ਇਸ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 14 ਹੋਈ, ਪ੍ਰਸ਼ਾਸਨ ਹੋਇਆ ਚੌਕਸ

Dengue Patients

ਮਲੋਟ (ਮਨੋਜ)। ਸਿਹਤ ਵਿਭਾਗ ਵੱਲੋਂ ਡਾ. ਰੀਟਾ ਬਾਲਾ ਸਿਵਲ ਸਰਜਨ ਅਤੇ ਡਾ. ਵਰੁਣ ਵਰਮਾ ਜਿਲ੍ਹਾ ਐਪੀਡੀਮੋਲੋਜਿਸਟ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਡੇਂਗੂ ਅਤੇ ਮਲੇਰੀਆ ਵਿਰੋਧੀ ਗਤੀਵਿਧੀਆਂ (Dengue Patients) ਅਤੇ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਡਾ ਰੀਟਾ ਬਾਲਾ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਮਾਨਯੋਗ ਡਿਪਟੀ ਕਮਿਸਨਰ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡੇਂਗੂ ਵਿਰੋਧੀ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 14 ਕੇਸ ਹੀ ਰਿਪੋਰਟ ਹਨ ਜੋ ਠੀਕ ਹਨ।

ਉਨ੍ਹਾਂ ਕਿਹਾ ਕਿ ਘਰਾਂ ਦੇ ਅੰਦਰ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਮੱਛਰ ਪੈਦਾ ਨਾ ਹੋ ਸਕਣ। ਟੀਮਾਂ ਵੱਲੋਂ ਘਰ-ਘਰ ਜਾ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਜਾਗਰੂਕ ਕਰਨ ਲਈ ਪੈਂਫਲਿਟ ਵੰਡੇ ਗਏ ਅਤੇ ਲੋਕਾਂ ਨੂੰ ਘਰਾਂ ਵਿੱਚ ਅਤੇ ਘਰਾਂ ਦੇ ਆਸ-ਪਾਸ ਪਾਣੀ ਜਮ੍ਹਾ ਨਾ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਵਰੁਣ ਵਰਮਾ ਜ਼ਿਲ੍ਹਾ ਐਪੀਡੀਮੋਲੋਜਿਸਟ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਵਿਚ ਭਾਗ ਲੈਂਦੇ ਹੋਏ ਹਰ ਸ਼ੁੱਕਰਵਾਰ ਨੂੰ ਪਾਣੀ ਸਟੋਰ ਕਰਨ ਵਾਲੇ ਬਰਤਨਾਂ ਨੂੰ ਇੱਕ ਵਾਰ ਸੁਕਾ ਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਵੇ।

ਦਿਨ ਵੇਲੇ ਕੱਟਦਾ ਹੈ ਮੱਛਰ | Dengue Patients

ਉਨ੍ਹਾਂ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਡੇਂਗੂ ਬੁਖਾਰ ਏਡੀਜ ਅਜੈਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਸਾਰਿਆਂ ਨੂੰ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸਟ ਕਰਨਾ ਚਾਹੀਦਾ ਹੈ। ਘਰਾਂ ਵਿੱਚ ਵਾਧੂ ਬਰਤਨ ਜਿਵੇਂ ਟਾਇਰ, ਟੁੱਟੇ ਘੜੇ ਅਤੇ ਗਮਲੇ ਵਿੱਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ। ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ, ਸਾਰੇ ਸਰੀਰ ਨੂੰ ਢੱਕਦੇ ਕੱਪੜੇ ਪਾਓ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਘਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ।

ਇਸ ਸਮੇਂ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਤੇ ਭਗਵਾਨ ਦਾਸ ਅਤੇ ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਅਤੇ ਮਲੇਰੀਆ ਦੇ ਕੋਈ ਲੱਛਣ ਜਿਵੇਂ ਤੇਜ਼ ਬੁਖਾਰ ਹੋਣਾ, ਸਿਰ ਦਰਦ, ਅੱਖਾਂ, ਜੋੜਾਂ ਅਤੇ ਸਰੀਰ ਵਿੱਚ ਦਰਦ, ਭੁੱਖ ਘੱਟ ਲੱਗਣਾ ਆਦਿ ਲੱਛਣ ਆਉਣ ਤਾਂ ਨੇੜੇ ਦੇ ਸਿਵਲ ਹਸਪਤਾਲ ਵਿਚ ਜਾ ਕੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ ਅਤੇ ਡੇਂਗੂ ਪਾਜੇਟਿਵ ਆਉਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਸੰਪੂਰਨ ਇਲਾਜ ਕਰਵਾਇਆ ਜਾਵੇਮਲੇਰੀਆ ਅਤੇ ਡੇਂਗੂ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ ਇਸ ਮਕੇ ਮਨਜੀਤ ਸਿੰਘ, ਕੇਵਲ ਸਿੰਘ, ਬਲਜਿੰਦਰ ਸਿੰਘ ਸਿਹਤ ਵਰਕਰ ਅਤੇ ਬ੍ਰੀਡਿੰਗ ਚੈਕਰ ਹਾਜਰ ਸਨ।