ਏਟੀਸੀ, ਟੀਟੀਸੀ ਨੂੰ 1500 ਮੈਗਾਵਾਟ ਤੱਕ ਵਧਾਉਣ ਲਈ ਕਿਹਾ
ਖੇਤੀ, ਉਦਯੋਗ ਅਤੇ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਆਦੇਸ
ਅਸ਼ਵਨੀ ਚਾਵਲਾ, ਚੰਡੀਗੜ੍ਹ । ਬਿਜਲੀ ਦੀ ਜ਼ਿਆਦਾ ਮੰਗ ਵਾਲੇ ਝੋਨੇ ਦੇ ਸੀਜਨ ਦੌਰਾਨ ਸਪਲਾਈ ਅਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਉਦੇਸ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂਂ ਉਪਲਬਧ ਟਰਾਂਸਫਰ ਸਮਰੱਥਾ (ਏ.ਟੀ.ਸੀ.) ਅਤੇ ਕੁੱਲ ਟਰਾਂਸਫਰ ਸਮਰੱਥਾ (ਟੀ.ਟੀ.ਸੀ.) ਨੂੰ ਘੱਟੋ ਘੱਟ 1,500 ਮੈਗਾਵਾਟ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੇ ਨਿਰੰਤਰ ਉਪਰਾਲਿਆਂ ਤਹਿਤ ਸੂਬੇ ਵਿੱਚ ਇਹ ਪਾੜਾ ਝੋਨੇ ਦੇ ਅਗਲੇ ਸੀਜਨ ਤੋਂ ਪਹਿਲਾਂ ਪਹਿਲਾਂ ਪੂਰ ਲਿਆ ਜਾਵੇਗਾ। ਇਸ ਸਬੰਧੀ ਫੈਸਲਾ ਅੱਜ ਇਥੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ।
ਇਸ ਪਹਿਲਕਦਮੀ ਨਾਲ ਲੋਡ ਦੀ ਵੱਧ ਰਹੀ ਮੰਗ ਦੌਰਾਨ ਸੂਬੇ ਵਿੱਚ ਖੇਤੀਬਾੜੀ, ਉਦਯੋਗ ਅਤੇ ਘਰੇਲੂ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿਚ ਸਹਾਇਤਾ ਮਿਲੇਗੀ। ਪ੍ਰਬੰਧਕੀ ਸਕੱਤਰਾਂ ਨਾਲ ਮੌਜੂਦਾ ਬਿਜਲੀ ਸਪਲਾਈ ਅਤੇ ਮੰਗ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਸੂਬੇ ਵਿਚ ਮੌਜੂਦਾ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਉਪਰਾਲਿਆਂ ਦੇ ਹਿੱਸੇ ਵਜੋਂ ਬਿਜਲੀ ਵਿਭਾਗ ਨੂੰ ਏਟੀਸੀ ਅਤੇ ਟੀਟੀਸੀ ਸਮਰੱਥਾ ਨੂੰ ਪਹਿਲ ਦੇ ਅਧਾਰ ‘ਤੇ ਵਧਾਉਣ ਅਤੇ ਖੇਤੀਬਾੜੀ, ਉਦਯੋਗ ਤੇ ਘਰੇਲੂ ਖੇਤਰਾਂ ਲਈ ਨਿਰਵਿਘਨ ਬਿਜਲੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਉਮੀਦ ਜਤਾਈ ਕਿ ਕੁਆਲਿਟੀ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਾਜੈਕਟ ਨਿਰਧਾਰਤ ਮਾਪਦੰਡਾਂ ਅਨੁਸਾਰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤੇ ਜਾਣਗੇ।
ਇਸ ਦੌਰਾਨ ਮੁੱਖ ਸਕੱਤਰ ਨੇ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਦੀ ਉਸਾਰੀ ਦਾ ਜਾਇਜਾ ਵੀ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਹਲਵਾਰਾ ਹਵਾਈ ਅੱਡੇ ਦੇ ਸੰਚਾਲਨ, ਹੁਸਿਆਰਪੁਰ, ਕਪੂਰਥਲਾ, ਸੰਗਰੂਰ ਅਤੇ ਮੁਹਾਲੀ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ; ਗੋਇੰਦਵਾਲ ਸਾਹਿਬ ਵਿਖੇ ਨਵੀਂ ਜੇਲ੍ਹ ਦਾ ਨਿਰਮਾਣ; ਫਾਜਲਿਕਾ ਵਿੱਚ 100 ਬੈੱਡਾਂ ਦੀ ਸਮਰੱਥਾ ਵਾਲੇ ਹਸਪਤਾਲ ਦੀ ਉਸਾਰੀ; ਅੰਮਿ੍ਰਤਸਰ ਵਿਚ ਸਟੇਟ ਕੈਂਸਰ ਸੈਂਟਰ; ਮੁਹਾਲੀ ਦੇ ਅੰਤਰਰਾਸਟਰੀ ਹਵਾਈ ਅੱਡੇ ਨੇੜੇ ਐਰੋਟਰੋਪੋਲਿਸ ਹਾਊਸਿੰਗ ਪ੍ਰਾਜੈਕਟ; ਕਾਜੌਲੀ ਵਾਟਰ ਵਰਕਸ ਵਿੱਚ 20-ਐਮਜੀਡੀ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ; ਸਾਹਪੁਰਕੰਡੀ ਡੈਮ ਪ੍ਰਾਜੈਕਟ ‘ਤੇ ਚੱਲ ਰਹੇ ਕੰਮ; ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਨੂੰ ਮੁੜ ਸਥਾਪਿਤ ਕਰਨ ਅਤੇ ਜਨਤਕ ਨਿਵੇਸ ਪ੍ਰਬੰਧਨ ਕਮੇਟੀ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਰ ਵੱਡੇ ਪ੍ਰਾਜੈਕਟਾਂ ਦਾ ਜਾਇਜ਼ਾ ਵੀ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।