ਮਹਿਲਾ ਪੁਲਿਸ ਅਧਿਕਾਰੀ ਨੇ ਦਿੱਤਾ ਕਾਰਵਾਈ ਨੂੰ ਅੰਜਾਮ
ਸੱਚ ਕਹੂੰ ਨਿਊਜ
ਪਟਿਆਲਾ
ਪਟਿਆਲਾ ਪੁਲਿਸ ਨੇ ਅੱਜ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਨਾਕਾਬੰਦੀ ਦੌਰਾਨ ਪਟਿਆਲਾ ਤੇ ਹਰਿਆਣਾ ਦੀ ਹੱਦ ‘ਤੇ ਪੈਂਦੇ ਪਿੰਡ ਸ਼ੰਭੂ ਕੋਲ ਇੱਕ ਵਿਅਕਤੀ ਨੂੰ 1 ਕਿੱਲੋ 500 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਮਨਜੀਤ ਸਿੰਘ ਬਰਾੜ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਲਈ ਗਠਿਤ ਕੀਤੀ ਐਸਟੀਐਫ ਦੀ ਪਟਿਆਲਾ ਟੀਮ ਨੂੰ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਐਸਟੀਐਫ ਅਤੇ ਸਬ-ਇੰਸਪੈਕਟਰ ਗੀਤਾ ਰਾਣੀ ਨੇ ਆਪਣੀ ਪੁਲਿਸ ਪਾਰਟੀ ਸਮੇਤ ਸ਼ੰਭੂ ਪਿੰਡ ਦੇ ਘਨੌਰ ਮੋੜ ‘ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਨਾਕਾਬੰਦੀ ਦੌਰਾਨ ਇੱਕ ਚਿੱਟੇ ਰੰਗ ਦੀ ਆਰਟੀਕਾ ਕਾਰ ਨੰਬਰ ਡੀ.ਐਲ. 8 ਸੀ.ਏ.ਯੂ- 8916 ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਡਰਾਈਵਰ ਜਿਸ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਆਰ.ਜੀ.ਬੀ. 198 ਟੈਗੋਰ ਗਾਰਡਨ ਨਵੀਂ ਦਿੱਲੀ ਵਜੋਂ ਹੋਈ ਦੇ ਕਬਜ਼ੇ ‘ਚੋਂ 1 ਕਿੱਲੋ 500 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਕਥਿਤ ਦੋਸ਼ੀ ਕੁਲਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਬਰਾੜ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਸ ਵਿਅਕਤੀ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀਐਸਪੀ ਘਨੌਰ ਅਸ਼ੋਕ ਕੁਮਾਰ, ਐਸਐਚਓ ਸ਼ੰਭੂ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਸਬ-ਇੰਸਪੈਕਟਰ ਗੀਤਾ ਰਾਣੀ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।