ਈਦ ਮੌਕੇ ਅਮਰਿੰਦਰ ਸਿੰਘ ਨੇ ਦਿੱਤਾ ਕਸ਼ਮੀਰੀ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ, ਦਿੱਤਾ ਪੁਖਤਾ ਸੁਰੱਖਿਆ ਦਾ ਪੂਰਾ ਭਰੋਸਾ

Amarinder Singh, Lunch, Kashmiri Students, Eid, Full Assurance Security

ਈਦ ਮੌਕੇ ਘਰ ਵਰਗਾ ਅਹਿਸਾਸ ਕਰਵਾਉਣ ਲਈ ਪੰਜਾਬ ‘ਚ ਕਸ਼ਮੀਰੀ ਵਿਦਿਆਰਥੀਆਂ ਦੀ ਮੇਜ਼ਬਾਨੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ ਅੱਜ ਦਿਲ ਨੂੰ ਛੂਹ ਜਾਣ ਵਾਲੇ ਪਲ ਸਨ। ਉਹ ਇਹ ਉਮੀਦ ਪਾਲੀ ਬੈਠੇ ਸਨ ਕਿ ਇਸ ਸਾਲ ਈਦ-ਉਲ-ਜ਼ੁਹਾ ਦਾ ਤਿਉਹਾਰ ਆਪਣੇ ਪਰਿਵਾਰਾਂ ਤੋਂ ਦੂਰ ਇਕੱਲਿਆਂ ਹੀ ਮਨਾਉਣਗੇ ਕਿਉਂਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਹ ਆਪਣੇ ਮਾਪਿਆਂ ਕੋਲ ਨਹੀਂ ਜਾ ਸਕਣਗੇ ਪਰ ਇੱਥੇ ਉਨ੍ਹਾਂ ਨੂੰ ਹੈਰਾਨ ਕਰਨ ਵਾਲੀ ਖੁਸ਼ੀ ਮਿਲੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਵਨ ਵਿਖੇ ਦੁਪਹਿਰ ਦੇ ਖਾਣੇ ਦਾ ਸੱਦਾ ਪੱਤਰ ਦੇ ਕੇ ਇਸ ਮੌਕੇ ਨੂੰ ਖੁਸ਼ੀਆਂ ਨਾਲ ਭਰ ਦਿੱਤਾ ਤੇ ਉਨ੍ਹਾਂ ਨੂੰ ਘਰ ਵਰਗਾ ਅਹਿਸਾਸ ਕਰਵਾਇਆ। ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਲਗਭਗ 125 ਵਿਦਿਆਰਥੀਆਂ ਨੂੰ ਮੁਹੱਬਤ ਤੇ ਅਪਣੱਤ ਭਰੀ ਮਹਿਕ ਦਾ ਨਿੱਘ ਮਿਲਿਆ ਕਿਉਂਕਿ ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਾਥੀਆਂ ਨਾਲ ਇਸ ਪਵਿੱਤਰ ਤਿਉਹਾਰ ਦੇ ਸਤਿਕਾਰ ਵਜੋਂ ਉਨ੍ਹਾਂ ਦੀ ਮੇਜ਼ਬਾਨੀ ਦਾ ਫੈਸਲਾ ਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ ਵਿੱਚ ਹਾਲਾਤ ਛੇਤੀ ਸੁਧਾਰ ਜਾਣ ਦਾ ਵਿਸ਼ਵਾਸ ਹੈ। ਉਨ੍ਹਾਂ ਨੇ ਵਾਦੀ ਵਿੱਚ ਸਥਿਤੀ ਆਮ ਵਾਂਗ ਹੋਣ ਦੀ ਕਾਮਨਾ ਨਾਲ ਨੌਜਵਾਨਾਂ ਨੂੰ ਵਧਾਈ ਦਿੱਤੀ। ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਹਿਫਾਜ਼ਤ ਦਾ ਭਰੋਸਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਬੇਸ਼ਕ ‘ਅਸੀਂ ਤੁਹਾਡੇ ਪਰਿਵਾਰਾਂ ਦੀ ਥਾਂ ਤਾਂ ਨਹੀਂ ਲੈ ਸਕਦੇ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਪਰਿਵਾਰ ਹੀ ਸਮਝੋਗੇ।’

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਇਸ ਤਿਉਹਾਰ ਦੀਆਂ ਖੁਸ਼ੀਆਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਜਾਣ। ਮੁੱਖ ਮੰਤਰੀ ਦੀਆਂ ਭਾਵਨਾਵਾਂ ਦੇ ਜਵਾਬ ਵਿੱਚ ਵਿਦਿਆਰਥੀਆਂ ਨੇ ਕਿਹਾ ਕਿ ਉਹ ਵੀ ਪੰਜਾਬ ਨੂੰ ਆਪਣਾ ਦੂਜਾ ਘਰ ਮੰਨਦੇ ਹਨ, ਜਿੱਥੇ ਉਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਵੀ ਆਪਣੇ ਆਪ ਨੂੰ ਹਮੇਸ਼ਾ ਮਹਿਫੂਜ਼ ਸਮਝਿਆ। ਇਸ ਮੌਕੇ ਇੱਕ ਵਿਦਿਆਰਥੀ ਫੈਕ ਸਲੇਮ ਨੇ ਕਿਹਾ ‘ਅਸੀਂ ਇਹ ਦੇਖਿਆ ਕਿ ਪੰਜਾਬੀ ਫਰਾਖ਼ਦਿਲ ਹੁੰਦੇ ਹਨ।’ ਹਫ਼ੀਜ਼ ਨੇ ਕਿਹਾ ‘ਅੱਜ ਇੱਥੇ ਬੁਲਾਉਣ ‘ਤੇ ਸਾਨੂੰ ਸਾਡੇ ਪਰਿਵਾਰਾਂ ਦੀ ਯਾਦ ਦਿਵਾਈ। ਉਨ੍ਹਾਂ ਮੰਨਿਆ ਕਿ ਸੱਦਾ ਮਿਲਣ ਤੱਕ ਉਹ ਈਦ ਮੌਕੇ ਘਰ ਨਾ ਜਾਣ ਕਰਕੇ ਆਪਣੇ ਆਪ ਨੂੰ ਇਕੱਲਿਆ ਮਹਿਸੂਸ ਕਰ ਰਹੇ ਸਨ।

ਇਸ ਮੌਕੇ ਪਿਆਰ ਤੇ ਸਤਿਕਾਰ ਵਜੋਂ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਫਾਈਨ ਆਰਟਸ ਦੇ ਕਸ਼ਮੀਰੀ ਵਿਦਿਆਰਥੀ ਅਬਦੁੱਲ ਆਜ਼ਾਦ ਵੱਲੋਂ ਬਣਾਇਆ ਚਿੱਤਰ ਮੁੱਖ ਮੰਤਰੀ ਨੂੰ ਭੇਂਟ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮਠਿਆਈ ਵੰਡ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਅੱਜ ਦੇ ਇਸ ਸਮਾਗਮ ‘ਚ ਚੰਡੀਗੜ੍ਹ ਯੂਨੀਵਰਸਿਟੀ, ਸੀਜੀਸੀ ਝੰਜਹੇੜੀ ਤੇ ਲਾਂਡਰਾ, ਚਿੱਤਕਾਰਾ ਯੂਨੀਵਰਸਿਟੀ, ਐੱਸ. ਵੀ. ਆਈ. ਈ. ਟੀ. ਯੂਨੀਵਰਸਿਟੀ ਬਨੂੜ, ਸੀ. ਟੀ. ਯੂਨੀਵਰਸਿਟੀ ਲੁਧਿਆਣਾ, ਲਵਲੀ ਯੂਨੀਵਰਸਿਟੀ ਤੇ ਸਵਿੱਫਟ ਕਾਲਜ ਰਾਜਪੁਰਾ ਤੋਂ ਕਸ਼ਮੀਰੀ ਵਿਦਿਆਰਥੀ ਸ਼ਾਮਲ ਹੋਏ।