ਇਸ ਦੁਸਹਿਰੇ ’ਤੇ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਕਰੀਏ ਖ਼ਾਤਮਾ

Happy Dussehra

ਇਸ ਦੁਸਹਿਰੇ ’ਤੇ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਕਰੀਏ ਖ਼ਾਤਮਾ

ਤਿਉਹਾਰ ਜਿੱਥੇ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖਤਾ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ ਕਰਦੇ ਹਨ, ਉੱਥੇ ਦੇਸ਼ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਰੱਖਿਅਕ ਵੀ ਰਹੇ ਹਨ। ਦੁਸਹਿਰਾ ਵੀ ਇਨ੍ਹਾਂ ਤਿਉਹਾਰਾਂ ਵਿਚੋਂ ਇੱਕ ਹੈ ਜੋ ਮਨੁੱਖ ਨੂੰ ਅਧਰਮ ਤੋਂ ਧਰਮ, ਅਗਿਆਨ ਤੋਂ ਗਿਆਨ ਅਤੇ ਝੂਠ ਤੋਂ ਸੱਚ ਵਾਲੇ ਰਾਹ ’ਤੇ ਅੱਗੇ ਕਦਮ ਵਧਾਉਣ ਲਈ ਪੇ੍ਰਰਿਤ ਕਰਦਾ ਹੈ। ਦੁਸਹਿਰਾ ਹਰ ਸਾਲ ਦੀਵਾਲੀ ਤੋਂ 20 ਦਿਨ ਪਹਿਲਾਂ ਦੇਸੀ ਮਹੀਨੇ ਅੱਸੂ ਵਿਚ ਮਨਾਇਆ ਜਾਣਾ ਵਾਲਾ ਪੁਰਾਤਨ ਤਿਉਹਾਰ ਹੈ।

ਝੂਠ ਅਤੇ ਪਾਪ ਉੱਤੇ ਨੇਕੀ ਦੀ ਜਿੱਤ ਕਰਕੇ ਇਸ ਨੂੰ ਵਿਜੈਦਸ਼ਮੀ ਵੀ ਆਖਿਆ ਜਾਂਦਾ। ਦੁਸਹਿਰਾ ਸ਼ਬਦ ਦਾ ਅਰਥ, ਦਸ ਸਿਰਾਂ ਨੂੰ ਹਰਨਵਾਲਾ ਹੈ ਇਤਿਹਾਸ ਦੱਸਦਾ ਹੈ ਕਿ ਲੰਕਾ ਦੇ ਰਾਜਾ ਰਾਵਣ ਦਾ ਦਿਮਾਗ ਦਸ ਜਣਿਆਂ ਜਿੰਨਾ ਕੰਮ ਕਰਦਾ ਸੀ। ਰਾਜਾ ਰਾਵਣ 6 ਸ਼ਾਸਤਰਾਂ ਅਤੇ 4 ਵੇਦਾਂ ਦੀ ਜਾਣਕਾਰੀ ਰੱਖਣ ਵਾਲਾ ਸੀ, ਗਿਆਨ ਅਤੇ ਸ਼ਕਤੀ ਦੇ ਹੰਕਾਰ ਵਿਚ ਉਹ ਆਪਣੇ ਰਾਜ ਵਿਚਲੇ ਗਿਆਨੀਆਂ ਨੂੰ ਹੱਦ ਤੋਂ ਵੀ ਜ਼ਿਆਦਾ ਤੰਗ ਕਰਦਾ ਹੁੰਦਾ ਸੀ।

ਗਿਆਨੀ ਤੇ ਵਿਗਿਆਨੀ ਹੋਣ ਦੇ ਬਾਵਜ਼ੂਦ ਉਸ ਦੀ ਇੱਕ ਬੱਜਰ ਗਲਤੀ ਨੇ ਉਸ ਦੇ ਰਾਜ-ਭਾਗ ਤੇ ਉਸ ਦੇ ਸਾਰੇ ਪਰਿਵਾਰ ਨੂੰ ਖਤਮ ਕਰਵਾ ਦਿੱਤਾ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਪਰਿਵਾਰ ਦੇ ਖਾਤਮੇ ਤੋਂ ਬਾਅਦ ਉਸ ਦੇ ਮਹਿਲਾਂ ਵਿੱਚ ਇੱਕ ਵੀ ਸ਼ਖ਼ਸ ਨਹੀਂ ਬਚਿਆ ਜੋ ਕੋਈ ਦੀਵਾ-ਬੱਤੀ ਜਗ੍ਹਾ ਸਕੇ। ਧਾਰਮਿਕ ਗਿਆਨ ਤੋਂ ਇਲਾਵਾ ਰਾਵਣ ਵਿਗਿਆਨ ਬਾਰੇ ਵੀ ਜਾਣਕਾਰੀ ਰੱਖਦਾ ਸੀ, ਜਿਸ ਕਰਕੇ ਉਹ ਸੂਰਜ ਦੀ ਰੌਸ਼ਨੀ ਅਤੇ ਚੰਦ ਦੀ ਰੌਸ਼ਨੀ ਤੋਂ ਵੀ ਵਿਗਿਆਨਕ ਵਿਧੀ ਨਾਲ ਕੰਮ ਲੈਂਦਾ ਸੀ।

ਦੁਸਹਿਰਾ ਤਿਉਹਾਰ ਮਨਾਉਣ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਅਨੁਸਾਰ ਯੁੱਧ ਦੇ ਮੈਦਾਨ ਵਿਚ ਰਾਵਣ ਉੱਤੇ ਸ੍ਰੀ ਰਾਮ ਚੰਦਰ ਜੀ ਦੀ ਜਿੱਤ ਨਾਲ ਜੁੜਿਆ ਹੋਇਆ ਹੈ। ਜੋ ਲਿਖਿਆ ਮਿਲਦਾ ਉਸ ਅਨੁਸਾਰ, ਜਦੋਂ ਰਾਵਣ ਦੀ ਭੈਣ ਸਰੂਪਨਖਾਂ ਨੇ ਸ੍ਰੀ ਰਾਮ ਚੰਦਰ ਦੇ ਛੋਟੇ ਭਰਾ ਲਛਮਣ ਤੋਂ ਪ੍ਰਭਾਵਿਤ ਹੋ ਕੇ ਵਾਰ-ਵਾਰ ਉਸ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਲਛਮਣ ਵੱਲੋਂ ਜੁਆਬ ਮਿਲਣ ’ਤੇ ਸਰੂਪਨਖਾਂ ਨੇ ਕਰੋਧਿਤ ਹੁੰਦਿਆਂ ਆਪਣੇ ਨਹੁੰਆਂ ਨਾਲ ਲਛਮਣ ’ਤੇ ਹਮਲਾ ਕਰ ਦਿੱਤਾ ਤਾਂ ਆਪਣੇ ਬਚਾਅ ਵਿਚ ਲਛਮਣ ਵੱਲੋਂ ਚਲਾਈ ਤਲਵਾਰ ਨਾਲ ਸਰੂਪਨਖਾਂ ਦੇ ਨੱਕ ਤੇ ਕੰਨ ਕੱਟੇ ਗਏ।

ਉਕਤ ਘਟਨਾ ਬਾਰੇ ਲਿਖਿਆ ਮਿਲਦਾ ਹੈ, ਉਸ ਵਕਤ ਸ੍ਰੀ ਰਾਮ ਚੰਦਰ, ਲਛਮਣ ਅਤੇ ਸੀਤਾ ਉਨ੍ਹਾਂ ਨੂੰ ਰਾਜਾ ਦਸ਼ਰਥ ਵੱਲੋਂ ਮਿਲੇ 14 ਸਾਲ ਦੇ ਬਨਵਾਸ ਨੂੰ ਕੱਟ ਰਹੇ ਸਨ, ਉਹ ਜੰਗਲ ਵਿਚ ਇੱਕ ਕੁਟੀਆ ਬਣਾ ਕੇ ਰਹਿ ਰਹੇ ਸਨ, ਤਾਂ ਰਾਵਣ ਉਸ ਦੀ ਭੈਣ ਸਰੂਪਨਖਾਂ ਨਾਲ ਵਾਪਰੀ ਘਟਨਾ ਤੋਂ ਗੁੱਸੇ ਵਿਚ ਆ ਕੇ ਇਹ ਭੁੱਲ ਗਿਆ ਕਿ ਉਹ ਧਾਰਮਿਕ ਗਿਆਨ ਰੱਖਣ ਵਾਲਾ ਚਾਰ ਵੇਦਾਂ ਦਾ ਟੀਕਾਕਾਰ ਪੰਡਿਤ ਹੈ,

ਉਸ ਦੀ ਅਕਲ ਬੁੱਧੀ ਉਸ ਵੇਲੇ ਐਸੀ ਭ੍ਰਿਸ਼ਟ ਹੋਈ ਕਿ ਹੰਕਾਰ ਵਿਚ ਰਾਵਣ ਨੇ ਸ੍ਰੀ ਰਾਮ ਚੰਦਰ ਅਤੇ ਲਛਮਣ ਦੀ ਗੈਰ-ਹਾਜ਼ਰੀ ’ਚ ਕੁਟੀਆ ’ਚ ਪਹੁੰਚ ਕੇ ਸਾਧੂ ਦਾ ਭੇਸ ਬਣਾਇਆ ਤੇ ਖੈਰ ਲੈਣ ਦੇ ਬਹਾਨੇ ਉਸ ਨੇ ਸੀਤਾ ਮਾਤਾ ਨੂੰ ਧੋਖੇ ਨਾਲ ਅਗਵਾ ਕਰਕੇ ਆਪਣੇ ਦੇਸ਼ ਲੰਕਾ ਵਿਚ ਲੈ ਗਿਆ ਸੀ। ਇਸ ਤੋਂ ਬਾਅਦ ਉਹ ਸ੍ਰੀ ਰਾਮ ਚੰਦਰ ਨੂੰ ਯੁੱਧ ਲਈ ਲਲਕਾਰਨ ਵੀ ਲੱਗਾ ਸੀ। ਜਿਸ ਕਰਕੇ ਸ੍ਰੀ ਰਾਮ ਚੰਦਰ ਅਤੇ ਲਛਮਣ ਨੇ ਹਨੂੰਮਾਨ, ਸੁਕਰੀਵ ਤੇ ਵਾਨਰ ਸੈਨਾ ਨਾਲ ਮਿਲ ਕੇ ਰਾਜੇ ਰਾਵਣ ਦੀ ਲੰਕਾ ’ਤੇ ਚੜ੍ਹਾਈ ਕਰ ਦਿੱਤੀ, ਉਸ ਸਮੇਂ ਬੜਾ ਹੀ ਭਿਆਨਕ ਯੁੱਧ ਹੋਇਆ।

ਰਾਵਣ ਨੂੰ ਇਹ ਹੰਕਾਰ ਸੀ ਕਿ ਉਸ ਕੋਲ ਇਹ ਵਰਦਾਨ ਹੈ, ਕਿ ਉਸ ਨੂੰ ਕੋਈ ਵੀ ਜੰਗ ਦੇ ਮੈਦਾਨ ਵਿਚ ਮਾਰ ਨਹੀਂ ਸਕਦਾ, ਰਾਵਣ ਦੀ ਮੌਤ ਦੇ ਭੇਦ ਬਾਰੇ ਰਾਵਣ ਦੇ ਭਰਾ ਵਭੀਸ਼ਣ ਨੂੰ ਪਤਾ ਸੀ ਰਾਵਣ ਨੇ ਆਪਣੇ ਭਰਾ ਨੂੰ ਵੀ ਆਪਣੇ ਰਾਜ ਦੌਰਾਨ ਤੰਗ ਕੀਤਾ ਹੋਇਆ ਸੀ, ਜਿਸ ਕਰਕੇ ਵਭੀਸ਼ਨ ਦੇ ਪਿਛੋਕੜ ਤੋਂ ਪਤਾ ਚੱਲਦਾ ਹੈ ਕਿ ਉਹ ਸ੍ਰੀ ਰਾਮ ਚੰਦਰ ਦੀ ਸਿੱਖਿਆ ਨੂੰ ਮੰਨਣ ਵਾਲਾ ਭਗਤ ਸੀ,

ਉਸ ਵੱਲੋਂ ਰਾਵਣ ਦੀ ਮੌਤ ਦੇ ਦੱਸੇ ਭੇਤ ਤੋਂ ਬਾਅਦ ਯੁੱਧ ਵਿਚ ਸ੍ਰੀ ਰਾਮ ਚੰਦਰ, ਲਛਮਣ ਅਤੇ ਵਾਨਰ ਸੈਨਾ ਵੱਲ ਛੱਡੇ ਤੀਰਾਂ ਦੀ ਮਾਰ ਕਾਰਨ ਲੰਕਾ ਦਾ ਰਾਜਾ ਰਾਵਣ ਆਪਣੇ ਅਨੇਕਾਂ ਸਬੰਧੀਆਂ ਸਮੇਤ ਮਾਰਿਆ ਗਿਆ ਸੀ। ਦੁਸਹਿਰੇ ਤਿਉਹਾਰ ਤੋਂ ਅਸੀਂ ਇਹ ਸਿੱਖਿਆ ਗ੍ਰਹਿਣ ਕਰ ਸਕਦੇ ਹਾਂ ਕਿ ਬੁਰਾਈ ਦਾ ਅੰਤ ਬਹੁਤ ਹੀ ਮਾੜਾ ਨਿੱਕਲਦਾ, ਜਦੋਂ ਕਿ ਸੱਚ ਨੂੰ ਨਾ ਪਾਣੀ ਡੁਬੋ ਸਕਦਾ ਤੇ ਨਾ ਹੀ ਅੱਗ ਸਾੜ ਸਕਦੀ ਹੈ।

ਇਸ ਤਿਉਹਾਰ ਦੀ ਮਹੱਤਤਾ ਕਈ ਕਾਰਨਾਂ ਕਰਕੇ ਵੀ ਵਿਸ਼ੇਸ ਤੌਰ ’ਤੇ ਮੰਨੀ ਜਾਂਦੀ ਹੈ, ਕਿਉਂਕਿ ਇਸ ਤਿਉਹਾਰ ਤੋਂ ਪਹਿਲਾਂ ਆਉਣ ਵਾਲੇ 9 ਨਰਾਤਿਆਂ ਦੇ ਦਿਨਾਂ ਦੌਰਾਨ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ’ਤੇ ਹੋਣ ਵਾਲੀ ਰਾਮਲੀਲਾ, ਜਿਸ ਵਿਚ ਦਿਖਾਏ ਜਾਣ ਵਾਲੇ ਦ੍ਰਿਸ਼ ਭਾਵੇਂ ਅਸਲੀ ਤਾਂ ਨਹੀਂ ਹੁੰਦੇ, ਪਰ ਰਾਮਲੀਲਾ ਵਿਚ ਦਿਖਾਏ ਦ੍ਰਿਸ਼ਾਂ ਤੋਂ ਮਿਲਦੀ ਚੰਗੀ ਸਿੱਖਿਆ ਦਾ ਅਸਰ, ਮਾਪਿਆਂ ਦਾ ਆਗਿਆਕਾਰ ਹੋਣਾ, ਗੁਰੂ-ਭਗਤੀ, ਮਾਤਾ-ਪਿਤਾ ਦੀ ਸੇਵਾ ਕਰਨਾ, ਆਦਿ ਗੁਣ ਬੱਚਿਆਂ ਦੇ ਦਿਲਾਂ ਵਿਚ ਉਤਪੰਨ ਹੁੰਦੇ ਹਨ। ਰਾਮਲੀਲਾ ਵਿਚ ਰਾਵਣ ਦਾ ਬੁਰਾ ਅੰਤ ਦੇਖ ਕੇ ਸਮਾਜ ਦੇ ਅਣਗਿਣਤ ਲੋਕ ਆਪਣੇ ਵੱਲੋਂ ਕੀਤੇ ਮਾੜੇ ਕੰਮਾਂ ਲਈ ਆਪਣੇ-ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹਨ, ਤੋਂ ਇਲਾਵਾ ਨਵੀਂ ਪੀੜ੍ਹੀ ਪੁਰਾਤਨ ਘਟਨਾਵਾਂ ਤੋਂ ਜਾਣੂ ਹੁੰਦੀ ਹੈ।

ਸ਼ੁੱਧਤਾ ਅਤੇ ਆਪਸੀ ਪਿਆਰ ਦੇ ਨਜ਼ਰੀਏ ਤੋਂ ਵੀ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾ ਸਕਦਾ ਹੈ। ਦੁਸਹਿਰਾ ਸਾਨੂੰ ਸਾਡੀ ਭਾਰਤੀ ਪਰੰਪਰਾ, ਮਾਣ ਅਤੇ ਸੱਭਿਆਚਾਰ ਤੋਂ ਵੀ ਜਾਣੂ ਕਰਾਉਂਦਾ ਹੈ। ਬਹਾਦਰੀ ਅਤੇ ਭਾਵਨਾਵਾਂ ਨਾਲ ਜੁੜਿਆ ਇਹ ਤਿਉਹਾਰ ਸਾਨੂੰ ਰਾਸ਼ਟਰੀ ਏਕਤਾ ਅਤੇ ਜ਼ਾਲਮਾਂ ਵਿਰੁੱਧ ਡਟਣ ਦਾ ਸੰਕੇਤ ਵੀ ਦਿੰਦਾ ਹੈ।

ਹਜ਼ਾਰਾਂ ਸਾਲ ਬੀਤਣ ’ਤੇ ਵੀ ਲੰਕਾਪਤੀ ਰਾਜੇ ਰਾਵਣ ਦੀ ਬੁਰਾਈ ਨੇ ਉਸ ਦਾ ਪਿੱਛਾ ਨਹੀਂ ਛੱਡਿਆ, ਜਿਸ ਕਰਕੇ ਦੁਨੀਆਂ ਭਰ ਵਿਚ ਉਸ ਦੇ ਦਿਉ ਕੱਦ ਪੁਤਲਿਆਂ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੈ। ਕੀ ਅੱਜ ਸਮਾਜ ਅੰਦਰੋਂ ਬੁਰਾਈ ਦਾ ਖਾਤਮ ਹੋ ਗਿਆ ਹੈ? ਦੇਖਣ ਵਿਚ ਆਉਂਦਾ ਕਿ ਰੋਜ਼ਾਨਾ ਹੋਣ ਵਾਲੇ ਜ਼ਬਰ ਜਿਨਾਹ, ਕੰਨਿਆ ਭਰੂਣ ਹੱਤਿਆ, ਕਤਲੋਗਾਰਤ, ਸਾਜਿਸ਼ਾਂ, ਰੰਜਿਸ਼ਾਂ, ਈਰਖਾ, ਨਫਰਤ, ਰਿਸ਼ਵਤਖੋਰੀ ਵਰਗੀਆਂ ਹੋਰ ਵੀ ਅਨੇਕਾਂ ਸਮਾਜਿਕ ਕੁਰੀਤੀਆਂ ਲਈ ਜਿੰਮੇਵਾਰ ਲੋਕਾਂ ਨੂੰ ਸਫੈਦਪੋਸ਼ਾਂ ਵੱਲੋਂ ਕਿਸ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕਰਕੇ ਸਮਾਜ ਅੰਦਰ ਬੁਰਾਈ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਰਿਹਾ। ਸਾਡੀਆਂ ਬੇਟੀਆਂ, ਮਾਵਾਂ, ਭੈਣਾਂ ਸਮਾਜ ਵਿਚ ਫੈਲੀ ਗੁੰਡਾਗਰਦੀ ਤੋਂ ਕਿੰਨੀਆਂ ਕੁ ਸੁਰੱਖਿਅਤ ਹਨ,

ਇਹ ਗੱਲ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ। ਅਸੀਂ ਰਾਵਣ ਵੱਲੋਂ ਹਜ਼ਾਰਾਂ ਸਾਲ ਪਹਿਲਾਂ ਕੀਤੀ ਬੁਰਾਈ ਨੂੰ ਅੱਜ ਤੱਕ ਨਹੀਂ ਭੁੱਲੇ, ਹਰ ਸਾਲ ਉਸ ਦਾ ਪੁਤਲਾ ਫੂਕਦੇ ਹਾਂ, ਤੇ ਜੋ ਬੁਰਾਈਆਂ ਸਾਡੇ ਆਪਣੇ ਅੰਦਰ ਅਤੇ ਸਿਸਟਮ ਵਿਚ ਹਨ, ਉਨ੍ਹਾਂ ਦੇ ਪੁਤਲੇ ਅਸੀਂ ਕਦੋਂ ਫੂਕਾਂਗੇ, ਇਸ ’ਤੇ ਸਾਨੂੰ ਡੂੰਘੀ ਸੋਚ-ਵਿਚਾਰ ਕਰਨੀ ਚਾਹੀਦੀ ਹੈ।

ਹਰ ਤਿਉਹਾਰ ਸਾਨੂੰ ਸਮਾਜਿਕ ਬੁਰਾਈਆਂ ਦਾ ਦਿਲੋਂ ਇਮਾਨਦਾਰੀ ਨਾਲ ਤਿਆਗ ਕਰਕੇ ਸਮਾਜ ਵਿਚ ਚੰਗੇ ਨਾਗਰਿਕ ਬਣ ਕੇ ਰਹਿਣ ਲਈ ਪ੍ਰੇਰਿਤ ਕਰਦਾ, ਪਰ ਇਸ ਲਈ ਮੌਕੇ ਦੀਆਂ ਸਰਕਾਰਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੋਣਾ ਚਾਹੀਦਾ ਹੈ ਪਰ ਜੇਕਰ ਸਰਕਾਰਾਂ ਆਪਣੀ ਬਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਹੀਂ ਨਿਭਾਉਂਦੀਆਂ ਤਾਂ ਫਿਰ ਸਮਾਜ ਦਾ ਸੁਧਾਰ ਕਿਵੇਂ ਹੋਵੇਗਾ। ਫਿਰ ਤਾਂ ਸਮਾਜ ਵਿਚ ਅਫਰਾ-ਤਫਰੀ ਫੈਲੇਗੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਜਾਇਜ਼ ਹੱਕ ਵੀ ਨਹੀਂ ਮਿਲ ਸਕਣਗੇ।

ਇਹੀ ਕੁਝ ਮਾਹੌਲ ਅੱਜ ਦੇਸ਼ ਅੰਦਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਸਰਕਾਰੀ ਤਾਕਤ ਦੇ ਜ਼ੋਰ ’ਤੇ ਸ਼ਾਂਤਮਈ ਤਰੀਕੇ ਨਾਲ ਇਨਸਾਫ ਮੰਗਦੇ ਲੋਕਾਂ ਨੂੰ ਪਹਿਲਾਂ ਧਮਕੀਆਂ ਦੇ ਕੇ ਡਰਾਇਆ-ਧਮਕਾਇਆ ਜਾਂਦਾ ਤੇ ਫਿਰ ਪਿਛਲੇ ਪਾਸਿਓਂ ਗੱਡੀਆਂ ਚੜ੍ਹਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ। ਅਜਿਹੇ ਕਾਰੇ ਵਰਤਾਉਣ ਵਾਲੇ ਸਮਾਜ ਦੇ ਗੁੰਡਿਆਂ ਨੂੰ ਕਾਨੂੰਨ ਦੀ ਸਖ਼ਤ ਸਜਾ ਤੋਂ ਬਚਾਉਣ ਲਈ ਸਰਕਾਰੀ ਤੰਤਰ ਨੂੰ ਵਰਤਿਆ ਜਾਂਦਾ।

ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇਨਸਾਫ ਲੈਣ ਲਈ ਕਿਸ ਤਰ੍ਹਾਂ ਸੰਘਰਸ਼ ਕਰਨਾ ਪੈ ਰਿਹਾ, ਇਨਸਾਫ ਤੋਂ ਵਾਂਝੇ ਲੋਕਾਂ ਨੂੰ ਇਹ ਐਲਾਨ ਕਰਨੇ ਪੈ ਰਹੇ ਹਨ ਕਿ ਉਹ ਹੁਣ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਨਹੀਂ, ਸਗੋਂ ਸਰਮਾਏਦਾਰੀ, ਸਰਕਾਰੀ ਸਿਸਟਮ ਤੇ ਸਰਕਾਰ ਦੇ ਪੁਤਲੇ ਫੂਕਣਗੇ। ਸੋ ਖਾਸਕਰ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਭਾਰਤੀ ਲੋਕਤੰਤਰ ਤਹਿਤ ਤਿਉਹਾਰਾਂ ਸਮੇਂ ਇਹ ਐਲਾਨ ਕਰਨੇ ਚਾਹੀਦੇ ਹਨ, ਉਹ ਦੇਸ਼ ਦੀ ਤਰੱਕੀ ਕਰਨ ਦੇ ਨਾਲ-ਨਾਲ ਸਮਾਜ ਵਿਚੋਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਹੀ ਦਮ ਲੈਣਗੇ। ਇਸ ਤੋਂ ਬਾਅਦ ਹੀ ਅਸੀਂ ਤਿਉਹਾਰਾਂ ਦੇ ਅਸਲ ਮਨੋਰਥ ਨੂੰ ਹਾਸਲ ਕਰ ਸਕਦੇ ਹਾਂ।
ਸ੍ਰੀ ਮੁਕਤਸਰ ਸਾਹਿਬ
ਮੋ. 98726-00923
ਮੇਵਾ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here