ਰੂਹਾਨੀਅਤ ‘ਚ ਸਿਰਫ਼ ਨਿਰਮਲ ਬੁੱਧੀ ਦੀ ਲੋੜ

ਰੂਹਾਨੀਅਤ ‘ਚ ਸਿਰਫ਼ ਨਿਰਮਲ ਬੁੱਧੀ ਦੀ ਲੋੜ

ਅਕਲ ਜਾਂ ਬੁੱਧੀ ਦਾ ਸਬੰਧ ਇਨਸਾਨ ਦੇ ਦਿਮਾਗ ਨਾਲ ਹੈ, ਜੋ ਕਿ ਗਿਆਨ ਨੂੰ ਦਰਸਾਉਣ ਦਾ ਸਾਧਨ ਹੈ ਨਿਰਮਲ ਬੁੱਧੀ ਮਾਲਕ ਦੇ ਮਿਲਣ ਦਾ ਸਾਧਨ ਹੈ ਅਤੇ ਦੁਨਿਆਵੀ ਬੁੱਧੀ ਮਾਲਕ ਤੋਂ ਦੂਰ ਹੋ ਜਾਣ ਦਾ ਕਾਰਨ ਹੈ ਅਕਲ ਦੁਆਰਾ ਜੀਵ ਸੰਸਾਰ ‘ਚ ਜ਼ਿਆਦਾ ਤੋਂ ਜ਼ਿਆਦਾ ਫਸਦਾ ਜਾਂਦਾ ਹੈ। ਸੰਸਾਰਿਕ ਬੁੱਧੀ, ਮਨ ਦੀ ਚੰਚਲਤਾ ਨੂੰ ਤੇਜ਼ ਕਰਕੇ ਮਾਲਕ ਦੇ ਰਾਹ ਤੋਂ ਦੂਰ ਲੈ ਜਾਂਦੀ ਹੈ, ਜੋ ਪਰਮਾਰਥ ‘ਚ ਇੱਕ ਰੁਕਾਵਟ ਹੈ।

ਇਨਸਾਨ ਨੂੰ ਸ੍ਰਿਸ਼ਟੀ ਦੇ ਕਰਤਾ ਨੇ ਵੱਡੀ ਅਮੋਲਕ ਵਸਤੂ, ਅਕਲ ਦਾ ਭੰਡਾਰ ਬਖਸ਼ਿਸ਼ ‘ਚ ਦਿੱਤਾ ਹੈ, ਪਰੰਤੂ ਜੀਵ ਮਨ-ਮਤ ਹੋ ਕੇ ਇਸ ਦੀ ਦੁਰਵਰਤੋਂ ਕਰਦਾ ਹੈ ਅਤੇ ਬੁੱਧੀ ਦੇ ਦਮ ਨਾਲ ਦੂਜਿਆਂ ‘ਤੇ ਪ੍ਰਭਾਵ ਪਾਉਣਾ ਚਾਹੁੰਦਾ ਹੈ ਆਪਣੀ ਬੁੱਧੀ ਨੂੰ ਸਭ ਤੋਂ ਉੱਚੀ ਸਮਝ ਕਰਕੇ ਹੰਕਾਰ, ਕ੍ਰੋਧ ਆਦਿ ਦੀ ਪੰਡ ਸਿਰ ‘ਤੇ ਚੁੱਕੀ ਫਿਰਦਾ ਹੈ। ਚੰਚਲ-ਮਨ ਵਾਲੇ ਜੀਵ ਅਕਲ ਦੁਆਰਾ ਹੀ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਨ, ਜੋ ਕਿ ਬਿਲਕੁਲ ਹੀ ਅਸੰਭਵ ਹੈ।

ਇਹ ਤਾਂ ਅਮਲ ਕਰਨ ਅਤੇ ਦਿਲ ਨਾਲ ਸਬੰਧ ਰੱਖਣ ਦਾ ਵਿਸ਼ਾ ਹੈ ਹਾਂ, ਸੰਸਾਰ ਦੇ ਪਦਾਰਥ, ਰਾਜ-ਪਾਟ ਆਦਿ ਅਕਲ ਦੁਆਰਾ ਪ੍ਰਾਪਤ ਕੀਤੇ ਜਾ ਸਕਦੇ ਹਨ, ਪਰੰਤੂ ਆਤਮ-ਗਿਆਨ ਦੀ ਪ੍ਰਾਪਤੀ ਕਰਨਾ ਸਿਰਫ ਅਕਲ ‘ਤੇ ਨਿਰਭਰ ਨਹੀਂ ਹੈ। ‘ਅਕਲ ਇੱਕ ਤੱਕੜੀ ਹੈ’ ਜਿਸ ਰਾਹੀਂ ਜੀਵ ਭਲੇ-ਬੁਰੇ ਨੂੰ ਤੋਲੇ, ਉਸ ਤੋਂ ਬਾਅਦ ਬੁਰਾਈ ਨੂੰ ਛੱਡੇ ਤੇ ਭਲਾਈ ਨੂੰ ਗ੍ਰਹਿਣ ਕਰਦਾ ਜਾਵੇ ਅੱਜ-ਕੱਲ੍ਹ ਇਸ ਤਰ੍ਹਾਂ ਦੇ ਜੀਵਾਂ ਦੀ ਗਿਣਤੀ, ਜੋ ਅਕਲ ਦੀ ਠੀਕ ਢੰਗ ਨਾਲ ਵਰਤੋਂ ਕਰਦੇ ਹਨ, ਆਟੇ ‘ਚ ਲੂਣ ਦੇ ਬਰਾਬਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.