੇ ਝਾਤ ਮਾਰੀਏ ਤਾਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਪੂਰੀ ਹਿੰਮਤ ਨਾਲ ਯਤਨ ਕੀਤੇ ਜਾ ਰਹੇ ਹਨ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਦਾ ਬਹੁਤਾ ਸਾਰਥਿਕ ਨਤੀਜਾ ਸਾਹਮਣੇ ਨਹੀਂ ਆ ਰਿਹਾ। ਪਰ ਇਸ ਸਬੰਧੀ ਖੁਸ਼ਖ਼ਬਰੀ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਆਨਲਾਈਨ ਸਿੱਖਿਆ ਲਈ ਘੱਟ ਸਾਧਨ ਹੋਣ ਦੇ ਬਾਵਜੂਦ ਉਹ ਅਧਿਆਪਕਾਂ ਅਤੇ ਸਕੂਲ ਸਿੱਖਿਆ ਵਿਭਾਗ ਨਾਲ ਸੋਸ਼ਲ ਮੀਡੀਆ ਦੇ ਨੈੱਟਵਰਕ ਰਾਹੀਂ ਸੰਪਰਕ ਵਿੱਚ ਹਨ।

ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ

ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਦੇ ਨਾਲ-ਨਾਲ ਪ੍ਰੀਖਿਆ ਵੀ ਲਈ ਜਾ ਚੁੱਕੀ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸਬੰਧੀ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਾਮਯਾਬੀ ਨਾਲ ਚੱਲ ਰਹੇ ਹਨ। ਕੋਵਿਡ, ਕੌਮੀ ਪ੍ਰਾਪਤੀ ਸਰਵੇ ਆਦਿ ਕੰਮਾਂ ਸਬੰਧੀ ਕੇਵਲ ਅਧਿਆਪਕਾਂ ਨੂੰ ਹੀ ਸਿੱਖਿਆ ਨਹੀਂ ਦਿੱਤੀ ਗਈ ਬਲਕਿ ਇਸ ਵਿਚ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੇਕਰ ਅਸੀਂ ਹੁਣ ਵਿਸ਼ਵ ਪੱਧਰ ‘ਤੇ ਝਾਤ ਮਾਰੀਏ ਤਾਂ ਬੱਚੇ ਅਧਿਆਪਕਾਂ ਤੋਂ ਉਂਗਲ ਛੁਡਾ ਕੇ ਦੂਰ ਜਾ ਚੁੱਕੇ ਹਨ। ਮਾਪਿਆਂ ਕੋਲ ਬੱਚਿਆਂ ਨੂੰ ਸਿੱਖਿਆ ਦੇਣ ਦੀਆਂ ਮਨੋਵਿਗਿਆਨਕ ਵਿਧੀਆਂ ਨਹੀਂ ਹਨ। ਇਨ੍ਹਾਂ ਹਾਲਾਤਾਂ ਵਿੱਚ ਬੱਚਿਆਂ ਤੇ ਮਾਪਿਆਂ ਨੂੰ ਅਗਵਾਈ ਦੇਣ ਲਈ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਪੀਟਰ, ਤੇਜਿਸ, ਟਾਮ ਫਲੈਟਰਜ ਅਤੇ ਸਕਾਰਲੈਟ ਵਾਲੇਨ ਵੱਲੋਂ ਕੀਤੇ ਇਸ ਨਿਵੇਕਲੇ ਯਤਨ ਰਾਹੀਂ ਸਾਰਥਕ ਨਤੀਜਿਆਂ ਦੀ ਉਮੀਦ ਕਰ ਸਕਦੇ ਹਾਂ। ਆਕਸਫੋਰਡ ਯੂਨੀਵਰਸਿਟੀ ਦੇ ਇਨ੍ਹਾਂ ਵਿਦਿਆਰਥੀਆਂ ਨੇ ਇਸ ਕਿਤਾਬ ਨੂੰ ਲਿਖਣ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਵੈ- ਅਧਿਐਨ ਦੇ ਤਜਰਬੇ ਇਸ ਈ-ਕਿਤਾਬ ਵਿੱਚ ਸਾਂਝੇ ਕੀਤੇ ਹਨ।

ਆਨਲਾਈਨ ਪੜ੍ਹਾਈ ਕਰਨ ਲਈ ਜ਼ਰੂਰੀ ਨੁਕਤੇ

ਇਸ ਤੋਂ ਇਲਾਵਾ ਸਫਲਤਾਪੂਰਵਕ ਆਨਲਾਈਨ ਪੜ੍ਹਾਈ ਕਰਨ ਲਈ ਜ਼ਰੂਰੀ ਨੁਕਤੇ ਤੇ ਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਮੋਟੇ ਤੌਰ ‘ਤੇ ਇਸ ਈ-ਬੁੱਕ ਨੂੰ ਚਾਰ ਭਾਗਾਂ- ਹਿਸਾਬ, ਰਸਾਇਣਕ ਵਿਗਿਆਨ, ਅੰਗਰੇਜ਼ੀ ਅਤੇ ਜਨਰਲ ਪੜ੍ਹਾਈ ਵਿੱਚ ਵੰਡਿਆ ਗਿਆ ਹੈ। ਲਿਖਾਰੀਆਂ ਵੱਲੋਂ ਆਪੋ-ਆਪਣੀ ਯੋਗਤਾ ਅਤੇ ਤਜਰਬੇ ਦੇ ਹਿਸਾਬ ਨਾਲ ਕਿਤਾਬ ਦੇ ਅੰਦਰ ਸ਼ਾਮਲ ਉਪ-ਵਿਸ਼ਿਆਂ ‘ਚ ਆਪੋ-ਆਪਣਾ ਯੋਗਦਾਨ ਪਾਇਆ ਗਿਆ ਹੈ। ਲਿਖਾਰੀ ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਆਕਸਫੋਰਡ ਯੂਨੀਵਰਸਿਟੀ ਵਿੱਚ ਕੇਵਲ ਪੜ੍ਹਨਾ ਤੇ ਪੇਪਰ ਦੇਣਾ ਹੀ ਸਿੱਖਿਆ ਨਹੀਂ ਹੁੰਦਾ ਬਲਕਿ ਹੋਰ ਨਿੱਜੀ ਯਤਨਾਂ ਰਾਹੀਂ ਸਾਡੇ ਅੰਦਰ ਪਈ ਕਲਾ ਨੂੰ ਬਾਹਰ ਕੱਢਣਾ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਕਸਫੋਰਡ ਯੂਨੀਵਰਸਿਟੀ ਵਿਖੇ ਪੜ੍ਹਦਿਆਂ ਅਸੀਂ ਕੇਵਲ ਭੌਤਿਕ ਵਿਗਿਆਨ ਬਾਰੇ ਹੀ ਨਹੀਂ ਸਿੱਖਿਆ ਸਗੋਂ ਆਪਣੇ ਅੰਦਰ ਪਏ ਹੋਰ ਜੀਵਨ ਹੁਨਰਾਂ ਨੂੰ ਵੀ ਤਰਾਸ਼ਿਆ ਹੈ। ਇਹ ਕਿਤਾਬ ਕੇਵਲ ਪ੍ਰੀਖਿਆ ਪਾਸ ਕਰਨ ਲਈ ਹੀ ਸਹਾਇਤਾ ਨਹੀਂ ਕਰੇਗੀ ਸਗੋਂ ਬੱਚਿਆਂ ਨੂੰ ਆਪਣੇ-ਆਪ ਨੂੰ ਸਮਝਣ ਵਿੱਚ ਵੀ ਸਹਾਇਕ ਸਿੱਧ ਹੋਵੇਗੀ। ਇਹ ਕਿਤਾਬ ਇੰਟਰਨੈੱਟ ਰਾਹੀਂ ਮੁਫ਼ਤ ਡਾਊਨਲੋਡ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਚਾਹੋ ਤਾਂ ਆਪਣੀ ਮਰਜ਼ੀ ਨਾਲ ਸਹਾਇਤਾ ਰਾਸ਼ੀ ਵੀ ਦੇ ਸਕਦੇ ਹੋ ਜੋ ਕਿ ਕੇਵਲ ਦਾਨ ਦੇ ਕੰਮਾਂ ਲਈ ਵਰਤੀ ਜਾਣੀ ਹੈ। ਪਾਠਕਾਂ ਦੇ ਯੋਗਦਾਨ ਸਦਕਾ ਇਸ ਕਿਤਾਬ ਵੱਲੋਂ ਹੁਣ ਤੱਕ 600 ਡਾਲਰ ਦੀ ਕਮਾਈ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਇਹ ਈ-ਕਿਤਾਬ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਆਨਲਾਈਨ ਸਿੱਖਿਆ ਦੇ ਮਾਮਲੇ ‘ਚ ਚਾਨਣ ਮੁਨਾਰੇ ਦਾ ਕੰਮ ਕਰੇਗੀ।
ਬਲਜਿੰਦਰ ਜੌੜਕੀਆਂ, ਤਲਵੰਡੀ ਸਾਬੋ, ਬਠਿੰਡਾ
ਮੋ. 94630-24575

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ