ਕਿਹਾ: ਨਰੇਗਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਵਰਕਰਾਂ ਤੋਂ ਲਏ 100-100 ਰੁਪਏ
ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ: ਨਰੇਗਾ ਵਰਕਰਾਂ ਵੱਲੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਜਿੱਥੇ ਦਿਨ ਭਰ ਹੱਡ ਭੰਨਵੀਂ ਮਿਹਨਤ ਕੀਤੀ ਜਾਂਦੀ ਹੈ, ਉੱਥੇ ਹੀ ਕੁਝ ਵਿਅਕਤੀਆਂ ਵੱਲੋਂ ਜੱਥੇਬੰਦੀਆਂ ਬਣਾ ਕਿ ਇਨ੍ਹਾਂ ਮਜ਼ਦੂਰਾਂ ਦੀ ਕਥਿਤ ਤੌਰ ‘ਤੇ ਵੱਡੇ ਪੱਧਰ ‘ਤੇ ਲੁੱਟ ਕੀਤੀ ਜਾ ਰਹੀ ਹੈ ।
ਅਜਿਹਾ ਹੀ ਮਾਮਲਾ ਪਿੰਡ ਕੋਟਲੀ ਸੰਘਰ ‘ਚ ਸਾਹਮਣੇ ਆਇਆ ਜਿੱਥੋਂ ਦੇ ਨਰੇਗਾ ਵਰਕਰਾਂ ਨੇ ਨਰੇਗਾ ਵਰਕਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਾਲਾ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਗੁਰਮੀਤ ਕੌਰ ਮਹਿਣਾ ‘ਤੇ ਪ੍ਰਤੀ ਵਰਕਰ 100-100 ਰੁਪਏ ਲੈਣ ਦੇ ਦੋਸ਼ ਲਾਏ ਹਨ
ਪਿੰਡ ਕੋਟਲੀ ਸੰਘਰ ਨਿਵਾਸੀ ਗੁਰਨੈਬ ਸਿੰਘ ਪੱਪੀ, ਦਵਿੰਦਰ ਸਿੰਘ, ਤੋਤੀ ਸਿੰਘ, ਗੁਰਮੀਤ ਸਿੰਘ, ਬਲਕਰਨ ਸਿੰਘ, ਹਰਜੀਤ ਕੌਰ, ਗੁਰਬਿੰਦਰ ਸਿੰਘ, ਬਲਦੇਵ ਸਿੰਘ ਅਤੇ ਜੁਗਰਾਜ ਸਿੰਘ ਆਦਿ ਨੇ ਦੱਸਿਆ ਕਿ ਕਾਲਾ ਸਿੰਘ ਤੇ ਗੁਰਮੀਤ ਕੌਰ ਨੇ 15-10-2015 ਨੂੰ ਪਿੰਡ ਦੇ 32 ਨਰੇਗਾ ਵਰਕਰਾਂ ਨੂੰ ਕੰਮ ਦਿਵਾਉਣ ਅਤੇ ਯੂਨੀਅਨ ਦੇ ਕਾਰਡ ਬਣਾਉਣ ਦੇ ਨਾਂ ‘ਤੇ 3600 ਰੁਪਏ ਲਏ ਸਨ ਅਤੇ ਨਰੇਗਾ ਵਰਕਰਾਂ ਨੂੰ ਇਹ ਯਕੀਨ ਦੁਆਇਆ ਸੀ ਕਿ ਤੁਹਾਨੂੰ ਜੇਕਰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਯੂਨੀਅਨ ਹਰ ਵਰਕਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇਗੀ
ਨਾਲ ਹੀ ਉਨ੍ਹਾਂ ਵਰਕਰਾਂ ਨੂੰ ਯੂਨੀਅਨ ਦੇ ਮੈਂਬਰਸ਼ਿਪ ਕਾਰਡ ਬਣਾ ਕੇ ਦੇਣ ਦਾ ਵੀ ਯਕੀਨ ਦਵਾਇਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਕਾਲਾ ਸਿੰਘ ਅਤੇ ਗੁਰਮੀਤ ਕੌਰ ਵੱਲੋਂ ਪਿੰਡ ਦੇ 50 ਨਰੇਗਾ ਵਰਕਰਾਂ ਨੂੰ ਵਾਟਰ ਵਰਕਸ ‘ਤੇ ਨਰੇਗਾ ਦਾ ਕੰਮ ਦਵਾਇਆ ਗਿਆ ਸੀ ਪਰ ਉਸ ਕੀਤੇ ਕੰਮ ਦੀ ਹਾਜ਼ਰੀ ਨਾ ਪੈਣ ਕਾਰਨ ਵਰਕਰਾਂ ਨੂੰ ਮਿਹਨਤਾਨਾ ਨਹੀਂ ਮਿਲਿਆ। ਪਿੰਡ ਕੋਟਲੀ ਸੰਘਰ ਨਿਵਾਸੀ ਉਕਤ ਵਿਅਕਤੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੱਥੇਬੰਦੀ ਦੇ ਨਾਂ ‘ਤੇ ਵਰਕਰਾਂ ਨੂੰ ਠੱਗਣ ਵਾਲੇ ਲੋਟੂ ਟੋਲਿਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।
ਕੌਮੀ ਪ੍ਰਧਾਨ ਨੂੰ ਜਮ੍ਹਾ ਕਰਵਾ ਦਿੱਤੇ ਹਨ ਪੈਸੇ
ਇਸ ਸਬੰਧੀ ਜਦ ਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਮੀਤ ਮਹਿਣਾ ਵੱਲੋਂ ਮੈਂਬਰਸ਼ਿਪ ਦੇ ਕਾਰਡਾਂ ਲਈ ਨਰੇਗਾ ਵਰਕਰਾਂ ਤੋਂ ਪੈਸੇ ਇਕੱਤਰ ਕੀਤੇ ਗਏ ਸੀ ਅਤੇ ਉਹ ਪੈਸੇ ਉਨ੍ਹਾਂ ਨੇ ਨਰੇਗਾ ਵਰਕਰਜ਼ ਯੂਨੀਅਨ ਦੇ ਕੌਮੀ ਪ੍ਰਧਾਨ ਜੈ ਸਿੰਘ ਕੋਲ ਫਿਲੌਰ ਸਥਿਤ ਦਫ਼ਤਰ ਵਿਖੇ ਜਮ੍ਹਾਂ ਕਰਵਾ ਦਿੱਤੇ ਸਨ
ਪੈਸਿਆਂ ਦੀਆਂ ਰਸੀਦਾਂ ਵੀ ਕੱਟ ਕੇ ਵਰਕਰਾਂ ਨੂੰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਕਾਰਡ ਬਣਾਉਣ ਲਈ ਵਰਕਰਾਂ ਤੋਂ ਇੱਕ-ਇੱਕ ਫੋਟੋ ਅਤੇ ਰਸੀਦ ਦੀ ਫੋਟੋ ਕਾਪੀ ਮੰਗੀ ਹੈ ਤਾਂ ਕਿ ਕਾਰਡ ਬਣਾਏ ਜਾ ਸਕਣ ਪਰ ਅਜੇ ਤੱਕ ਵਰਕਰਾਂ ਵੱਲੋਂ ਆਪਣੀ ਫੋਟੋ ਤੇ ਰਸੀਦ ਦੀ ਫੋਟੋ ਕਾਪੀ ਨਹੀਂ ਦਿੱਤੀ ਗਈ ਹੈ। ਨਰੇਗਾ ਦੇ ਦੁਆਏ ਕੰਮ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਟਰ ਵਰਕਸ ‘ਤੇ ਕੰਮ ਨਹੀਂ ਦੁਆਇਆ ਗਿਆ ਇਹ ਕੰਮ ਨਰੇਗਾ ਵਰਕਰਾਂ ਨੇ ਆਪਣੀ ਮਰਜ਼ੀ ਨਾਲ ਹੀ ਕੀਤਾ ਹੈ। ਉਨ੍ਹਾਂ ਕਿਹਾ ਉਹ ਕੰਮ ਦੇ ਪੈਸੇ ਦਵਾਉਣ ਲਈ ਮਜ਼ਦੂਰਾਂ ਦੇ ਨਾਲ ਖੜ੍ਹ ਕੇ ਸੰਘਰਸ਼ ਤਾਂ ਕਰ ਸਕਦੇ ਹਾਂ ਪਰ ਪੈਸੇ ਤਾਂ ਸਬੰਧਿਤ ਵਿਭਾਗ ਨੇ ਹੀ ਦੇਣੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।