ਹੁਣ ਪਟਿਆਲਾ ’ਚ ਜੇਲ੍ਹ ਦੇ ਕੈਦੀ ਪਾਉਣਗੇ ਗੱਡੀਆਂ ’ਚ ਤੇਲ

Patiala News
ਪਟਿਆਲਾ : ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਪੈਟਰੋਲ ਪੰਪ ਦੀ ਸ਼ੁਰੂਆਤ ਕਰਵਾਉਂਦੇ ਹੋਏ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਪੈਟਰੋਲ ਪੰਪ ਦੀ ਸ਼ੁਰੂਆਤ (Patiala News)

  • ਸੂਬੇ ਦੀਆਂ 12 ਜੇਲ੍ਹਾਂ ਦੇ ਬਾਹਰ ਲਗਾਏ ਜਾ ਰਹੇ ਨੇ ਪੈਟਰੋਲ ਪੰਪ : ਚੀਮਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ’ਚ ਹੁਣ ਜੇਲ੍ਹ ਦੇ ਕੈਦੀ ਰਾਹਗੀਰਾਂ ਦੀਆਂ ਗੱਡੀਆਂ ਵਿੱਚ ਤੇਲ ਪਾਉਂਦੇ ਨਜ਼ਰ ਆਉਣਗੇ। ਜੇਲ੍ਹ ਦੇ ਬਾਹਰ ਲੱਗੇ ਇਸ ਪੈਟਰੋਲ ਪੰਪ (Petrol Pump) ’ਤੇ ਉਹ ਹੀ ਕੈਦੀ ਆਪਣੀ ਡਿਊਟੀ ਨਿਭਾਉਣਗੇ, ਜਿਨ੍ਹਾਂ ਦਾ ਜੇਲ੍ਹ ਅੰਦਰ ਚੰਗਾ ਆਚਰਨ ਹੈ। ਜੇਲ੍ਹ ਦੇ ਬਾਹਰ ਖੁੱਲੇ ਇੰਡੀਅਲ ਆਇਲ ਕਾਰਪੋਰੇਸ਼ਨ ਦੇ ਇਸ ਪੈਟਰੋਲ ਪੰਪ ਦਾ ਉਦਘਾਟਨ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤਾ ਗਿਆ। (Patiala News)

ਪੈਟਰੋਲ ਪੰਪ ਲੱਗਣ ਨਾਲ ਜੇਲ੍ਹ ਵਿਭਾਗ ਦੇ ਰੈਵੀਨਿਊ ਵਿੱਚ ਵਾਧਾ ਹੋਵੇਗਾ

ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਲੜੀ ਤਹਿਤ ਪੰਜਾਬ ਦੀਆਂ ਜੇਲ੍ਹਾਂ ਅੰਦਰ ਜਿਥੇ ਕੈਦੀਆਂ ਦੇ ਕੰਮ ਕਰਨ ਲਈ ਨਵੀਂ ਮਸ਼ੀਨਰੀ ਲਗਾਉਣ ਦਾ ਕੰਮ ਜਾਰੀ ਹੈ, ਉਥੇ ਹੀ ਸੂਬੇ ਅੰਦਰ ਜੇਲ੍ਹਾਂ ਦੇ ਬਾਹਰ 12 ਪੈਟਰੋਲ ਪੰਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਲੁਧਿਆਣਾ, ਰੂਪਨਗਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿਖੇ 4 ਪੈਟਰੋਲ ਪੰਪ ਲਗਾਏ ਜਾ ਚੁੱਕੇ ਹਨ ਅਤੇ ਅੱਜ ਪੰਜਵਾਂ ਪੈਟਰੋਲ ਪੰਪ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਲੱਗਣ ਨਾਲ ਜੇਲ੍ਹ ਵਿਭਾਗ ਦੇ ਰੈਵੀਨਿਊ ਵਿੱਚ ਵਾਧਾ ਹੋਵੇਗਾ ਅਤੇ ਇਹ ਪੈਸੇ ਜੇਲ੍ਹ ਵਿਭਾਗ ਦੇ ਸੁਧਾਰ ਲਈ ਹੀ ਖਰਚੇ ਜਾਣਗੇ। (Patiala News)

ਇਹ ਵੀ ਪੜ੍ਹੋ : ਅਨੋਖੇ ਢੰਗ ਨਾਲ ਕੇਕ ਬਣਾ ਕੇ ਗਊਆਂ ਨਾਲ ਮਨਾਇਆ ਜਨਮ ਦਿਨ

ਉਨ੍ਹਾਂ ਕਿਹਾ ਕਿ ਪੰਜਾਬ ਜੇਲ੍ਹ ਵਿਕਾਸ ਬੋਰਡ ਅਤੇ ਆਈ.ਓ.ਸੀ. ਵੱਲੋਂ ਚਲਾਏ ਜਾਣ ਵਾਲੇ ਇਸ ਪੈਟਰੋਲ ਪੰਪ (ਉਜਾਲਾ ਫਿਊਲਜ਼) ਨੂੰ ਚੰਗੇ ਆਚਰਣ ਵਾਲੇ ਕੈਦੀਆਂ ਵੱਲੋਂ ਵੀ ਸੰਚਾਲਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਿਸੇ ਨਾ ਕਿਸੇ ਕਾਰਨ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ, ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਰਹਿ ਕੇ ਆਪਣੇ ਵਿੱਚ ਸੁਧਾਰ ਲਿਆਉਣ ਦੇ ਨਾਲ ਨਾਲ ਹੁਣ ਜੇਲ੍ਹ ਵਿਭਾਗ ਦੇ ਉਪਰਾਲੇ ਸਦਕਾ ਜੇਲ੍ਹ ਤੋਂ ਬਾਹਰ ਵੀ ਡਿਊਟੀ ਨਿਭਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕੈਦੀ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰੱਖ ਸਕਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਆਮਦਨ ਵੀ ਹੋਵੇਗੀ। ਚੀਮਾ ਨੇ ਕਿਹਾ ਕਿ ਜੇਲ੍ਹਾਂ ਵਿੱਚ ਕੈਦੀਆਂ ਦੇ ਸਿਹਤ ’ਚ ਸੁਧਾਰ ਲਈ ਵੀ ਕੰਮ ਕੀਤਾ ਜਾ ਰਿਹਾ ਹੈ।

Patiala News
ਪਟਿਆਲਾ : ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਪੈਟਰੋਲ ਪੰਪ ਦਾ ਉਦਘਾਟਨ ਕਰਦੇ ਹੋਏ।

ਪੈਟਰੋਲ ਪੰਪ ’ਤੇ ਤੇਲ ਪਵਾਉਣ ਵਾਲਿਆਂ ਨੂੰ ਮਿਲੇਗੀ ਵਧੇਰੀ ਸਹੂਲਤ

ਇਸ ਮੌਕੇ ਏ.ਡੀ.ਜੀ.ਪੀ. ਜੇਲ੍ਹਾਂ ਅਰੁਨਪਾਲ ਸਿੰਘ ਨੇ ਕਿਹਾ ਕਿ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬਣੇ ਉਜਾਲਾ ਫਿਊਲ ਵਿੱਚ ਤੇਲ ਪਾਉਣ ਲਈ ਅਤਿ ਆਧੁਨਿਕ ਮਸ਼ੀਨਰੀ ਲਗਾਈ ਗਈ ਹੈ ਅਤੇ ਪੈਟਰੋਲ ਪੰਪ ਨਾਲ ਕੈਫੇ, ਬੈਕਰੀ ਅਤੇ ਰੀਟੇਲ ਆਊਟਲੈਟ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਉੱਪਰ ਤੇਲ ਪਵਾਉਣ ਵਾਲਿਆ ਨੂੰ ਉਕਤ ਸਹੂਲਤਾਂ ਵੀ ਹਾਸਲ ਹੋਣਗੀਆਂ। ਇਸ ਮੌਕੇ ਆਈ.ਜੀ. ਜੇਲ੍ਹਾਂ ਰੂਪ ਕੁਮਾਰ ਅਰੋੜਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਡਵੋਕੇਟ ਰਾਹੁਲ ਸੈਣੀ, ਚੀਫ ਜਨਰਲ ਮੈਨੇਜਰ ਆਈ.ਓ.ਸੀ. ਪਿਊਸ਼ ਮਿੱਤਲ, ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ, ਐਸ.ਡੀ.ਐਮ. ਪਟਿਆਲਾ ਇਸਮਤ ਵਿਜੈ ਸਿੰਘ, ਵਧੀਕ ਜੇਲ੍ਹ ਸੁਪਰਡੈਂਟ ਹਰਚਰਨ ਸਿੰਘ ਆਦਿ ਮੌਜੂਦ ਸਨ।