‘ਮਾਸਟਰ ਜੀ’ ਬੇਲੋੜੀਆਂ ਮੀਟਿੰਗਾਂ ਕਾਰਨ ਬੇਚੈਨੀ ‘ਚ
ਸੰਗਰੂਰ, (ਗੁਰਪ੍ਰੀਤ ਸਿੰਘ) ਆਨ ਲਾਈਨ ਪੜ੍ਹਾਈ ਕਾਰਨ ਸਿਰਫ਼ ਸਕੂਲਾਂ ਵਿੱਚ ਪੜ੍ਹਦੇ ਬੱਚੇ ਹੀ ਦੁਖੀ ਨਹੀਂ ਹਨ ਸਗੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦੇ ਅਧਿਆਪਕ ਵੀ ਇਸ ਪ੍ਰਣਾਲੀ ਕਾਰਨ ਬੇਹੱਦ ਨਿਰਾਸ਼ ਹਨ ਸਰਕਾਰੀ ਮਾਸਟਰਾਂ ਦਾ ਮੰਨਣਾ ਹੈ ਏਨੀ ਸਿਰਦਰਦੀ ਤਾਂ ਉਸ ਵੇਲੇ ਨਹੀਂ ਹੁੰਦੀ ਸੀ ਜਦੋਂ ਸਕੂਲ ਖੁੱਲ੍ਹਦੇ ਸੀ, ਆਨ ਲਾਈਨ ਮੀਟਿੰਗਾਂ ਰਾਹੀਂ ਸਿੱਖਿਆ ਵਿਭਾਗ ਨੇ ਅਧਿਆਪਕ ਪੜ੍ਹਨੇ ਪਾ ਛੱਡੇ ਹਨ ਜਾਣਕਾਰੀ ਮੁਤਾਬਕ ਕੋਵਿਡ ਮਹਾਂਮਾਰੀ ਦੌਰਾਨ ਵੱਖ-ਵੱਖ ਵਿਭਾਗੀ ਕੰਮਾਂ ਲਈ ਉੱਚ ਸਿੱਖਿਆ ਅਧਿਕਾਰੀਆਂ ਤੋਂ ਲੈ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਆਨ ਲਾਈਨ ਮੀਟਿੰਗਾਂ ਤੋਂ ਅਧਿਆਪਕ ਵਰਗ ਫਸਿਆ-ਫਸਿਆ ਅਤੇ ਬੈਚੇਨ ਨਜ਼ਰ ਆ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਇੱਕ ਮਾਸਟਰ ਜੀ ਨੇ ਦੱਸਿਆ ਕਿ ਇੱਕੋ ਮੁੱਦੇ ਨੂੰ ਲੈ ਕੇ ਸਿਖਰਲੇ ਅਧਿਕਾਰੀ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਅਧਿਕਾਰੀ ਵਾਰ-ਵਾਰ ਮੀਟਿੰਗਾਂ ਕਰਕੇ ਅਧਿਆਪਕਾਂ ਨੂੰ ‘ਮਾਨਸਿਕ’ ਤੌਰ ‘ਤੇ ਪ੍ਰੇਸ਼ਾਨ ਕਰ ਰਹੇ ਹਨ। ਇਹਨਾਂ ਕੀਤੀਆਂ ਜਾ ਰਹੀਆਂ ਆਨ ਲਾਈਨ ਮੀਟਿੰਗਾਂ ਦੀ ਕੋਈ ਸਮਾਂ ਸਾਰਣੀ ਨਹੀਂ। ਉਨ੍ਹਾਂ ਕਿਹਾ ਕਿ ਇਹਨਾਂ ਵਿਚੋਂ ਕਈ ਮੀਟਿੰਗਾਂ ਤਾਂ ਬਹੁਤ ਲੰਬੇ ਸਮੇਂ ਤੱਕ ਚਲਦੀਆਂ ਰਹਿੰਦੀਆਂ ਹਨ।
ਇੱਕ ਹੋਰ ਅਧਿਆਪਕ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਆਨ-ਲਾਈਨ ਮੀਟਿੰਗਾਂ ਨਿਸ਼ਚਿਤ ਕਰਦੇ ਸਮੇਂ ਗਜਟਿਡ ਛੁੱਟੀ ਅਤੇ ਐਤਵਾਰ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ। ਰਾਤ ਦੇ 9-9 ਵਜੇ ਤੱਕ ਚੱਲਦੀਆਂ ਮੀਟਿੰਗਾਂ ਕਾਰਨ ਮਹਿਲਾ ਅਧਿਆਪਕਾਵਾਂ ਅਤੇ ਛੋਟੇ ਬੱਚੇ ਵਾਲੀਆਂ ਅਧਿਆਪਕਾਵਾਂ ਬਹੁਤ ਦਬਾਅ ਵਿੱਚ ਹਨ। ਅਧਿਕਾਰੀਆਂ ਵੱਲੋਂ ਆਨ-ਲਾਈਨ ਮੀਟਿੰਗਾਂ ਵਿੱਚ ਦਿੱਤਾ ਜਾਂਦਾ ਕੰਮ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਸੇਧਾਂ ਦੇ ਅਨੁਕੂਲ ਨਾ ਹੋ ਕੇ ਬੱਚਿਆਂ ਅਤੇ ਅਧਿਆਪਕਾਂ ‘ਤੇ ਮਾਨਸਿਕ ਬੋਝ ਸਾਬਤ ਹੋ ਰਿਹਾ ਹੈ। ਜ਼ਮੀਨੀ ਹਕੀਕਤ ਨੂੰ ਦਰਕਿਨਾਰ ਕਰਦਿਆਂ ਹਰ ਅਧਿਕਾਰੀ ਅਧਿਆਪਕਾਂ ‘ਤੇ ਦਾਖਲੇ ਵਧਾਉਣ ਲਈ ਨਿੱਜੀ ਸੰਪਰਕ ਦਾ ਦਬਾਅ, ਮਿਡ-ਡੇ-ਮੀਲ ਦਾ ਅਨਾਜ ਅਤੇ ਕਿਤਾਬਾਂ ਦੀ ਵੰਡ ਘਰ-ਘਰ ਜਾ ਕੇ ਕਰਨੀ, ਹਰ ਵਿਦਿਆਰਥੀ ਦਾ ਆਨ ਲਾਈਨ ਬਾਈਓ ਮੰਥਲੀ ਟੈਸਟ ਲੈਣ ਦੇ ਬਹਾਨੇ ਘਰ-ਘਰ ਜਾ ਕੇ ਪ੍ਰਸ਼ਨ ਪੱਤਰ ਦੇਣ ਅਤੇ ਉੱਤਰ ਪੱਤਰੀਆਂ ਇਕੱਠੀਆਂ ਕਰਨ ਆਦਿ ਲਈ ਅਧਿਆਪਕ ਨੂੰ ਮਜਬੂਰ ਕੀਤਾ ਜਾ ਰਿਹਾ ਹੈ।
ਅਧਿਆਪਕਾਂ ਨੂੰ ਬਾਹਰ ਜਾਂਦੇ ਸਮੇਂ ਰਹਿੰਦਾ ਹੈ ਮੀਟਿੰਗਾਂ ਦਾ ਧਿਆਨ
ਇੱਕ ਅਧਿਆਪਕ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜ਼ੂਮ ਐਪ ਰਾਹੀਂ ਚੱਲ ਰਹੀਆਂ ਮੀਟਿੰਗਾਂ ਕਾਰਨ ਉਨ੍ਹਾਂ ਦਾ ਹਮੇਸ਼ਾ ਧਿਆਨ ਫੋਨ ਵਿੱਚ ਹੀ ਲੱਗਿਆ ਰਹਿੰਦਾ ਹੈ ਜੇਕਰ ਉਹ ਘਰੋਂ ਬਾਹਰ ਵੀ ਜਾਂਦੇ ਹਨ ਤਾਂ ਵੀ ਉਨ੍ਹਾਂ ਦੇ ਮਨ ਵਿੱਚ ਮੀਟਿੰਗ ਦਾ ਧੁੜਕੂ ਲੱਗਿਆ ਰਹਿੰਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਸਮਾਂ ਨਿਸ਼ਚਿਤ ਹੋਵੇ ਤਾਂ ਉਨ੍ਹਾਂ ਨੂੰ ਧਿਆਨ ਵਿੱਚ ਰਹੇਗਾ ਅਤੇ ਉਹ ਮੀਟਿੰਗ ਲਈ ਤਿਆਰ ਰਹਿਣਗੇ ਉਨ੍ਹਾਂ ਕਿਹਾ ਕਿ ਕਈ ਵਾਰ ਉਹ ਸਬਜ਼ੀ ਦੀ ਰੇਹੜੀ ਤੋਂ ਸਬਜ਼ੀ ਖਰੀਦ ਰਹੇ ਹੁੰਦੇ ਹਨ ਕਿ ਮੀਟਿੰਗ ਦੀ ਘੰਟੀ ਵੱਜ ਜਾਂਦੀ ਹੈ ਜਿਸ ਕਾਰਨ ਆਲੂ, ਟਮਾਟਰ ਰੇਹੜੀ ‘ਤੇ ਹੀ ਛੱਡ ਕੇ ਘਰੀਂ ਭੱਜਣਾ ਪੈਂਦਾ ਹੈ
ਆਨ ਲਾਈਨ ਮੀਟਿੰਗਾਂ ਸਹੀ ਤਰੀਕੇ ਨਾਲ ਚਲਾਈਆਂ ਜਾਣ : ਜੀ.ਟੀ.ਯੂ.
ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਗਲਵੱਟੀ, ਫਕੀਰ ਸਿੰਘ ਟਿੱਬਾ, ਬਲਵਿੰਦਰ ਸਿੰਘ ਭੁੱਕਲ, ਸਤਵੰਤ ਸਿੰਘ ਆਲਮਪੁਰ, ਸਰਬਜੀਤ ਸਿੰਘ ਪੁੰਨਾਵਾਲ ਅਤੇ ਗੁਰਜੰਟ ਕੌਹਰੀਆ ਨੇ ਆਨ ਲਾਈਨ ਮੀਟਿੰਗਾਂ ਨੂੰ ਵਿਧੀਵਤ ਢੰਗ ਨਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਦਿਨ-ਰਾਤ ਕੀਤੀਆਂ ਜਾ ਰਹੀਆਂ ਇਹਨਾਂ ਮੀਟਿੰਗਾਂ ਵਿੱਚ ਅਧਿਆਪਕਾਂ ‘ਤੇ ਦਾਖਲੇ ਵਧਾਉਣ ਦਾ ਦਬਾਅ ਪਾ ਕੇ ਉਹਨਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨਾ ਕੀਤਾ ਜਾਵੇ। ਕੋਰੋਨਾ ਮਹਾਂਮਾਰੀ ਵਿੱਚ ਵੱਖ-ਵੱਖ ਜਗ੍ਹਾਂ ਡਿਊਟੀ ਦੇ ਰਹੇ ਅਧਿਆਪਕਾਂ ਨੂੰ ਆਨ ਲਾਈਨ ਮੀਟਿੰਗਾਂ ਤੋਂ ਛੋਟ ਦੇਣ ਦੀ ਵੀ ਜਥੇਬੰਦੀ ਨੇ ਮੰੰਗ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ