ਸੂਬੇ ’ਚ ਝੋਨੇ ਦੀ ਖਰੀਦ 140 ਲੱਖ ਮੀਟਰਿਕ ਟਨ ਤੋਂ ਪਾਰ : ਖੁਰਾਕ ਤੇ ਸਿਵਲ ਸਪਲਾਈ ਮੰਤਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਖ਼ਰੀਦ ਕਰਨ ਲਈ ਕੀਤੀ ਵਚਨਬੱਧਤਾ ਦੇ ਮੱਦੇਨਜ਼ਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਦੱਸਿਆ ਕਿ ਸੂਬੇ ਵਿੱਚ ਚੱਲ ਰਹੇ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਕੱਲ੍ਹ ਇੱਕੋ ਦਿਨ ਵਿੱਚ ਲਗਭਗ 1,84,409 ਕਿਸਾਨਾਂ ਦੇ ਖਾਤਿਆਂ ਵਿੱਚ 5334.54 ਕਰੋੜ ਰੁਪਏ ਦੀ ਐੱਮ.ਐੱਸ.ਪੀ. ਅਦਾਇਗੀ ਸਿੱਧੇ ਤੌਰ ‘ਤੇ ਜਾਰੀ ਕਰ ਦਿੱਤੀ ਗਈ ਹੈ, ਜਦੋਂਕਿ 1500 ਕਰੋੜ ਰੁਪਏ ਦੀ ਅਦਾਇਗੀ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜੋ ਕਿ ਸੋਮਵਾਰ ਨੂੰ ਬੈਂਕਾਂ ਦੇ ਖੁੱਲਣ ਤੋਂ ਬਾਅਦ ਜਾਰੀ ਕਰ ਦਿੱਤੇ ਜਾਣਗੇ।
ਉਨਾਂ ਇਹ ਵੀ ਦੱਸਿਆ ਕਿ ਬੀਤੇ ਕੱਲ੍ਹ ਤੱਕ ਇਸ ਸੀਜ਼ਨ ਦੇ 144 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਅਦਾਇਗੀਆਂ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਬੀਤੇ ਕੱਲ੍ਹ ਤੱਕ ਕੁੱਲ 25424.86 ਕਰੋੜ ਰੁਪਏ ਦੀਆਂ ਐਮ.ਐਸ.ਪੀ. ਅਦਾਇਗੀਆਂ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਤੱਕ ਲਗਭਗ 6.5 ਲੱਖ ਕਿਸਾਨ ਐਮ.ਐਸ.ਪੀ. ਦਾ ਲਾਭ ਉਠਾ ਚੁੱਕੇ ਹਨ। ਉਨਾਂ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਕਿਸਾਨਾਂ ਦੇ ਖ਼ੂਨ-ਪਸੀਨੇ ਨਾਲ ਪੈਦਾ ਕੀਤੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ।
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਨਵੰਬਰ ਲਈ ਨਕਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਮਨਜੂਰੀ ਦੇ ਨਾਲ, ਐਮ.ਐਸ.ਪੀ. ਭੁਗਤਾਨ ਨਿਰਵਿਘਨ ਕਰਨਾ ਜਾਰੀ ਰੱਖਿਆ ਗਿਆ ਹੈ। (Lal Chand Kataruchak) ਉਨਾਂ ਇਹ ਵੀ ਕਿਹਾ ਕਿ ਮਾਝਾ ਖੇਤਰ ਵਿੱਚ ਲਗਭਗ ਸਾਰੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਹੋ ਚੁੱਕੀ ਹੈ ਅਤੇ ਹੁਣ ਸਭ ਤੋਂ ਵੱਧ ਝੋਨੇ ਦੀ ਆਮਦ ਮਾਲਵਾ ਖੇਤਰ ਵਿੱਚ ਹੋ ਰਹੀ ਹੈ। ਜ਼ਿਲਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 72 ਘੰਟੇ ਪਹਿਲਾਂ ਖਰੀਦੇ ਗਏ ਝੋਨੇ ਵਿੱਚੋਂ 98 ਫੀਸਦੀ ਤੋਂ ਵੱਧ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ